ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ
Wednesday, Nov 25, 2020 - 06:18 PM (IST)
ਨੂਰਪੁਰਬੇਦੀ (ਭੰਡਾਰੀ) : ਸਥਾਨਕ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਏ.ਡੀ.ਬੀ.-ਬ੍ਰਾਂਚ) ਦੇ ਚੀਫ਼ ਮੈਨੇਜਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਚੱਲਦਿਆਂ ਅੱਜ ਉਕਤ ਰਿਪੋਰਟ ਦਾ ਪਤਾ ਚੱਲਣ 'ਤੇ ਬੈਂਕ ਵੱਲੋਂ ਤੁਰੰਤ ਸਮੁੱਚਾ ਕੰਮਕਾਜ ਬੰਦ ਕਰ ਦਿੱਤਾ ਗਿਆ ਤੇ ਬੈਂਕ ਨੂੰ ਸੈਨੇਟਾਈਜ਼ ਕਰਨ ਦੀ ਕਾਰਵਾਈ ਆਰੰਭ ਕੀਤੀ ਗਈ। ਇਸ ਸਬੰਧੀ ਬੈਂਕ ਦੇ ਡਿਪਟੀ ਮੈਨੇਜਰ ਰਾਹੁਲ ਝਾਅ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਪਤਾ ਚੱਲਿਆ ਕਿ ਬੈਂਕ ਦੇ ਚੀਫ਼ ਮੈਨੇਜਰ ਵਿਜੇਪਾਲ ਮੱਕੜ ਜੋ ਚੰਡੀਗੜ੍ਹ ਵਿਖੇ ਰਹਿੰਦੇ ਹਨ ਦੇ ਉੱਥੇ ਹੋਏ ਟੈਸਟ ਤੋਂ ਉਪਰੰਤ ਉਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਇਹ ਪਤਾ ਲੱਗਣ 'ਤੇ ਦੁਪਹਿਰ ਕਰੀਬ ਢਾਈ ਵਜੇ ਲੋਕਾਂ ਤੇ ਹੋਰ ਸਮੁੱਚੇ ਸਟਾਫ਼ ਦੀ ਸੁਰੱਖਿਆ ਲਈ ਬੈਂਕ ਵੱਲੋਂ ਸਮੁੱਚਾ ਲੈਣ-ਦੇਣ ਤੇ ਹੋਰ ਸੇਵਾਵਾਂ ਬੰਦ ਰੱਖ ਕੇ ਸਮੁੱਚੇ ਬੈਂਕ ਨੂੰ ਸੈਨੇਟਾਈਜ਼ ਕੀਤੇ ਜਾਣ ਦੀ ਕਾਰਵਾਈ ਆਰੰਭੀ ਗਈ। ਕੱਲ੍ਹ ਨੂੰ ਬੈਂਕ ਬੰਦ ਰਹਿਣ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਅਜੇ ਤਕ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਦਾ ਅਜਿਹਾ ਕੋਈ ਆਦੇਸ਼ ਪ੍ਰਾਪਤ ਨਹੀਂ ਹੋਇਆ ਹੈ ਅਤੇ ਫਿਲਹਾਲ ਵੀਰਵਾਰ ਨੂੰ ਬੈਂਕ ਦੀਆਂ ਸਮੁੱਚੀਆਂ ਸੇਵਾਵਾਂ ਜਾਰੀ ਰਹਿਣਗੀਆਂ। ਇੱਥੇ ਦੱਸਣਾ ਬਣਦਾ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਖੇਤਰ ਦਾ ਸਭ ਤੋਂ ਪੁਰਾਣਾ ਤੇ ਵੱਡਾ ਬੈਂਕ ਹੈ, ਜਿੱਥੇ ਰੋਜ਼ਾਨਾ ਸੈਂਕੜੇ ਗ੍ਰਾਹਕ ਬੈਂਕ ਸੇਵਾਵਾਂ ਹਾਸਿਲ ਕਰਨ ਲਈ ਪਹੁੰਚਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਭੇਜੀ ਜਾਵੇਗੀ : ਜ਼ਿਲ੍ਹਾ ਲੀਡ ਬੈਂਕ ਮੈਨੇਜਰ
ਇਸ ਸਬੰਧੀ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਆਰ.ਕੇ. ਜਸਕੋਟੀਆ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਇਹ ਪਤਾ ਚੱਲਿਆ ਹੈ ਫਿਰ ਵੀ ਉਹ ਬੈਂਕ ਅਧਿਕਾਰੀਆਂ ਤੋਂ ਪਤਾ ਲਗਾ ਕੇ ਇਸਦੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਪ੍ਰਦਾਨ ਕਰਨਗੇ। ਉਨ੍ਹਾਂ ਬੈਂਕ ਬੰਦ ਰੱਖਣ ਸਬੰਧੀ ਪੁੱਛਣ 'ਤੇ ਕਿਹਾ ਕਿ ਇਸ ਸਥਿਤੀ 'ਚ ਕੁਝ ਬੈਂਕ 24 ਘੰਟੇ ਤੇ ਕੁਝ ਬੈਂਕ 48 ਘੰਟੇ ਲਈ ਬੰਦ ਰੱਖੇ ਜਾਂਦੇ ਹਨ। ਮਗਰ ਇਸ ਸਬੰਧੀ ਉਕਤ ਬੈਂਕ ਦੀ ਮੈਨੇਜਮੈਂਟ ਹੀ ਕੋਈ ਫ਼ੈਸਲਾ ਲਵੇਗੀ।