ਸ਼ੋਅਰੂਮ ’ਚ ਸੰਨ੍ਹ ਲਾ ਕੇ ਲੱਖਾਂ ਰੁਪਏ ਦੇ ਕੱਪੜੇ ਚੋਰੀ
Thursday, Aug 23, 2018 - 05:49 AM (IST)

ਲੁਧਿਆਣਾ, (ਰਿਸ਼ੀ)- ਥਾਣਾ ਸ਼ਿਮਲਾਪੁਰੀ ਦੇ ਇਲਾਕੇ ਏ. ਟੀ. ਆਈ. ਰੋਡ ’ਤੇ ਮੰਗਲਵਾਰ ਰਾਤ ਗਾਰਮੈਂਟਸ ਸ਼ੋਅਰੂਮ ’ਚ ਸੰਨ੍ਹ ਲਾ ਕੇ ਦਾਖਲ ਹੋਏ ਚੋਰ 12 ਲੱਖ ਦੀ ਕੀਮਤ ਦੇ ਕੱਪੜੇ ਅਤੇ ਇਲੈਕਟ੍ਰੋਨਿਕ ਸਾਮਾਨ ਲੈ ਗਏ। ਬੁੱਧਵਾਰ ਸਵੇਰੇ ਸ਼ੋਅਰੂਮ ਖੋਲ੍ਹਣ ’ਤੇ ਮਾਲਕ ਨੂੰ ਘਟਨਾ ਬਾਰੇ ਪਤਾ ਲੱਗਾ, ਜਿਸ ਦੇ ਬਾਅਦ ਮੌਕੇ ’ਤੇ ਪੁੱਜੀ ਪੁਲਸ ਜਾਂਚ ’ਚ ਜੁਟ ਗਈ।
ਜਾਣਕਾਰੀ ਦਿੰਦੇ ਨਿਊ ਜਨਤਾ ਨਗਰ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਫੈਬੀਆ ਲਾਈਫ ਸਟਾਈਲ ਨਾਮ ਦਾ ਗਾਰਮੈਂਟਸ ਸ਼ੋਅਰੂਮ ਹੈ। ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਰਾਤ 9.30 ਵਜੇ ਸ਼ੋਅਰੂਮ ਬੰਦ ਕਰ ਕੇ ਘਰ ਗਏ ਸਨ। ਸਵੇਰੇ 9 ਵਜੇ ਆ ਕੇ ਲਾਕ ਖੋਲ੍ਹੇ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਇਕ ਲੈਪਟਾਪ, ਇਕ ਟੈਬ, ਇਕ ਮੋਬਾਇਲ ਫੋਨ, ਗੱਲੇ ’ਚ ਪਿਆ 6 ਹਜ਼ਾਰ ਕੈਸ਼ ਅਤੇ ਲੱਖਾਂ ਦੀ ਕੀਮਤ ਦੇ ਕੱਪੜੇ ਲੈ ਗਏ।
ਮਾਲਕ ਅਨੁਸਾਰ ਸ਼ੋਅਰੂਮ ’ਚ 8 ਕੈਮਰੇ ਲੱਗੇ ਹੋਏ ਹਨ ਪਰ ਚੋਰੀ ਕਰ ਕੇ ਫਰਾਰ ਹੁੰਦੇ ਸਮੇਂ ਚੋਰ ਡੀ. ਵੀ. ਆਰ. ਉਤਾਰ ਕੇ ਆਪਣੇ ਨਾਲ ਲੈ ਗਏ, ਪਰ ਜਿਸ ਪਲਾਟ ’ਚੋਂ ਚੋਰ ਸ਼ੋਅਰੂਮ ’ਚ ਦਾਖਲ ਹੋਏ, ਪੁਲਸ ਨੇ ਉਥੋਂ ਡੀ. ਵੀ. ਆਰ. ਲੱਭ ਲਿਆ। ਜੋ ਝਾਡ਼ੀਆਂ ’ਚ ਸੁੱਟਿਆ ਹੋਇਆ ਸੀ। ਪੁਲਸ ਅਨੁਸਾਰ ਮੋਬਾਇਲ ਸਵਿੱਚ ਆਫ ਰਿਹਾ ਹੈ। ਪੁਲਸ ਫੋਨ ਦੀ ਆਖਰੀ ਲੁਕੇਸ਼ਨ ਕੱਢਵਾ ਰਹੀ ਹੈ।
ਇਕ ਹਫਤਾ ਪਹਿਲਾਂ ਆਏ ਗਾਹਕ ਬਣ ਕੇ
ਸ਼ੋਅਰੂਮ ’ਤੇ ਕੰਮ ਕਰਨ ਵਾਲੇ ਵਰਕਰ ਨਿਤਿਨ ਕੁਮਾਰ ਨੇ ਇਕ ਚੋਰ ਨੂੰ ਪਛਾਣ ਲਿਆ, ਉਸ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਉਕਤ ਚੋਰ ਉਨ੍ਹਾਂ ਕੋਲ ਗ੍ਰਾਹਕ ਬਣ ਕੇ ਆਇਆ ਸੀ ਅਤੇ ਕਾਫੀ ਸਮਾਂ ਸ਼ੋਅਰੂਮ ਵਿਚ ਹੀ ਬੈਠਾ ਰਿਹਾ। ਜਿਸ ਕਾਰਨ ਉਨ੍ਹਾਂ ਨੇ ਪਛਾਣ ਲਿਆ।
ਫੁਟੇਜ ’ਚ ਆਏ ਨੰਬਰ ਨਾਲ ਚੋਰਾਂ ਦੀ ਹੋਈ ਪਛਾਣ
ਥਾਣਾ ਇੰਚਾਰਜ ਦਵਿੰਦਰ ਸਿੰਘ ਅਨੁਸਾਰ ਫੁਟੇਜ ’ਚ ਪੁਲਸ ਨੂੰ ਆਟੋ ਦਾ ਨੰਬਰ ਮਿਲ ਗਿਆ, ਜਿਸ ਨਾਲ ਜਾਂਚ ਅੱਗੇ ਵਧਾਉਂਦੇ ਹੋਏ ਚੋਰਾਂ ਨੂੰ ਫਡ਼ਨ ਦਾ ਯਤਨ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਚੋਰਾਂ ਦੀ ਪਛਾਣ ਕਰ ਕੇ ਕੇਸ ਦਰਜ ਕਰ ਲਿਆ ਹੈ। ਚੋਰ ਡਾਬਾ ਇਲਾਕੇ ਦੇ ਰਹਿਣ ਵਾਲੇ ਹਨ।