ਸੰਧਾਰਸੀ ਫੈਕਟਰੀ ਦੇ ਮੂਹਰੇ ਪੀੜਤਾਂ ਦੇ ਪਰਿਵਾਰਾਂ ਨੇ ਲਾਇਆ ਧਰਨਾ

Thursday, Feb 22, 2018 - 08:10 AM (IST)

ਘਨੌਰ/ਪਟਿਆਲਾ (ਅਲੀ, ਬਲਜਿੰਦਰ) - ਹਲਕਾ ਘਨੌਰ ਦੇ ਨੇੜਲੇ ਪਿੰਡ ਸੰਧਾਰਸੀ ਵਿਖੇ ਮਟਰ ਪ੍ਰੋਸੈਸਿੰਗ ਫੈਕਟਰੀ 'ਚ ਸਿਲੰਡਰ ਫਟਣ ਕਾਰਨ ਹੋਏ ਧਮਾਕੇ ਵਿਚ ਮਰੇ ਅਤੇ ਜ਼ਖਮੀ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਦੇ ਬੇਰੁੱਖੇ ਵਤੀਰੇ ਤੋਂ ਦੁਖੀ ਹੋ ਕੇ ਅੱਜ ਸੰਧਾਰਸੀ ਫੈਕਟਰੀ ਅੱਗੇ ਧਰਨਾ ਲਾ ਕੇ ਮੰਗ ਕੀਤੀ ਕਿ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਵਿਚੋਂ ਇਕ-ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤੇ ਜ਼ਖਮੀ ਹੋਏ ਵਿਅਕਤੀਆਂ ਦੇ ਮੁਫਤ ਇਲਾਜ ਦੇ ਨਾਲ-ਨਾਲ ਹਰ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਵੀ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਧਮਾਕੇ ਵਿਚ 3 ਵਿਅਕਤੀਆਂ ਦੀ ਮੌਤ ਤੇ 11 ਜ਼ਖਮੀ ਹੋ ਗਏ ਸਨ ਤੇ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਲਈ ਸਿਰਫ 1-1 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਸੀ। ਅੱਜ ਫੈਕਟਰੀ ਦੇ ਗੇਟ ਅੱਗੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਲਈ ਇਨ੍ਹਾਂ ਪਰਿਵਾਰਾਂ ਦੀ ਹਮਾਇਤ 'ਤੇ ਆਏ ਆਲ ਇੰਡੀਆ ਕਿਸਾਨ ਫੈੱਡਰੇਸ਼ਨ ਦੇ ਆਗੂਆਂ  ਨੇ ਕਿਹਾ ਕਿ ਸਰਕਾਰ ਇਨ੍ਹਾਂ ਪੀੜਤ ਪਰਿਵਾਰਾਂ ਨਾਲ ਘਟੀਆ ਵਿਵਹਾਰ ਕਰ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਵਾਪਰੇ ਹਾਦਸੇ ਦੀ ਹਾਈ ਕੋਰਟ ਦੇ ਰਿਟਾਰਡ ਜੱਜਾਂ ਕੋਲੋਂ ਨਿਆਇਕ ਜਾਂਚ ਕਰਵਾਈ ਜਾਵੇ।
'ਬਾਕੀ ਫੈਕਟਰੀਆਂ ਵੱਲ ਵੀ ਦੇਵੇ ਸਰਕਾਰ ਧਿਆਨ'
ਕਿਸਾਨ ਨੇਤਾਵਾਂ ਤੇ ਲੋਕਾਂ ਨੇ ਮੰਗ ਕੀਤੀ ਕਿ ਹਲਕਾ ਘਨੌਰ ਅੰਦਰ ਹੋਰ ਵੀ ਬਹੁਤ ਸਾਰੀਆਂ ਫੈਕਟਰੀਆਂ ਹਨ, ਇਸ ਲਈ ਸਰਕਾਰ ਜਾਗ ਕੇ ਇਨ੍ਹਾਂ ਵੱਲ ਧਿਆਨ ਦੇਵੇ। ਇਸ ਹਲਕੇ ਵਿਚ ਲੱਗੀਆਂ ਸਾਰੀਆਂ ਫੈਕਟਰੀਆਂ ਵਿਚ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ। ਸਰਕਾਰ ਵੱਲੋਂ ਇਨ੍ਹਾਂ ਗੱਲਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪਵਨ ਕੁਮਾਰ ਸੋਗਲਪੁਰ ਫੈੱਡਰੇਸ਼ਨ ਸਕੱਤਰ, ਜ਼ਿਲਾ ਪ੍ਰਧਾਨ ਇਕਬਾਲ ਸਿੰਘ ਮੰਡੋਲੀ, ਮਾਂਗਾ ਰਾਮ ਸੋਗਲਪੁਰ, ਕਾਲਾ ਸਿੰਘ ਸਾਬਕਾ ਸਰਪੰਚ ਬਘੋਰਾ, ਨਿੰਮਾ ਸਿੰਘ, ਪ੍ਰਕਾਸ਼ ਸਿੰਘ, ਰਣਜੀਤ ਸਿੰਘ, ਸਿਵਚਰਨ ਸੋਗਲਪੁਰ, ਮੋਹਨ ਲਾਲ, ਰਤਨ ਸਿੰਘ, ਮਨਿੰਦਰ ਸਿੰਘ, ਸੁਰਜੀਤ ਸਿੰਘ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ, ਸੁਖਰਾਜ ਸਿੰਘ ਆਦਿ ਹਾਜ਼ਰ ਸਨ।
ਫਾਇਰ ਬ੍ਰਿਗੇਡ ਸਹੂਲਤ ਦੇਣ ਦੀ ਮੰਗ
ਲੋਕਾਂ ਨੇ ਕਿਹਾ ਕਿ ਹਲਕੇ 'ਚ ਬਹੁਤ ਸਾਰੀਆਂ ਫੈਕਟਰੀਆਂ ਹੋਣ ਦੇ ਬਾਵਜੂਦ ਫਾਇਰ ਬ੍ਰਿਗੇਡ ਨਹੀਂ ਹੈ, ਇਸ ਲਈ ਸਰਕਾਰ ਨੂੰ ਤੁਰੰਤ ਘਨੌਰ 'ਚ ਫਾਇਰ ਬ੍ਰਿਗੇਡ ਦੀ ਗੱਡੀ ਤੇ ਸਪੈਸ਼ਲ ਸਟਾਫ ਨਿਯੁਕਤ ਕਰਨਾ ਚਾਹੀਦਾ ਹੈ।
ਫੈਕਟਰੀ ਦਾ ਮਾਲਕ ਯਸ਼ਪਾਲ ਸਿੰਗਲਾ ਗ੍ਰਿਫ਼ਤਾਰ
ਮਟਰ ਪ੍ਰੋਸੈਸਿੰਗ ਫੈਕਟਰੀ ਵਿਚ ਗੈਸ ਦੇ ਸਿਲੰਡਰ ਫਟਣ ਨਾਲ ਹੋਏ ਹਾਦਸੇ ਵਿਚ ਥਾਣਾ ਘਨੌਰ ਦੀ ਪੁਲਸ ਵੱਲੋਂ ਫੈਕਟਰੀ ਦੇ ਦੋਵੇਂ ਡਾਇਰੈਕਟਰਾਂ ਯਸ਼ਪਾਲ ਸਿੰਗਲਾ ਤੇ ਸਤੀਸ਼ ਸਿੰਗਲਾ ਸਮੇਤ ਕੁੱਲ 12 ਦੇ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਘਨੌਰ ਪੁਲਸ ਨੇ ਇਸ ਮਾਮਲੇ ਵਿਚ ਯਸ਼ਪਾਲ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਕੱਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਸੰਧਾਰਸੀ ਦੇ ਕੋਲ ਮਟਰ ਪ੍ਰੋਸੈਸਿੰਗ ਯੂਨਿਟ ਵਿਚ ਅਮੋਨੀਆ ਗੈਸ ਦੇ ਸਿਲੰਡਰ ਫਟਣ ਨਾਲ ਫੈਕਟਰੀ ਵਿਚ ਕੰਮ ਕਰ ਰਹੇ 3 ਮਜ਼ਦੂਰਾਂ ਦੀ ਮੌਤ ਹੋ ਗਈ  ਅਤੇ 11 ਜ਼ਖਮੀ ਹੋ ਗਏ ਸਨ। ਜ਼ਖਮੀਆਂ ਦਾ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੇ ਇਸ ਮਾਮਲੇ ਵਿਚ ਦੋਵੇਂ ਡਾਇਰੈਕਟਰਾਂ ਸਮੇਤ ਕੁੱਲ 12 ਦੇ ਖਿਲਾਫ 304, 336 ਅਤੇ 280 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਸੀ, ਜਿਸ ਵਿਚ ਯਸ਼ਪਾਲ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਬੰਧਤ ਅਧਿਕਾਰੀਆਂ ਖਿਲਾਫ ਹੋਵੇ ਕਾਰਵਾਈ
ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕਿ ਫੈਕਟਰੀ ਮਾਲਕਾਂ ਖਿਲਾਫ ਕਤਲ ਦਾ ਕੇਸ ਦਰਜ ਹੋਵੇ ਤੇ ਸਬੰਧਤ ਵਿਭਾਗ ਦੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਇਸ ਫੈਕਟਰੀ ਵਿਚ ਪਹਿਲਾਂ ਵੀ ਕਈ ਛੋਟੇ ਹਾਦਸੇ ਵਾਪਰ ਚੁੱਕੇ ਹਨ ਪਰ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਰਹੇ।


Related News