ਘਰਾਂ ਦੇ ਬਾਹਰੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ
Tuesday, Jul 03, 2018 - 07:10 AM (IST)

ਚੰਡੀਗੜ੍ਹ, (ਸੁਸ਼ੀਲ)- ਘਰਾਂ ਦੇ ਬਾਹਰ ਖੜ੍ਹੇ ਵਾਹਨ ਮਾਸਟਰ ਚਾਬੀ ਲਾ ਕੇ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਸ ਨੇ ਸੈਕਟਰ 14-15 ਦੀ ਸੜਕ 'ਤੇ ਨਾਕਾ ਲਾ ਕੇ ਦਬੋਚ ਲਿਆ। ਫੜੇ ਮੁਲਜ਼ਮਾਂ ਦੀ ਪਛਾਣ ਸੈਕਟਰ-45 ਨਿਵਾਸੀ ਰਾਮ ਜਨਮ, ਸੈਕਟਰ-25 ਨਿਵਾਸੀ ਨਿਸ਼ਾਂਤ ਉਰਫ ਜਲੇਬੀ ਅਤੇ ਦੋ ਨਾਬਾਲਗਾਂ ਦੇ ਤੌਰ 'ਤੇ ਹੋਈ। ਪੁਲਸ ਨੇ ਚੋਰ ਗਿਰੋਹ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ 6 ਵਾਹਨ ਬਰਾਮਦ ਕੀਤੇ ਹਨ ਜਿਨ੍ਹਾਂ 'ਚ ਇਕ ਕਾਰ, ਤਿੰਨ ਐਕਟਿਵਾ ਅਤੇ ਦੋ ਬਾਈਕ ਸ਼ਾਮਲ ਹਨ।
ਪੁਲਸ ਨੇ ਦੱਸਿਆ ਕਿ ਨਿਸ਼ਾਂਤ ਖਿਲਾਫ ਸੈਕਟਰ-34 ਥਾਣੇ 'ਚ ਅਪਰਾਧਿਕ ਮਾਮਲਾ ਦਰਜ ਹੈ। ਪੁਲਸ ਨੇ ਫੜੇ ਵਾਹਨ ਚੋਰ ਗਿਰੋਹ ਦੇ ਮੈਬਰਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨਾਬਾਲਗਾਂ ਨੂੰ ਬਾਲ ਸੁਧਾਰ ਘਰ ਅਤੇ ਰਾਮਜਨਮ ਤੇ ਨਿਸ਼ਾਂਤ ਨੂੰ 14 ਦਿਨ ਲਈ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ।
ਡੀ. ਐੱਸ. ਪੀ. ਸੈਂਟਰਲ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੈਕਟਰ-11 ਥਾਣਾ ਇੰਚਾਰਜ ਲਖਬੀਰ ਸਿੰਘ ਨੂੰ ਐਤਵਾਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਘਰਾਂ ਦੇ ਬਾਹਰੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਚੋਰੀ ਦੀ ਬਾਈਕ 'ਤੇ ਜਾਅਲੀ ਨੰਬਰ ਲਾ ਕੇ ਸੈਕਟਰ-15 ਵੱਲ ਆ ਰਹੇ ਹਨ। ਸੂਚਨਾ ਮਿਲਦੇ ਹੀ ਇੰਸਪੈਕਟਰ ਲਖਬੀਰ ਸਿੰਘ ਤੇ ਸੈਕਟਰ-24 ਇੰਚਾਰਜ ਰੋਹਤਾਸ਼ ਕੁਮਾਰ ਨੇ ਸੈਕਟਰ 14-15 ਦੀ ਸੜਕ 'ਤੇ ਨਾਕਾ ਲਾਇਆ। ਨਾਕੇ 'ਤੇ ਪੁਲਸ ਨੇ ਚੋਰੀ ਦੀ ਬਾਈਕ ਸਮੇਤ ਰਾਮਜਨਮ, ਨਿਸ਼ਾਂਤ ਅਤੇ ਦੋ ਨਾਬਾਲਗਾਂ ਨੂੰ ਰੋਕ ਕੇ ਬਾਈਕ ਦੇ ਕਾਗਜ਼ਾਤ ਮੰਗੇ। ਲੜਕਾ ਬਹਾਨੇ ਬਣਾਉਣ ਲੱਗਾ। ਐੱਸ. ਆਈ. ਰੋਹਤਸ਼ ਕੁਮਾਰ ਚਾਰਾਂ ਨੂੰ ਪੁਲਸ ਸਟੇਸ਼ਨ ਲੈ ਗਏ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ। ਪੁੱਛਗਿੱਛ 'ਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਸੈਕਟਰ-31 ਤੋਂ ਬਾਈਕ ਚੋਰੀ ਕੀਤੀ ਸੀ। ਰਾਮਜਨਮ ਅਤੇ ਨਿਸ਼ਾਂਤ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਘਰਾਂ ਦੇ ਬਾਹਰ ਖੜ੍ਹੀਆਂ ਬਾਈਕਸ ਅਤੇ ਗੱਡੀਆਂ ਚੋਰੀ ਕਰਦੇ ਹਨ। ਗੱਡੀਆਂ ਦੇ ਲਾਕ ਖੋਲ੍ਹਣ ਲਈ ਮਾਸਟਰ ਚਾਬੀ ਦੀ ਵਰਤੋਂ ਕਰਦੇ ਹਨ। ਪੁਲਸ ਨੇ ਚਾਰਾਂ ਦੀ ਨਿਸ਼ਾਨਦੇਹੀ 'ਤੇ ਇਕ ਕਾਰ, ਤਿੰਨ ਐਕਟਿਵਾ ਅਤੇ ਦੋ ਬਾਈਕਸ ਬਰਾਮਦ ਕੀਤੀਆਂ।