100 ਟਰਾਲੀਆਂ ਕਣਕ ਦੀਆਂ ਭਰ ਕੇ ਫਾਜ਼ਿਲਕਾ ਪੁੱਜੇ ਕਿਸਾਨ, ਹੜ੍ਹ ਪੀੜਤਾਂ ਨੂੰ  ਵੰਡਣਗੇ

Saturday, Sep 27, 2025 - 11:56 AM (IST)

100 ਟਰਾਲੀਆਂ ਕਣਕ ਦੀਆਂ ਭਰ ਕੇ ਫਾਜ਼ਿਲਕਾ ਪੁੱਜੇ ਕਿਸਾਨ, ਹੜ੍ਹ ਪੀੜਤਾਂ ਨੂੰ  ਵੰਡਣਗੇ

ਫਾਜ਼ਿਲਕਾ (ਵੈੱਬ ਡੈਸਕ, ਸੁਨੀਲ ਨਾਗਪਾਲ) : ਪੰਜਾਬ 'ਚ ਆਏ ਭਿਆਨਕ ਹੜ੍ਹਾਂ ਦਾ ਪਾਣੀ ਤਾਂ ਹੁਣ ਉਤਰ ਗਿਆ ਹੈ ਪਰ ਲੋਕਾਂ ਨੂੰ ਹੁਣ ਖਾਣ ਦੇ ਲਾਲੇ ਪੈ ਗਏ ਹਨ। ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਹੁਣ 100 ਟਰੈਕਟਰ-ਟਰਾਲੀਆਂ ਕਣਕ ਦੀਆਂ ਭਰ ਕੇ ਫਾਜ਼ਿਲਕਾ ਪੁੱਜੇ ਹਨ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ 9000 ਕਣਕ ਦੇ ਬੈਗ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪੱਧਰੀ ਜਨਰਲ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹਿਲੇ ਪੱਧਰ 'ਚ ਸੂਬਾ ਪੱਧਰੀ ਕਮੇਟੀ ਵਲੋਂ ਸਾਰੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ।

ਇਨ੍ਹਾਂ 'ਚ ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ ਜ਼ਿਲ੍ਹੇ 'ਚ ਬਿਆਸ ਦਾ ਇਲਾਕਾ, ਅਜਨਾਲਾ ਅਤੇ ਫਾਜ਼ਿਲਕਾ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹਨ। ਇਸ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਕਿ ਚਾਰ ਜ਼ਿਲ੍ਹੇ ਬਠਿੰਡਾ, ਮਾਨਸਾ, ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨਾਂ ਦੀਆਂ ਟੀਮਾਂ ਤਾਇਨਾਤ ਕਰਕੇ ਕਣਕ ਇਕੱਠੀ ਕੀਤੀ ਜਾਵੇਗੀ। ਇਸ ਤਹਿਤ ਕਰੀਬ ਇਕ ਹਜ਼ਾਰ ਪਿੰਡਾਂ 'ਚੋਂ 9 ਹਜ਼ਾਰ ਕਣਕ ਦੇ ਬੈਗ ਇਕੱਠੇ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਰਿਵਾਰ ਨੂੰ ਪ੍ਰਤੀ ਮੈਂਬਰ ਦੇ ਹਿਸਾਬ ਨਾਲ 40 ਕਿੱਲੋ ਦਾ ਇਕ ਕਣਕ ਦਾ ਬੈਗ ਦਿੱਤਾ ਜਾਵੇਗਾ ਅਤੇ ਹੁਣ 100 ਟਰੈਕਟਰ-ਟਰਾਲੀਆਂ ਕਣਕ ਦੇ ਬੈਗਾਂ ਦੀਆਂ ਭਰ ਕੇ ਲਿਆਏ ਹਾਂ। ਸਰਵੇ ਮੁਤਾਬਕ ਇਕ-ਇਕ ਘਰ ਤੱਕ ਪਹੁੰਚ ਕਰਕੇ ਇਹ ਕਣਕ ਮੁਹੱਈਆ ਕਰਵਾਈਆ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੀ ਸ਼ਿਫਟ 'ਚ 5 ਏਕੜ ਤੱਕ ਦੇ ਲੋਕਾਂ ਨੂੰ ਲਿਆ ਜਾਵੇਗਾ।


author

Babita

Content Editor

Related News