ਫਾਇਨਾਂਸ ਕੰਪਨੀ ਦੇ ਮੁਲਾਜ਼ਮ ਵੱਲੋਂ 4 ਲੱਖ 48 ਹਜ਼ਾਰ ਚੋਰੀ
Tuesday, Jul 10, 2018 - 04:50 AM (IST)
ਮੋਗਾ, (ਅਾਜ਼ਾਦ)- ਜੀ. ਟੀ. ਰੋਡ ’ਤੇ ਸਥਿਤ (ਸੰਤਾ ਸਿੰਘ ਮਾਰਕੀਟ ’ਚ) ਮਿਡਲੈਂਡ ਮਾਈਕ੍ਰੋਫਿਨ ਲਿਮਟਿਡ ਫਾਇਨਾਂਸ ਕੰਪਨੀ ’ਚ ਕੰਮ ਕਰਦੇ ਇਕ ਮੁਲਾਜ਼ਮ ਵੱਲੋਂ ਹੀ ਸੇਫ ਦੇ ਤਾਲੇ ਭੰਨ ਕੇ 4 ਲੱਖ 48 ਹਜ਼ਾਰ 81 ਰੁਪਏ ਚੋਰੀ ਕਰ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਉਕਤ ਚੋਰੀ ਕੀਤੇ ਗਏ ਪੈਸਿਆਂ ਨੂੰ ਬਰਾਮਦ ਕਰ ਲਿਆ।
ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਬਬਲੂ ਪੁੱਤਰ ਨੇਮੀਚੰਦ ਨਿਵਾਸੀ ਪਿੰਡ ਬੇਤਨਾ ਭਰਤਪੁਰ (ਰਾਜਸਥਾਨ) ਹਾਲ ਅਾਬਾਦ ਨਾਨਕ ਨਗਰੀ ਮੋਗਾ ਦੀ ਸ਼ਿਕਾਇਤ ’ਤੇ ਮਨਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ ਨਿਵਾਸੀ ਪਿੰਡ ਗਾਦਰੀ ਵਾਲਾ (ਫਿਰੋਜ਼ਪੁਰ) ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਬਬਲੂ ਨੇ ਕਿਹਾ ਕਿ ਉਹ ਉਕਤ ਕੰਪਨੀ ’ਚ ਮੈਨੇਜਰ ਲੱਗਾ ਹੋਇਆ ਹੈ। ਸਾਡੀ ਕੰਪਨੀ ਪਿੰਡਾਂ ’ਚ ਔਰਤਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਛੋਟੇ ਉਦਯੋਗ ਲਈ ਕਰਜ਼ੇ ਦਿੰਦੀ ਹੈ ਅਤੇ ਕੰਪਨੀ ਦੇ ਮੁਲਾਜ਼ਮ 14 ਦਿਨਾਂ ਬਾਅਦ ਉਨ੍ਹਾਂ ਤੋਂ ਕਿਸ਼ਤਾਂ ਇਕੱਠੀਆਂ ਕਰਨ ਲਈ ਜਾਂਦੇ ਹਨ। ਸਾਡੇ ਮੁਲਾਜ਼ਮ ਰੋਜ਼ਾਨਾ ਦੀ ਤਰ੍ਹਾਂ ਪਿੰਡਾਂ ’ਚੋਂ ਪੈਸੇ ਇਕੱਤਰ ਕਰ ਕੇ ਦਫਤਰ ’ਚ ਜਮ੍ਹਾ ਕਰਵਾ ਦਿੰਦੇ ਹਨ ਅਤੇ ਜਿਸ ਨੂੰ ਸੇਫ ’ਚ ਸੁਰੱਖਿਅਤ ਰੱਖ ਦਿੱਤਾ ਜਾਂਦਾ ਹੈ। ਬੀਤੀ 6 ਜੁਲਾਈ, 2018 ਨੂੰ ਕੰਪਨੀ ’ਚ ਕੰਮ ਕਰਦੇ ਮੁਲਾਜ਼ਮਾਂ ਵੱਲੋਂ 4 ਲੱਖ 48 ਹਜ਼ਾਰ 81 ਰੁਪਏ ਪਿੰਡਾਂ ਤੋਂ ਇਕੱਠੇ ਕਰਨ ਤੋਂ ਬਾਅਦ ਜਮ੍ਹਾ ਕਰਵਾਏ ਗਏ ਸਨ, ਜਿਸ ਨੂੰ ਸੇਫ ’ਚ ਰੱਖ ਕੇ ਮੈਂ ਘਰ ਚਲਾ ਗਿਆ, ਜਦ ਮੈਂ ਸਵੇਰੇ ਆਇਆ ਤਾਂ ਦੇਖਿਆ ਕਿ ਮੇਰੇ ਕਮਰੇ ਦਾ ਦਰਵਾਜ਼ਾ ਟੁੱਟਾ ਹੋਇਆ ਸੀ, ਜਦ ਦਫਤਰ ਦਾ ਸਾਮਾਨ ਚੈੱਕ ਕੀਤਾ ਤਾਂ ਦਫਤਰ ’ਚ ਬਣੀ ਕੈਸ਼ ਵਾਲੀ ਸੇਫ ਵੀ ਉਥੇ ਨਹੀਂ ਸੀ।
ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚੈੱਕ ਕਰਨ ’ਤੇ ਮੈਂ ਦੇਖਿਆ ਕਿ ਮੁਲਾਜ਼ਮ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਉਥੇ ਸੇਫ ’ਚ ਪਏ 4 ਲੱਖ 48 ਹਜ਼ਾਰ 81 ਰੁਪਏ ਚੋਰੀ ਕਰ ਕੇ ਲੈ ਗਿਆ, ਜਿਸ ’ਤੇ ਮੈਂ ਆਪਣੇ ਉੱਚ ਅਧਿਕਾਰੀਆਂ ਤੇ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਣ ’ਤੇ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਉਕਤ ਰਕਮ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ।
