ਮੈਡੀਕਲ ਸਟੋਰਾਂ ਦੇ ਮਾਲਕ ਉੱਤਰੇ ਸੜਕਾਂ ’ਤੇ ਸਟੋਰ ਬੰਦ ਰੱਖ ਕੇ ਕੀਤਾ ਰੋਸ ਮੁਜ਼ਾਹਰਾ

Tuesday, Jul 31, 2018 - 01:34 AM (IST)

ਮੈਡੀਕਲ ਸਟੋਰਾਂ ਦੇ ਮਾਲਕ ਉੱਤਰੇ ਸੜਕਾਂ ’ਤੇ ਸਟੋਰ ਬੰਦ ਰੱਖ ਕੇ ਕੀਤਾ ਰੋਸ ਮੁਜ਼ਾਹਰਾ

ਰੂਪਨਗਰ, (ਕੈਲਾਸ਼)- ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਦੀ ਆਡ਼ ਹੇਠ ਕੈਮਿਸਟਾਂ ’ਤੇ ਲਾਗੂ ਕੀਤੀਆਂ ਜਾ ਰਹੀਆਂ ਕਾਰੋਬਾਰ ਵਿਰੋਧੀਆਂ ਨੀਤੀਆਂ ਦੇ ਕਾਰਨ ਅੱਜ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਜ਼ਿਲਾ ਰੂਪਨਗਰ ਦੇ ਸਮੂਹ ਕੈਮਿਸਟਾਂ ਨੇ ਰੋਸ ਵਜੋਂ ਆਪਣਾ ਕੰਮਕਾਜ ਠੱਪ ਰੱਖ ਕੇ ਹਡ਼ਤਾਲ ਕੀਤੀ। 
ਜ਼ਿਲੇ ਦੇ ਸਾਰੇ ਕੈਮਿਸਟ ਰੂਪਨਗਰ ਜ਼ਿਲਾ ਕੈਮਿਸਟ ਐਸੋਸੀਏਸ਼ਨ (ਆਰ.ਡੀ.ਸੀ.ਏ.) ਦੇ ਪ੍ਰਧਾਨ ਸੁਦਰਸ਼ਨ ਚੌਧਰੀ ਅਤੇ ਜਨਰਲ ਸਕੱਤਰ ਰਜਿੰਦਰ ਜੱਗੀ ਦੀ ਅਗਵਾਈ ਹੇਠ ਸਥਾਨਕ ਬਾਈਪਾਸ ’ਤੇ ਸਥਿਤ ਇਕ ਹੋਟਲ ’ਚ ਇਕੱਠੇ ਹੋਏ। ਇਸ ਮੌਕੇ ਸਮੂਹ ਕੈਮਿਸਟਾਂ ਵੱਲੋਂ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ  ਨਾਅਰੇਬਾਜ਼ੀ ਕੀਤੀ ਗਈ। ਜਦੋਂ ਕਿ  ਸਥਾਨਕ ਬੇਲਾ ਚੌਕ ਤੋਂ ਲੈ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਰੋਸ ਮਾਰਚ ਕੱਢਿਆ ਗਿਆ। ਕੈਮਿਸਟਾਂ ਨੇ ਕਾਲੀਆਂ ਝੰਡੀਆਂ ਅਤੇ ਬੈਨਰਾਂ ਨਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲੇ ਅਧੀਨ ਪੈਂਦੇ ਯੂਨਿਟ ਰੂਪਨਗਰ ਦੇ ਪ੍ਰਧਾਨ ਸੰਜੇ ਮਲਹੋਤਰਾ, ਜਨਰਲ ਸਕੱਤਰ ਕਮਲਸ਼ੀਲ ਕਥੂਰੀਆ, ਮੋਰਿੰਡਾ ਪ੍ਰਧਾਨ ਬਚਨ ਲਾਲ ਵਰਮਾ, ਸਕੱਤਰ ਹਰਸ਼ ਕੋਹਲੀ, ਨੂਰਪੁਰਬੇਦੀ ਤੋਂ ਪ੍ਰਧਾਨ ਮੋਹਨ ਚਾਂਦਲਾ, ਘਨੌਲੀ ਪ੍ਰਧਾਨ ਸੁਰੇਸ਼ ਕੁਮਾਰ, ਸਕੱਤਰ ਦਲਜੀਤ ਸੈਣੀ, ਚਮਕੌਰ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਮੋਟੂ, ਸਕੱਤਰ ਲਖਵੀਰ ਸਿੰਘ, ਨੰਗਲ ਦੇ ਪ੍ਰਧਾਨ ਰਮਨ ਕੁਮਾਰ ਆਦਿ ਸ਼ਾਮਲ ਹੋਏ। 
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)-ਜ਼ਿਲਾ ਕੈਮਿਸਟ ਯੂਨੀਅਨ ਨੇ ਅੱਜ ਨਸ਼ੇ ਦੀ ਆਡ਼ ਵਿਚ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ਵਿਚ ਚੰਡੀਗੜ੍ਹ ਚੌਕ ਵਿਚ ਚੱਕਾ ਜਾਮ ਕਰ ਕੇ ਭਾਰੀ ਗੁੱਸੇ ਦਾ ਇਜ਼ਹਾਰ ਕੀਤਾ। ਇਸ ਦੌਰਾਨ ਕੈਮਿਸਟ ਯੂਨੀਅਨ ਨੇ ਅੱਜ ਦਿਨ ਭਰ ਅਾਪਣੇ ਕਾਰੋਬਾਰ ਬੰਦ ਰੱਖੇ। ਕੈਮਿਸਟਾਂ ਦੇ ਵਫਦ ਨੇ ਡਿਪਟੀ ਕਮਿਸ਼ਨ ਨੂੰ ਇਕ ਮੰਗ ਪੱਤਰ ਵੀ ਦਿੱਤਾ। 
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਮੇਸ਼ ਪੁਰੀ ਅਤੇ ਜਨਰਲ ਸਕੱਤਰ ਸਤਨਾਮ ਪਨੇਸਰ ਨੇ ਕਿਹਾ ਕਿ ਪੰਜਾਬ ਸਰਕਾਰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਭਰ ਦੇ ਮੈਡੀਕਲ ਸਟੋਰ ਚਲਾ ਰਹੇ ਕਰੀਬ 25 ਹਜ਼ਾਰ ਕੈਮਿਸਟਾਂ ਨੂੰ ਤੰਗ ਪ੍ਰੇਸ਼ਾਨ ਕਰਨ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰਾਂ ਦੇ ਨਾਲ ਜੁਡ਼ੇ ਕਰੀਬ 1 ਲੱਖ ਪਰਿਵਾਰਾਂ ਤੋਂ ਰੋਜ਼ੀ ਰੋਟੀ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਵਾਈਆਂ ਵੇਚਣ ਦੀ ਆਨਲਾਈਨ ਲਾਈਸੈਂਸ ਹੀ ਅਸਲ ਵਿਚ ਸਮਾਜ ਵਿਚ ਵੱਧਦੇ ਨਸ਼ਿਅਾਂ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀ ਦਵਾਈਆਂ ਜਿਹਡ਼ੀਆਂ ਐੱਨ.ਡੀ.ਪੀ.ਐੱਸ. ਦੇ ਘੇਰੇ ਵਿਚ ਆਉਂਦੀਅਾਂ ਹਨ , ਆਨ ਲਾਈਨ ਉਪਲੱਬਧ ਹੈ। ਉੁਨ੍ਹਾਂ ਮੈਡੀਕਲ ਸਟੋਰਾਂ ਨੂੰ ਪੁਲਸ ਵੱਲੋਂ ਚੈੱਕ ਕੀਤੇ ਜਾਣ ਨੂੰ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਕਿਹਾ ਕਿ ਇਸਦਾ ਅਧਿਕਾਰ ਕੇਵਲ ਡਰੱਗ ਇੰਸਪੈਕਟਰ ਦੇ ਕੋਲ ਹੈ। ਇਸ ਮੌਕੇ  ਸੰਜੀਵ ਪੂਰੀ, ਰਵਿੰਦਰ ਗੌਤਮ, ਤਰੁਣ ਅਰੋਡ਼ਾ, ਅਨਿਲ ਬਾਲੀ, ਹੈਪੀ ਬਾਲੀ, ਕੁਲਦੀਪ ਮੱਲੀ, ਵਿਪਨ ਸ਼ਰਮਾ, ਯਸ਼ ਵਿਜ, ਗੁਰਨਾਮ ਸਿੰਘ ਚਾਹਲ, ਨਰੇਸ਼ ਸ਼ਰਮਾ, ਬਲਦੇਵ ਸਿੰਘ, ਸਤੀਸ਼ ਕੁਮਾਰ, ਐੱਸ.ਕੇ. ਜੈਨ, ਦਵਿੰਦਰ, ਪੰਕਜ, ਸੰਨੀ, ਸੁਰੇਸ਼ ਕੁਮਾਰ, ਕੁਲਦੀਪ ਸਿੰਘ ਅਤੇ ਕੈਲਾਸ਼ ਹਾਜ਼ਰ ਸਨ।PunjabKesariਹਡ਼ਤਾਲ ਦਾ ਖਮਿਆਜ਼ਾ ਭੁਗਤਣਾ ਪਿਆ ਮਰੀਜ਼ਾਂ ਨੂੰ
ਜ਼ਿਲਾ ਰੂਪਨਗਰ ਦੇ ਸਮੂਹ ਕੈਮਿਸਟਾਂ ਵੱਲੋਂ ਕੀਤੀ ਗਈ ਹਡ਼ਤਾਲ ਦੇ ਕਾਰਨ ਦਵਾਈ ਦੀਆਂ ਸਮੂਹ ਦੁਕਾਨਾਂ ਬੰਦ ਰਹਿਣ ਦੇ ਕਾਰਨ ਅੱਜ ਸਿਵਲ ਹਸਪਤਾਲ ਅਤੇ ਸ਼ਹਿਰ ’ਚ ਦਰਜਨਾਂ ਨਿੱਜੀ ਹਸਪਤਾਲਾਂ ਨੂੰ ਆਉਣ ਵਾਲੇ ਮਰੀਜ਼ਾਂ ਨੂੰ ਦਵਾਈਆਂ ਲੈਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 
ਆਨਲਾਈਨ ਫਾਰਮੇਸੀ ਰਾਹੀਂ ਹੋ ਰਹੀ ਹੈ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ : ਜੱਗੀ
 ਇਸ ਮੌਕੇ ਰਜਿੰਦਰ ਜੱਗੀ ਨੇ ਸੰਬੋਧਨ ਕਰਦੇ ਕਿਹਾ ਕਿ ਆਨਲਾਈਨ ਫਾਰਮੇਸੀ ਵੀ ਕੈਮਿਸਟਾਂ ਲਈ ਬਦਨਾਮੀ ਦਾ ਕਾਰਨ ਬਣ ਰਹੀ ਹੈ, ਕਿਉਂਕਿ ਆਨਲਾਈ ਫਾਰਮੇਸੀ ਤੋਂ ਪਾਬੰਦੀਸ਼ੁਦਾ ਦਵਾਈਆਂ ਵੀ ਮੰਗਵਾਈਆਂ ਜਾਂਦੀਆਂ ਹਨ। ਜੱਗੀ ਨੇ ਕਿਹਾ ਕਿ ਡਰੱਗ ਵਿਭਾਗ ਨੇ ਪਹਿਲਾਂ ਹੀ 6 ਪ੍ਰਕਾਰ ਦੀਆਂ ਦਵਾਈਆਂ ਦੀ ਵਿਕਰੀ ’ਤੇ ਪਾਬੰਦੀ ਲਾਈ ਹੋਈ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਕੋਹਲੀ, ਕੈਲਾਸ਼ ਆਹੂਜਾ, ਅਭਿਜੀਤ ਆਹੂਜਾ, ਗੁਰਚਰਨ ਸਿੰਘ, ਮਨਜੀਤ ਸਿੰਘ,  ਰਣਦੀਪ ਗੁਪਤਾ, ਸੁਰਿੰਦਰ ਮਹਿਤਾ, ਗੁਲਸ਼ਨ ਆਹੂਜਾ, ਪ੍ਰਸ਼ੋਤਮ ਦਾਸ, ਲਛਮਣ ਦਾਸ, ਅਮਨ ਭਨੋਟ ਮੋਰਿੰਡਾ ਅਤੇ ਵੱਖ-ਵੱਖ ਯੂਨਿਟਾਂ ਦੇ ਮੈਂਬਰ ਮੌਜੂਦ ਸਨ।
24 ਹਜ਼ਾਰ ਕੈਮਿਸਟਾਂ ਦਾ ਕਾਰੋਬਾਰ ਤਬਾਹ ਹੋਣ ਦੀ ਕਗਾਰ ’ਤੇ : ਚੌਧਰੀ
ਇਸ ਮੌਕੇ ਬੋਲਦੇ ਹੋਏ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਕਰੀਬ 24 ਹਜ਼ਾਰ ਕੈਮਿਸਟ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਦੇ ਕੋਨੇ-ਕੋਨੇ ’ਚ ਆਪਣੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ ਪਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਕਾਰਨ ਉਨ੍ਹਾਂ ਦਾ ਕਾਰੋਬਾਰ ਤਬਾਹ ਹੋਣ ਦੀ ਕਗਾਰ ’ਤੇ ਪਹੁੰਚ ਚੁੱਕਾ ਹੈ। PunjabKesari
ਅਗਲੀ ਰਣਨੀਤੀ ਜਲਦ ਹੋਵੇਗੀ ਤਿਆਰ
 ਇਸ ਸਬੰਧ ’ਚ ਸੁਦਰਸ਼ਨ ਚੌਧਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਅੱਜ ਦੀ ਹਡ਼ਤਾਲ ਤੋਂ ਬਾਅਦ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਦੀ ਸੂਰਤ ’ਚ ਸਮੂਹ ਕੈਮਿਸਟਾਂ ਵੱਲੋਂ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਸਰਕਾਰ ਨੂੰ ਸੌਂਪੀਆਂ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਬੀਤੇ ਦਿਨੀਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਭਰੋਸਾ ਤੋਂ ਬਾਅਦ ਪੀ.ਸੀ.ਏ. ਵੱਲੋਂ ਉਕਤ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।  ਜੇਕਰ ਸਰਕਾਰ ਨੇ ਫਿਰ ਵੀ ਟਾਲਮਟੋਲ ਦੀ ਨੀਤੀ ਬਣਾਈ ਅਤੇ ਕੈਮਿਸਟਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਤਾਂ ਪੀ.ਸੀ.ਏ. ਵੱਲੋਂ ਜਲਦ ਹੀ ਰਣਨੀਤੀ ਤਿਆਰ ਕੀਤੀ ਜਾਵੇਗੀ। 
 ਰੂਪਨਗਰ ਨੂੰ ਐਲਾਨਿਆ ਜਾਵੇ ਡਰੱਗ ਮੁਕਤ ਜ਼ਿਲਾ 
ਇਸ ਸਬੰਧੀ ਜਦੋਂ ਐਸੋਸੀਏਸ਼ਨ ਦੇ ਵਫਦ ਡਿਪਟੀ ਕਮਿਸ਼ਨਰ ਨੂੰ ਆਪਣਾ ਮੰਗ ਪੱਤਰ ਦੇ ਰਿਹਾ ਸੀ ਤਾਂ ਸੁਦਰਸ਼ਨ ਚੌਧਰੀ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਡਰੱਗ ਵਿਭਾਗ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਕੈਮਿਸਟਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਕੈਮਿਸਟ ਕੋਲੋਂ ਪਾਬੰਦੀਸ਼ੁਦਾ ਦਵਾਈ ਬਰਾਮਦ ਨਹੀਂ ਕੀਤੀ ਗਈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਦੇ ਕਿਹਾ ਕਿ ਉਨ੍ਹਾਂ ਦੇ ਜ਼ਿਲੇ  ਨੂੰ ਨਸ਼ਾ ਮੁਕਤ ਜ਼ਿਲਾ ਐਲਾਨਿਆ ਜਾਵੇ। 
ਡੀ.ਸੀ. ਨੂੰ ਦਿੱਤਾ ਮੰਗ ਪੱਤਰ 
 ਇਸ ਸਬੰਧ ’ਚ ਜਦੋਂ ਕੈਮਿਸਟਾਂ ਦਾ ਰੋਸ ਮਾਰਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਮਿੰਨੀ ਸਕੱਤਰੇਤ ਪਹੁੰਚਿਆ ਤਾਂ ਉਨ੍ਹਾਂ ਨੂੰ ਕੈਮਿਸਟਾਂ ਦੀ ਗਿਣਤੀ ਵੱਧ ਹੋਣ ਕਾਰਨ ਗੇਟ ’ਤੇ ਹੀ ਰੋਕ ਲਿਆ ਗਿਆ ਅਤੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਖੁਦ ਗੇਟ ’ਤੇ ਆਏ ਅਤੇ ਕੈਮਿਸਟਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਕੈਮਿਸਟਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ। 


Related News