ਨਸ਼ਾ ਤਸਕਰੀ ਦਾ ਅਨੋਖਾ ਮਾਮਲਾ ; ਇਕ ਪੈਕਟ ਸਪਲਾਈ ਕਰਨ ਬਦਲੇ ਸਮੱਗਲਰ ਲੈਂਦਾ 10,000 ਰੁਪਏ

Monday, Mar 03, 2025 - 02:39 AM (IST)

ਨਸ਼ਾ ਤਸਕਰੀ ਦਾ ਅਨੋਖਾ ਮਾਮਲਾ ; ਇਕ ਪੈਕਟ ਸਪਲਾਈ ਕਰਨ ਬਦਲੇ ਸਮੱਗਲਰ ਲੈਂਦਾ 10,000 ਰੁਪਏ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਦੀ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਕ ਸਮੱਗਲਰ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ ਕਿ ਉਹ ਵਿਦੇਸ਼ ਬੈਠੇ ਤਸਕਰਾਂ ਦੇ ਇਸ਼ਾਰੇ ’ਤੇ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਹੈਰੋਇਨ ਦਾ ਇਕ ਪੈਕਟ ਸਪਲਾਈ ਕਰਨ ਲਈ ਉਹ 10 ਹਜ਼ਾਰ ਰੁਪਏ ਵਸੂਲਦਾ ਸੀ। 

ਇਸ ਸਬੰਧੀ ਗੁਰਦਾਸਪੁਰ ਪੁਲਸ ਹੈਡਕੁਆਟਰਜ਼ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਦੌਰਾਨ ਕਲਾਨੌਰ ਬਿਜਲੀ ਘਰ ਨੇੜੇ ਨਾਕਾਬੰਦੀ ਦੌਰਾਨ ਹਰੀਮਾਬਾਦ ਵੱਲੋਂ ਇਕ ਸਵਿਫਟ ਗੱਡੀ ’ਚ ਆ ਰਹੇ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 532 ਗ੍ਰਾਮ ਹੈਰੋਇਨ ਬਰਾਮਦ ਹੋਈ। 

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਹਿਚਾਣ ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਫੁੰਮਣ ਸਿੰਘ ਵਾਸੀ ਹਰੀਮਾਬਾਦ ਥਾਣਾ ਕੋਟਲੀ ਸੂਰਤ ਮੱਲੀ ਵਜੋਂ ਹੋਈ ਹੈ, ਜਿਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਕਤ ਮੁਲਜ਼ਮ ਦੇ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ ਗਿਆ। 

PunjabKesari

ਇਹ ਵੀ ਪੜ੍ਹੋ- ਡੱਲੇਵਾਲ ਦੇ ਮਰਨ ਵਰਤ ਦੇ 100ਵੇਂ ਦਿਨ ਦੇ ਮੱਦੇਨਜ਼ਰ ਕਿਸਾਨਾਂ ਨੇ 5 ਮਾਰਚ ਨੂੰ ਲੈ ਕੇ ਕਰ'ਤਾ ਵੱਡਾ ਐਲਾਨ

ਉਨ੍ਹਾਂ ਨੇ ਦੱਸਿਆ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਹ ਸਾਹਿਬ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਹਰੀਮਾਬਾਦ ਅਤੇ ਗੁਰਲਾਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਰੁਡਿਆਣਾ ਦੇ ਕਹਿਣ ਦੇ 'ਤੇ ਇਹ ਹੈਰੋਇਨ ਸਪਲਾਈ ਕਰਦਾ ਹੈ। ਉਹ ਦੋਵੇਂ ਇਸ ਮੌਕੇ ਅਮਰੀਕਾ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਕਹਿਣ ’ਤੇ ਹੀ ਉਹ ਅੰਮ੍ਰਿਤਸਰ ਤੋਂ ਹੈਰੋਇਨ ਲੈ ਕੇ ਆਇਆ ਸੀ। 

ਉਸ ਨੇ ਅੱਗੇ ਹੋਰ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਉਹ ਹੈਰੋਇਨ ਦਾ ਇੱਕ ਪੈਕਟ ਦਾਣਾ ਮੰਡੀ ਕਲਾਨੌਰ ਵਿਖੇ ਕਿਸੇ ਅਣਪਛਾਤੇ ਵਿਅਕਤੀ ਨੂੰ ਦੇਣ ਜਾ ਰਿਹਾ ਸੀ ਕਿ ਇਸ ਤੋਂ ਪਹਿਲਾਂ ਉਹ ਅਣਪਛਾਤੇ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ 'ਤੇ ਜਾ ਕੇ ਗੁਰਲਾਲ ਸਿੰਘ ਦੇ ਕਹਿਣ 'ਤੇ ਪੈਕਟ ਦੇ ਕੇ ਆਇਆ ਹੈ। 

ਉਕਤ ਮੁਲਜ਼ਮ ਦੀ ਉਮਰ ਕਰੀਬ 35 ਸਾਲ ਹੈ ਜੋ 10 ਹਜ਼ਾਰ ਰੁਪਏ ਲੈ ਕੇ ਦੱਸੀ ਗਈ ਥਾਂ 'ਤੇ ਹੈਰੋਇਨ ਲੈ ਕੇ ਜਾਂਦਾ ਸੀ ਅਤੇ ਉਥੇ ਪਹੁੰਚੇ ਬੰਦੇ ਨੂੰ ਦੇ ਦਿੰਦਾ ਸੀ। ਉਹ ਹੁਣ ਤੱਕ 11 ਪੈਕਟ ਹੈਰੋਇਨ ਦੇ ਸਪਲਾਈ ਕਰ ਚੁੱਕਿਆ ਹੈ, ਜਦਕਿ ਬਾਰ੍ਹਵਾਂ ਪੈਕਟ ਦੇਣ ਜਾ ਰਿਹਾ ਸੀ ਕਿ ਪੁਲਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਵਿਦੇਸ਼ ਬੈਠੇ ਤਸਕਰ ਗੁਰਲਾਲ ਖਿਲਾਫ਼ ਵੀ 4 ਪਰਚੇ ਦਰਜ ਹਨ। ਉਨਾਂ ਦੱਸਿਆ ਕਿ ਇਸ ਮਾਮਲੇ ਵਿਚ ਅਗਲੇਰੀ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ- ਸੱਜਰੀ ਵਿਆਹੀ ਨੇ ਸਹੁਰੇ ਘਰ ਆਉਣ ਦੇ ਹਫ਼ਤੇ ਬਾਅਦ ਹੀ ਚਾੜ੍ਹ'ਤਾ ਚੰਨ, ਜਾਣ ਤੁਸੀਂ ਵੀ ਕਰੋਗੇ 'ਤੌਬਾ-ਤੌਬਾ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News