ਅਜੇ ਵੀ ਮਾਸਕ ਲਾਉਣ ਨੂੰ ਤਿਆਰ ਨਹੀਂ, ਨਿਯਮਾਂ ਸਬੰਧੀ ਸਲਾਹਾਂ ਦੇਣ ਵਾਲੇ

Friday, Aug 07, 2020 - 03:23 PM (IST)

ਅਜੇ ਵੀ ਮਾਸਕ ਲਾਉਣ ਨੂੰ ਤਿਆਰ ਨਹੀਂ, ਨਿਯਮਾਂ ਸਬੰਧੀ ਸਲਾਹਾਂ ਦੇਣ ਵਾਲੇ

ਸਮਰਾਲਾ (ਗਰਗ, ਬੰਗੜ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਵੱਧ ਰਹੇ ਪ੍ਰਕੋਪ ਨੇ ਜਦੋਂ ਤੋਂ ਸਮਰਾਲਾ ਇਲਾਕੇ ਵਿਚ ਇਕ ਨੌਜਵਾਨ ਦੀ ਜਾਨ ਲਈ ਹੈ, ਉਸ ਤੋਂ ਬਾਅਦ ਕੋਰੋਨਾ ਦੀ ਰਫ਼ਤਾਰ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਇਸ ਦੀ ਮਿਸਾਲ ਤਹਿਸੀਲਦਾਰ ਅਤੇ ਐੱਸ. ਡੀ. ਐੱਮ. ਦਫ਼ਤਰ ਦੇ ਬਹੁਤੇ ਸਟਾਫ਼ ਵੱਲੋਂ ਬਿਨਾਂ ਮਾਸਕ ਪਾਏ ਡਿਊਟੀ ਦੇਣ ਦੀਆਂ ਨਸ਼ਰ ਹੋਈਆਂ ਖ਼ਬਰਾਂ ਤੋਂ ਸਪੱਸ਼ਟ ਮਿਲਦੀ ਹੈ। ਕੋਰੋਨਾ ਨੂੰ ਲੈ ਕੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੀ ਹੱਦ ਉਦੋਂ ਹੋ ਜਾਂਦੀ ਹੈ, ਜਦੋਂ ਇਹ ਮਸਲਾ ਚਰਚਾ ਵਿਚ ਆਉਣ ਤੋਂ ਬਾਅਦ ਵੀ ਬਹੁਤੇ ਪ੍ਰਸ਼ਾਸਨਿਕ ਕਰਮਚਾਰੀ ਅੱਜ ਵੀ ਬਿਨਾਂ ਮਾਸਕ ਪਾਏ ਪੂਰੀ ਦਲੇਰੀ ਨਾਲ ਡਿਊਟੀ ਦਿੰਦੇ ਵੇਖੇ ਗਏ। ਆਪਣੀ ਅਤੇ ਦੂਜਿਆਂ ਦੀ ਜਾਨ ਜੋਖ਼ਮ ਵਿਚ ਪਾ ਕੇ ਇਸ ਤਰ੍ਹਾਂ ਡਿਊਟੀ ਦੇਣੀ ਸਰਕਾਰ ਦੇ ਮਿਸ਼ਨ ਫ਼ਤਿਹ ਨੂੰ ਵੱਡੀ ਢਾਹ ਲਾਉਣ ਵਾਲੀ ਗੱਲ ਹੈ। ਸਥਾਨਕ ਨਗਰ ਕੌਂਸਲ ਦਫ਼ਤਰ ਜਿਸ ਨੂੰ ਕੋਰੋਨਾ ਖਿਲਾਫ਼ ਮਿਸ਼ਨ ਫ਼ਤਿਹ ਦੀ ਵਾਂਗਡੋਰ ਸੰਭਾਲਦੇ ਹੋਏ ਸ਼ਹਿਰ ਅੰਦਰ ਜਾਗਰੂਕਤਾ ਫੈਲਾਉਣ ਅਤੇ ਹਦਾਇਤਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਇਸ ਦਫ਼ਤਰ ਦੀ ਜ਼ਮੀਨੀ ਹਕੀਕਤ ਅੱਜ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਪੱਤਰਕਾਰਾਂ ਵੱਲੋਂ ਵੇਖਿਆ ਗਿਆ ਕਿ ਦਫ਼ਤਰ ਦੇ ਅੰਦਰ ਬਹੁਤੇ ਕਰਮਚਾਰੀ ਬਿਨਾਂ ਮਾਸਕ ਤੋਂ ਪਬਲਿਕ ਡੀਲਿੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਮੋਹਾਲੀ 'ਚ 36 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਹੋਏ ਡਿਸਚਾਰਜ

PunjabKesari

ਕਰਮਚਾਰੀ ਨਹੀਂ ਕਰ ਰਹੇ ਨਿਯਮਾਂ ਦੀ ਪਾਲਣਾ 
ਦਫ਼ਤਰ ਅੰਦਰ ਕੰਮ ਕਰ ਰਹੇ ਕੁਝ ਕਰਮਚਾਰੀਆਂ ਵੱਲੋਂ ਮਾਸਕ ਪਾਇਆ ਹੀ ਨਹੀਂ ਗਿਆ ਸੀ ਅਤੇ ਕੁਝ ਕੁ ਵੱਲੋਂ ਮਹਿਜ਼ ਆਪਣੇ ਗਲ ਵਿਚ ਮਾਸਕ ਨੂੰ ਲਟਕਾ ਕੇ ਰੱਖਿਆ ਹੋਇਆ ਸੀ। ਇਸ ਤਰ੍ਹਾਂ ਦਫ਼ਤਰ ਦੇ ਬਾਹਰ ਡਿਊਟੀ ਦੇ ਰਹੇ ਕਰਮਚਾਰੀ ਵੀ ਬਿਨਾਂ ਮਾਸਕ ਤੋਂ ਸਨ। ਦਫ਼ਤਰ ਦੇ ਵਿਹੜੇ ਵਿਚ ਇੰਟਰਲਾਕ ਟਾਈਲਾਂ ਲਗਾ ਰਹੇ ਮਿਸਟਰੀ ਅਤੇ ਲੇਬਰ ਵੀ ਬਿਨਾਂ ਮਾਸਕ ਤੋਂ ਕੰਮ ਕਰ ਰਹੇ ਸਨ। ਇਥੋਂ ਤੱਕ ਕਿ ਦਫ਼ਤਰ ਦੇ ਮੁੱਖ ਗੇਟ 'ਤੇ ਬੈਠਾ ਕਰਮਚਾਰੀ ਵੀ ਮਾਸਕ ਨੂੰ ਗਲ ਵਿਚ ਲਮਕਾਈ ਬੈਠਾ ਸੀ। ਇਸ ਤੋਂ ਬਾਅਦ ਵੇਖਿਆ ਗਿਆ ਕਿ ਨਵੇਂ ਬਣੇ ਬੱਸ ਅੱਡੇ ਵਿਚ ਸਥਿਤ ਡਾਇਰ ਬ੍ਰਿਗੇਡ ਦੇ ਦਫ਼ਤਰ ਅੰਦਰ ਵੀ ਕਈ ਕਰਮਚਾਰੀ ਬਿਨਾਂ ਮਾਸਕ ਤੋਂ ਸਨ। ਨਗਰ ਕੌਂਸਲ ਲਈ ਢੋਆ-ਢੁਆਈ ਦਾ ਕੰਮ ਕਰਦੀ ਇਕ ਟਰਾਲੀ ਅਤੇ ਇਕ ਪਾਣੀ ਵਾਲੇ ਟੈਂਕਰ ਦਾ ਡਰਾਈਵਰ ਤੇ ਸਹਾਇਕ ਵੀ ਬਿਨਾਂ ਮਾਸਕ ਤੋਂ ਡਿਊਟੀ ਨਿਭਾ ਰਹੇ ਸਨ। ਨਗਰ ਕੌਂਸਲ ਦਫ਼ਤਰ ਦੀ ਹਦੂਦ ਅੰਦਰ ਬਣੇ ਸੇਵਾ ਕੇਂਦਰ ਦੇ ਕੁਝ ਕਰਮਚਾਰੀਆਂ ਵੱਲੋਂ ਵੀ ਬਿਨਾਂ ਮਾਸਕ ਪਹਿਨੇ ਪਬਲਿਕ ਡੀਲਿੰਗ ਕੀਤੀ ਜਾ ਰਹੀ ਸੀ। ਉੱਥੇ ਕੁਝ ਪਬਲਿਕ ਦੇ ਬੰਦੇ ਵੀ ਬਿਨਾਂ ਮਾਸਕ ਤੋਂ ਕੰਮ ਕਰਵਾਉਣ ਲਈ ਬੈਠੇ ਸਨ। ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਮਾਸਕ ਤੋਂ ਕੰਮ ਕਰਦਿਆਂ ਵੇਖ ਕੇ ਆਮ ਲੋਕ ਪ੍ਰਸ਼ਾਸਨ ਵੱਲੋਂ ਮਾਸਕ ਨਾ ਪਹਿਨਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਮੁਹਿੰਮ ਨੂੰ ਕੋਸ ਰਹੇ ਸਨ, ਜਿਨ੍ਹਾਂ ਦਾ ਕਹਿਣਾ ਸੀ ਕਿ ਗਰੀਬ ਲੋਕਾਂ ਤੋਂ ਕਾਰਵਾਈ ਹੇਠ ਜਬਰੀ ਜੁਰਮਾਨੇ ਵਸੂਲਣ ਵਾਲੇ ਇਹ ਅਧਿਕਾਰੀ ਆਪਣੇ ਦਫ਼ਤਰਾਂ ਵਿਚ ਖੁਦ ਕਾਨੂੰਨ ਦੀ ਪਾਲਣਾ ਕਿਉਂ ਨਹੀਂ ਕਰਦੇ।

ਇਹ ਵੀ ਪੜ੍ਹੋ : ਲੱਖਾਂ ਲਿਟਰ ਫੜ੍ਹੀ ਗਈ ਲਾਹਣ 'ਤੇ ਅਕਾਲੀ-ਭਾਜਪਾ ਨੇ ਚੁੱਕੇ ਸਵਾਲ

PunjabKesari

ਸਾਹ ਲੈਣ ਲਈ ਮਾੜਾ-ਮੋਟਾ ਮਾਸਕ ਥੱਲੇ ਕੀਤਾ ਹੋਵੇਗਾ : ਈ. ਓ.
ਮਾਸਕ ਪਹਿਨੇ ਬਗੈਰ ਪਬਲਿਕ ਡੀਲਿੰਗ ਕਰਨ ਵਾਲੇ ਕਰਮਚਾਰੀਆਂ ਦੇ ਸਬੰਧ ਵਿਚ ਜਦੋਂ ਨਗਰ ਕੌਂਸਲ ਸਮਰਾਲਾ ਦੇ ਈ. ਓ. ਜਸਵੀਰ ਸਿੰਘ ਨਾਲ ਉਨ੍ਹਾਂ ਦਾ ਪੱਖ ਜਾਨਣ ਲਈ ਗੱਲ ਕੀਤੀ ਗਈ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਉਂਝ ਤਾਂ ਸਾਡੇ ਦਫ਼ਤਰ ਦੇ ਸਾਰੇ ਕਰਮਚਾਰੀ ਮਾਸਕ ਪਹਿਨ ਕੇ ਰੱਖਦੇ ਹਨ ਪ੍ਰੰਤੂ ਹੋ ਸਕਦਾ ਕਿਸੇ ਨੇ ਮਾੜਾ-ਮੋਟਾ ਸਾਹ ਲੈਣ ਲਈ ਮਾਸਕ ਥੱਲੇ ਕੀਤਾ ਹੋਵੇ।


author

Anuradha

Content Editor

Related News