ਬਾਲ ਮਜ਼ਦੂਰੀ ਰੋਕਣ ਲਈ ਜ਼ਿਲਾ ਪੱਧਰੀ ਟਾਸਕ ਫੋਰਸ ਨੇ ਕੀਤੀ ਜੈਤੋ ''ਚ ਚੈਕਿੰਗ

Friday, Jun 23, 2017 - 07:37 AM (IST)

ਜੈਤੋ (ਗੁਰਤੇਜ, ਜਿੰਦਲ) - ਜ਼ਿਲਾ ਫਰੀਦੋਕਟ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਵੱਲੋਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਬੱਚਿਆਂ (14 ਸਾਲਾਂ ਤੋਂ ਘੱਟ ਉਮਰ) ਤੋਂ ਬਾਲ ਮਜ਼ਦੂਰੀ ਨਾ ਕਰਵਾਉਣ ਅਤੇ ਉਨ੍ਹਾਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਬਣਾਈ ਗਈ ਜ਼ਿਲਾ ਪੱਧਰੀ ਟਾਸਕ ਫ਼ੋਰਸ ਵੱਲੋਂ ਐੱਸ. ਡੀ. ਐੱਮ. ਜੈਤੋ ਡਾ. ਮਨਦੀਪ ਕੌਰ ਦੀ ਯੋਗ ਅਗਵਾਈ 'ਚ ਜੈਤੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਾਂ, ਰੈਸਟੋਰੈਂਟਾਂ ਅਤੇ ਢਾਬਿਆਂ ਦੀ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਜੈਤੋ ਸ਼ਹਿਰ ਅੰਦਰ ਬਾਲ ਮਜ਼ਦੂਰੀ ਕਰਵਾਏ ਜਾਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਸ ਮੌਕੇ ਛੋਟੀ ਉਮਰ ਦੇ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਏ ਜਾਣ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਐੱਸ. ਡੀ. ਐੱਮ. ਜੈਤੋ ਡਾ. ਮਨਦੀਪ ਕੌਰ ਅਤੇ ਤਹਿਸੀਲਦਾਰ ਜੈਤੋ ਅੰਮ੍ਰਿਤ ਲਾਲ ਨੇ ਕਿਹਾ ਕਿ 14 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣਾ ਗੈਰ-ਕਾਨੂੰਨੀ ਹੈ। ਉਨ੍ਹਾਂ ਦੁਕਾਨਦਾਰਾਂ ਅਤੇ ਮਾਪਿਆਂ ਨੂੰ ਅਗਾਹ ਕਰਦਿਆਂ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣ ਦੀ ਬਜਾਏ ਉਨ੍ਹਾਂ ਨੂੰ ਪੜ੍ਹਨ ਲਈ ਸਕੂਲ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਪੜ੍ਹ-ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।
 ਜ਼ਿਲਾ ਬਾਲ ਵਿਕਾਸ ਅਤੇ ਸੁਰੱਖਿਆ ਅਫ਼ਸਰ ਫਰੀਦਕੋਟ ਰਿਪਨਬੀਰ ਸਿੰਘ ਸਹੋਤਾ ਅਤੇ ਲੇਬਰ ਡਿਪਾਰਟਮੈਂਟ ਅਫ਼ਸਰ ਫਰੀਦਕੋਟ ਮੈਡਮ ਰਜਨੀ ਕਾਂਸਲ ਨੇ ਕਿਹਾ ਕਿ ਜੋ ਵੀ ਇਨਸਾਨ ਜਾਂ ਦੁਕਾਨਦਾਰ ਬਾਲ ਮਜ਼ਦੂਰੀ ਕਰਵਾਉਂਦਾ ਫੜਿਆ ਗਿਆ। ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ 14 ਸਾਲਾਂ ਤੋਂ ਘੱਟ ਉਮਰ ਦੇ ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਨਹੀਂ ਹਨ ਅਤੇ ਉਹ ਮਜ਼ਬੂਰੀ ਵੱਸ ਮਜ਼ਦੂਰੀ ਕਰਦੇ ਹਨ, ਨੂੰ ਰੈਸਕਿਊ ਕਰ ਕੇ ਬਾਲ ਘਰ ਭੇਜਿਆ ਜਾਵੇਗਾ।
     ਇਸ ਸਮੇਂ ਇਸ ਟਾਸਕ ਫ਼ੋਰਸ ਵਿਚ ਬੀ. ਡੀ. ਪੀ. ਓ. ਜੈਤੋ,  ਲੀਗਲ ਪ੍ਰਬੇਸ਼ਨਰੀ ਅਫ਼ਸਰ ਭੁਵਨੇਸ਼ ਕੁਮਾਰ, ਐੱਸ. ਐੱਚ. ਓ. ਥਾਣਾ ਜੈਤੋ ਸੁਨੀਲ ਕੁਮਾਰ ਸ਼ਰਮਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।


Related News