ਲੁਧਿਆਣਾ : ਲੋਕਾਂ ਲਈ ਆਫਤ ਬਣੀ ਧੂੜ ਭਰੀ ਹਨ੍ਹੇਰੀ

04/21/2018 1:16:14 PM

ਲੁਧਿਆਣਾ (ਸਲੂਜਾ) : ਵੀਰਵਾਰ ਦੇਰ ਰਾਤ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਢਲਣ ਤੱਕ ਜ਼ਿਲਾ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਚੱਲੀ ਧੂੜ ਭਰੀ ਹਨ੍ਹੇਰੀ ਕਿਸਾਨਾਂ ਦੇ ਲਈ ਆਫਤ ਬਣ ਕੇ ਆਈ। ਸ਼ਾਰਟ-ਸਰਕਟ ਕਾਰਨ ਕਣਕ ਅਤੇ ਨਾੜ ਅੱਗ ਦੀ ਲਪੇਟ ਵਿਚ ਆਉਣ ਨਾਲ ਤਬਾਹ ਹੋ ਗਏ, ਜਿਸ ਨਾਲ ਕਿਸਾਨਾਂ ਨੂੰ 24 ਘੰਟਿਆਂ ਦੌਰਾਨ ਹੀ ਲੱਖਾਂ ਰੁਪਏ ਦਾ ਆਰਥਿਕ ਤੌਰ 'ਤੇ ਨੁਕਸਾਨ ਹੋ ਗਿਆ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਬਣਦੀ ਵਿਭਾਗੀ ਕਾਰਵਾਈ ਦੇ ਤਹਿਤ ਸਾਰੀ ਰਿਪੋਰਟ ਜ਼ਿਲੇ ਦੇ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਨੂੰ ਸੌਂਪਦੇ ਹੋਏ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਪੁਰਜ਼ੋਰ ਸਿਫਾਰਸ਼ ਕਰ ਦਿੱਤੀ ਹੈ।
ਜੇਕਰ ਅਸੀਂ ਨਗਰ ਲੁਧਿਆਣਾ ਦੀ ਗੱਲ ਕਰੀਏ ਤਾਂ ਇਸ ਧੂੜ ਭਰੀ ਹਨੇਰੀ ਨਾਲ ਸਮੁੱਚਾ ਜਨ ਜੀਵਨ ਤਹਿਸ-ਨਹਿਸ ਹੋ ਕੇ ਰਹਿ ਗਿਆ। ਹਾਲਾਤ ਇਹ ਸਨ ਕਿ ਦੋਪਹੀਆ ਵਾਹਨ ਚਲਾ ਸਕਣਾ ਮੁਸ਼ਕਲ ਹੋ ਰਿਹਾ ਸੀ। ਹਰ ਕੋਈ ਆਪਣੀਆਂ ਅੱਖਾਂ ਮਲਦਾ ਹੀ ਨਜ਼ਰ ਆ ਰਿਹਾ ਸੀ। ਸਥਾਨਕ ਨਗਰ ਦੇ ਕੁਝ ਹਿੱਸਿਆਂ ਵਿਚ ਬੂੰਦਾ-ਬਾਂਦੀ ਹੋਈ। ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 36.4 ਅਤੇ ਘੱਟੋ ਘੱਟ 24 ਡਿਗਰੀ ਸੈਲਸੀਅਸ ਰਿਹਾ। ਸਵੇਰ ਅਤੇ ਸ਼ਾਮ ਨੂੰ ਹਵਾ ਵਿਚ ਨਮੀ ਦੀ ਮਾਤਰਾ 41 ਫੀਸਦੀ ਰਿਕਾਰਡ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ 30 ਤੱਕ ਵੱਧ ਤੋਂ ਵੱਧ ਤਾਪਮਾਨ ਵਿਚ ਅਜੇ ਉਛਾਲ ਨਹੀਂ ਆਵੇਗਾ ਪਰ ਇਸ ਤੋਂ ਬਾਅਦ ਗਰਮੀ ਆਪਣੇ ਰੰਗ ਵਿਚ ਪਰਤ ਆਵੇਗੀ ਅਤੇ ਵੱਧ ਤੋਂ ਵੱਧ ਤਾਪਮਾਨ ਇਸ ਵਾਰ ਨਵੇਂ ਰਿਕਾਰਡ ਵੀ ਬਣਾ ਸਕਦਾ ਹੈ।


Related News