ਸਟਾਫ ਨੇ ਆਪ੍ਰੇਸ਼ਨ ਕਰਨ ਤੋਂ ਕੀਤੇ ਹੱਥ ਖੜ੍ਹੇ , ਜਾਣੋ ਕੀ ਹੈ ਮਾਮਲਾ

07/12/2017 1:30:28 PM

ਅੰਮ੍ਰਿਤਸਰ - ਗੁਰੂ ਨਾਨਕ ਦੇਵ ਹਸਪਤਾਲ ਦੇ ਸਰਜੀਕਲ ਆਪ੍ਰੇਸ਼ਨ ਥਿਏਟਰ 'ਚ ਅੱਜ ਸਟਾਫ ਨੇ ਆਪ੍ਰੇਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ। ਸਟਾਫ ਨੇ ਅਧਿਕਾਰੀਆਂ ਨੂੰ ਦੋ ਹਰਫੀ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਤੱਕ ਥਿਏਟਰ ਦਾ ਏ. ਸੀ. ਯੂਨਿਟ ਠੀਕ ਨਹੀਂ ਹੁੰਦਾ ਉਦੋਂ ਤੱਕ ਉਹ ਆਪ੍ਰੇਸ਼ਨ ਨਹੀਂ ਕਰਨਗੇ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੱਲੋਂ ਦਿੱਤੇ ਦਖਲ ਤੋਂ ਬਾਅਦ ਥਿਏਟਰ ਦੇ ਸਟਾਫ ਨੇ ਮਹਿਜ਼ 10 ਆਪ੍ਰੇਸ਼ਨ ਹੀ ਕੀਤੇ, ਜਦਕਿ 1 ਦਰਜਨ ਤੋਂ ਵੱਧ ਆਪ੍ਰੇਸ਼ਨ ਮੁਲਤਵੀ ਕਰਨੇ ਪਏ।  ਜਾਣਕਾਰੀ ਅਨੁਸਾਰ ਸਰਜੀਕਲ ਆਪ੍ਰੇਸ਼ਨ ਥਿਏਟਰ 'ਚ ਏ. ਸੀ. ਸਿਸਟਮ ਪਿਛਲੇ ਲੰਮੇ ਸਮੇਂ ਤੋਂ ਖਰਾਬ ਹੈ। ਸਟਾਫ ਵੱਲੋਂ ਗਰਮੀ ਅਤੇ ਥਿਏਟਰ 'ਚ ਪੈਦਾ ਹੋਣ ਵਾਲੀ ਹੁੰਮਸ ਤੋਂ ਬਚਣ ਲਈ ਫਰਾਟੇ ਪੱਖੇ ਲਾ ਕੇ ਕੰਮ ਸਾਰਿਆ ਜਾ ਰਿਹਾ ਹੈ। ਬੀਤੇ ਦਿਨੀਂ ਥਿਏਟਰ 'ਚ ਭਾਰੀ ਗਰਮੀ ਕਾਰਨ ਇਕ ਸਟਾਫ ਨਰਸ ਤੇ ਇਕ ਡਾਕਟਰ ਆਪ੍ਰੇਸ਼ਨ ਕਰਦੇ-ਕਰਦੇ ਬੇਹੋਸ਼ ਹੋ ਗਏ ਸਨ। ਸਟਾਫ ਨੇ ਕਈ ਵਾਰ ਥਿਏਟਰ ਦਾ ਏ. ਸੀ. ਯੂਨਿਟ ਠੀਕ ਕਰਨ ਲਈ ਕੁਝ ਅਧਿਕਾਰੀਆਂ ਨੂੰ ਅਪੀਲ ਵੀ ਕੀਤੀ ਪਰ ਕਿਸੇ ਨੇ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ। ਥਿਏਟਰ ਦੇ ਸਟਾਫ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰੀ ਗਰਮੀ ਕਾਰਨ ਥਿਏਟਰ 'ਚ ਆਪ੍ਰੇਸ਼ਨ ਕਰਦਿਆਂ ਕਈ ਵਾਰ ਡਾਕਟਰਾਂ ਦਾ ਪਸੀਨਾ ਮਰੀਜ਼ਾਂ ਦੇ ਜ਼ਖਮਾਂ 'ਤੇ ਵੀ ਡਿੱਗ ਪੈਂਦਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਇਨਫੈਕਸ਼ਨ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।  ਏ. ਸੀ. ਯੂਨਿਟ ਬੰਦ ਹੋਣ ਕਾਰਨ ਆਪ੍ਰੇਸ਼ਨ ਥਿਏਟਰ 'ਚ ਕੰਮ ਕਰਨਾ ਬੇਹੱਦ ਮੁਸ਼ਕਿਲ ਹੈ। ਚਾਰੇ ਪਾਸੇ ਬੰਦ ਥਿਏਟਰ 'ਚ ਹਵਾ ਦੀ ਆਮਦ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੇ ਸੁਪਰਡੈਂਟ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਨਵੇਂ ਏ. ਸੀ. ਲਾ ਦਿੱਤੇ ਜਾਣਗੇ ਪਰ ਸਟਾਫ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਏ. ਸੀ. ਨਹੀਂ ਲੱਗਣਗੇ ਉਦੋਂ ਤੱਕ ਰੋਜ਼ਾਨਾ 3 ਆਪ੍ਰੇਸ਼ਨ ਹੀ ਕੀਤੇ ਜਾਣਗੇ।  ਜ਼ਿਕਰਯੋਗ ਹੈ ਕਿ ਅੱਜ ਸਟਾਫ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਰੀਜ਼ ਥਿਏਟਰ ਅੰਦਰ ਹਵਾ ਲੈਣ ਲਈ ਆਪਣੇ-ਆਪ ਨੂੰ ਪੱਖੀਆਂ ਝੱਲ ਰਹੇ ਸਨ। ਉਧਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਤੇਜਬੀਰ ਸਿੰਘ ਨੇ ਕਿਹਾ ਕਿ ਸਟਾਫ ਦੀ ਮੰਗ ਬਿਲਕੁਲ ਜਾਇਜ਼ ਹੈ। ਨਵੇਂ ਸਪਲਿਟ ਏ. ਸੀ. ਅਗਲੇ 2-3 ਦਿਨਾਂ 'ਚ ਥਿਏਟਰ 'ਚ ਲਾ ਦਿੱਤੇ ਜਾਣਗੇ ਅਤੇ ਸਰਕਾਰ ਨੂੰ ਥਿਏਟਰ 'ਚ ਨਵਾਂ ਏ. ਸੀ. ਯੂਨਿਟ ਲਾਉਣ ਦੀ ਅਪੀਲ ਕੀਤੀ ਜਾਵੇਗੀ।


Related News