ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰਕੇ ਕਿਸਾਨ ਗੁਰਮੁਖ ਸਿੰਘ ਬਣਿਆ ਹੋਰਨਾਂ ਲਈ ਮਿਸਾਲ

Wednesday, Oct 12, 2022 - 06:08 PM (IST)

ਮੋਗਾ (ਗੋਪੀ ਰਾਊਕੇ) : ਜ਼ਿਲ੍ਹਾ ਮੋਗਾ ਦੇ ਪਿੰਡ ਜੈ ਸਿੰਘ ਵਾਲਾ ਦੇ ਉਦਮੀ ਅਤੇ ਅਗਾਂਹ ਵਧੂ ਕਿਸਾਨ ਗੁਰਮੁਖ ਸਿੰਘ ਨੇ ਪਿਛਲੇ 5 ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਉੱਨਤ ਖੇਤੀ ਕਰਨ ਵਿਚ ਇਕ ਮਿਸਾਲ ਪੈਦਾ ਕੀਤੀ ਹੈ। ਕਿਸਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ 15 ਏਕੜ ਆਪਣੀ ਮਾਲਕੀ ਵਾਲੀ ਜ਼ਮੀਨ ਦੀ ਖੇਤੀ ਕਰਦਾ ਹੈ। ਉਸਨੇ ਦੱਸਿਆ ਕਿ ਉਹ 5 ਸਾਲਾਂ ਤੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ, ਕੁਆਲਿਟੀ ਦੇ ਬੀਜ ਅਤੇ ਖੇਤੀ ਮਸ਼ੀਨਰੀ ਸਬਸਿਡੀ ’ਤੇ ਪ੍ਰਾਪਤ ਕਰ ਕੇ ਖੇਤੀ ਧੰਦੇ ਅਤੇ ਹੋਰ ਸਹਾਇਕ ਧੰਦੇ ਅਪਣਾ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ ਅਤੇ ਉਹ ਖੇਤੀਬਾੜੀ ਵਿਭਾਗ ਵੱਲੋਂ ਮੁਨਾਫੇ ਵਾਲੀ ਅਤੇ ਵਾਤਾਵਰਣ ਪੱਖੀ ਖੇਤੀ ਨੂੰ ਅਪਨਾ ਕੇ ਪੂਰੀ ਤਰ੍ਹਾਂ ਸੰਤੁਸ਼ਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੋ ਸਟਬਲ ਬਰਨ ਸੂਬਾ ਬਣਾਉਣ ਦੀ ਮੁਹਿੰਮ ਵਿਚ ਕਿਸਾਨਾਂ ਨੂੰ ਪਰਾਲੀ ਨਾ ਸਾੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਗੁਰਮੁਖ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਕੇ, ਇਸ ਨੂੰ ਮਸ਼ੀਨਾਂ ਰਾਹੀਂ ਖੇਤਾਂ ਵਿਚ ਹੀ ਮਿਲਾਕੇ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ, ਜਿਸ ਨਾਲ ਖਾਦਾਂ ਦੀ ਖਪਤ ਅਤੇ ਖਰਚਾ ਘਟਦਾ ਹੈ ਅਤੇ ਮੁਨਾਫਾ ਵਧਦਾ ਹੈ। ਉੁਸਨੇ ਆਪਣੇ ਖੇਤ ਵਿਚ ਝੋਨੇ ਦੀ ਫਸਲ ਦੀ ਕਟਾਈ ਸੁਪਰ ਐੱਸ. ਐੱਮ. ਐੱਸ. ਸੰਯੁਕਤ ਕੰਬਾਇਨ ਨਾਲ ਕਰਵਾਈ ਹੈ। ਗੁਰਮੁਖ ਸਿੰਘ ਨੇ ਖੇਤੀਬਾੜੀ ਵਿਭਾਗ ਦੀਆਂ ਨਵੀਆਂ ਤਕਨੀਕਾਂ ਨਾਲ ਪੂਰੀ ਤਰ੍ਹਾਂ ਸੰਤੁਸ਼ਟੀ ਜ਼ਾਹਰ ਕੀਤੀ।

ਉਸ ਨੇ ਕਿਹਾ ਕਿ ਪਰਾਲੀ ਨਾ ਸਾੜਨ ਦੇ ਫਾਇਦਿਆਂ ਦਾ ਤਜ਼ਰਬਾ ਉਸਨੇ ਪਿਛਲੇ 5 ਸਾਲਾਂ ਤੋਂ ਖੁਦ ਦੇਖਿਆ ਹੈ। ਉਸਨੇ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਖੇਤੀਬਾੜੀ ਵਿਭਾਗ ਅਤੇ ਆਤਮਾ ਸਕੀਮ ਦੇ ਸੰਪਰਕ ਵਿਚ ਆਉਣ ਕਰ ਕੇ ਡੀ. ਏ. ਪੀ. ਦੀ ਖਪਤ ਝੋਨੇ ਦੀ ਫਸਲ ’ਤੇ ਬਿਲਕੁਲ ਬੰਦ ਕੀਤੀ ਹੈ ਅਤੇ ਯੂਰੀਏ ਦੀ ਵਰਤੋਂ ਵੀ ਕਾਫੀ ਘੱਟ ਕੀਤੀ ਹੈ। ਕਿਸਾਨ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਫਸਲ ਤੇ ਕੋਈ ਵੀ ਕੀੜੇਮਾਰ ਜਾਂ ਕੀਟਨਾਸ਼ਕ ਦਵਾਈ ਦੀ ਲੋੜ ਮਹਿਸੂਸ ਨਹੀਂ ਹੋਈ, ਇਹ ਕਿਸਾਨ ਪਰਾਲੀ ਨਾ ਸਾੜਨ ਅਤੇ ਘੱਟ ਖਾਦਾਂ ਦੀ ਵਰਤੋਂ ਕਰਨ ਕਰ ਕੇ ਸੁੱਧ ਵਾਤਾਵਰਣ ਨੂੰ ਬਹੁਤ ਵੱਡੀ ਦੇਣ ਦੇ ਰਿਹਾ ਹੈ। ਇਸ ਦੇ ਨਾਲ-ਨਾਲ ਬਿਨਾਂ ਸਪਰੇਅ ਕੀਤਿਆਂ ਘਰੇਲੂ ਬਗੀਚੀ ਵਿਚ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ। ਇਹ ਕਿਸਾਨ ਆਪਣੇ ਇਲਾਕੇ ਵਿਚ ਹੋਰ ਕਿਸਾਨਾਂ ਲਈ ਪ੍ਰੇਰਣਾ ਦੇਣ ਲਈ ਚਾਨਣ ਮੁਨਾਰਾ ਬਣਿਆ ਹੈ। ਕਿਸਾਨ ਗੁਰਮੁਖ ਸਿੰਘ ਨੇ ਜ਼ਿਲੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨਾਂ ਵਾਤਾਵਰਣ ਪੱਖੀ ਅਤੇ ਮੁਨਾਫੇ ਵਾਲੀ ਖੇਤੀ ਕਰਨ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕਿ ਪਰਾਲੀ ਨੂੰ ਸਾੜਨ ਦਾ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੀ ਹੁੰਦਾ ਹੈ ਤਾਂ ਸਾਨੂੰ ਇਸ ਨੂੰ ਸਾੜਨ ਦੀ ਜ਼ਰੂਰਤ ਹੀ ਕਿਉਂ ਹੈ।


Gurminder Singh

Content Editor

Related News