ਪਰਾਲੀ ਸਾੜਨ ਵਾਲੇ ਕਿਸਾਨਾਂ ਪ੍ਰਤੀ ਸਰਕਾਰ ਸਖਤ, ਕੱਟੇ ਮੋਟੇ ਚਲਾਨ
Wednesday, Oct 30, 2019 - 11:30 AM (IST)
ਮੋਗਾ (ਗੋਪੀ ਰਾਊਕੇ, ਵਿਪਨ)–ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੋਗਾ ਵੱਲੋਂ ਜ਼ਿਲੇ 'ਚ ਪਰਾਲੀ ਸਾੜਣ ਵਾਲੇ ਕਿਸਾਨਾਂ ਦੇ ਚਲਾਨ ਕੱਟੇ ਗਏ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਖਤੂਪੁਰਾ ਦੇ ਕਿਸਾਨ ਰਾਮਬਖਸ਼ ਸਿੰਘ, ਹਰਭਜਨ ਸਿੰਘ ਅਤੇ ਕੋਕਰੀ ਬੁੱਟਰਾਂ ਦੇ ਕਿਸਾਨ ਗੁਰਦੇਵ ਸਿੰਘ, ਫਤਿਹਗੜ੍ਹ ਕੋਰੋਟਾਣਾ ਦੇ ਪ੍ਰੀਤਮ ਸਿੰਘ, ਰਾਮਾਂ ਪਿੰਡ ਦੇ ਕਿਸਾਨ ਜੀਤਾ ਸਿੰਘ ਅਤੇ ਸਿੰਘਾਂਵਾਲਾ ਦੇ ਕਿਸਾਨ ਸੁਖਵਿੰਦਰ ਸਿੰਘ ਜਿਹੜੇ ਕਿ ਦੋ ਜਾਂ ਦੋ ਤੋਂ ਘੱਟ ਏਕੜ ਜ਼ਮੀਨ ਦੇ ਮਾਲਕ ਹਨ, ਦੇ 2500-2500 ਰੁਪਏ ਦੇ ਚਲਾਨ ਕੀਤੇ ਗਏ, ਉਥੇ ਹੀ ਫਤਿਹਗੜ੍ਹ ਕੋਰੋਟਾਣਾ ਦੇ ਕਿਸਾਨ ਦਰਸ਼ਨ ਸਿੰਘ, ਨਵਪ੍ਰੀਤ ਸਿੰਘ, ਖੜਕੂ ਸਿੰਘ, ਸ਼ਿੰਦਰ ਸਿੰਘ, ਗੁਰਚਰਨ ਸਿੰਘ, ਜਿਨ੍ਹਾਂ ਕੋਲ 3 ਏਕੜ ਤੋਂ ਵੱਧ ਜ਼ਮੀਨ ਹੈ, ਨੂੰ 5-5 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ, ਜਦਕਿ ਮਹਿਰੋਂ ਪਿੰਡ ਦੇ ਕਿਸਾਨ ਗੁਰਦੇਵ ਸਿੰਘ ਅਤੇ ਰਾਮਾ ਪਿੰਡ ਦੇ ਕਿਸਾਨ ਦਰਸ਼ਨ ਸਿੰਘ, ਜੋ ਕਿ 5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਹਨ, ਦੇ 15-15 ਹਜ਼ਾਰ ਰੁਪਏ ਦੇ ਚਲਾਨ ਕੀਤੇ ਗਏ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਸੈਟੇਲਾਈਟ ਦੀ ਮਦਦ ਨਾਲ ਖੇਤੀਬਾੜੀ ਵਿਭਾਗ ਨੇ ਇਨ੍ਹਾਂ 13 ਪਰਾਲੀ ਸਾੜਣ ਵਾਲੇ ਕਿਸਾਨਾਂ ਦੀ ਸ਼ਨਾਖਤ ਕੀਤੀ। ਚਲਾਨ ਕੱਟਣ ਤੋਂ ਇਲਾਵਾ ਪਰਾਲੀ ਸਾੜਣ ਵਾਲੇ ਕਿਸਾਨਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਦੀ ਜ਼ਮੀਨ ਦੀ ਜਮ੍ਹਾਬੰਦੀ 'ਚ ਰੈੱਡ ਐਂਟਰੀ ਅਤੇ ਉਨ੍ਹਾਂ ਖਿਲਾਫ 188 ਤਹਿਤ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਣ ਦੀ ਬਜਾਇ ਇਸ ਦੇ ਸੁਚੱਜੇ ਪ੍ਰਬੰਧਨ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਕਿਹਾ ਤਾਂ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਸਾੜਣ ਦੇ ਮਾਮਲਿਆਂ 'ਤੇ ਸੈਟੇਲਾਈਟ ਵੱਲੋਂ ਬਾਜ ਅੱਖ ਰੱਖੀ ਜਾ ਰਹੀ ਹੈ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਣ 'ਤੇ ਕਿਸੇ ਵੀ ਕਿਸਾਨ ਨੂੰ ਬਖਸ਼ਿਆ ਨਹੀਂ ਜਾਵੇਗਾ।