ਬੇਹਾ ਖਾਣਾ ਖਾਣ ਲਈ ਮਜਬੂਰ ਨੇ ਬੱਚੇ

03/26/2017 8:23:37 AM

ਮੋਗਾ (ਗੋਪੀ ਰਾਊਕੇ)—  ਇਕ ਪਾਸੇ ਜਿਥੇ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਸਰਕਾਰੀ ਸਕੂਲਾਂ ''ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਪਿਛਲੇ 16 ਵਰ੍ਹਿਆਂ ਤੋਂ ਮਿਡ-ਡੇ ਮੀਲ ਸਕੀਮ ਚਲਾ ਕੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦੇਣ ਦੀ ਸਹੂਲਤ ਜਾਰੀ ਕੀਤੀ ਗਈ ਹੈ, ਜਿਸ ਤਹਿਤ ਕਈ ਥਾਵਾਂ ''ਤੇ ਤਾਂ ਸਕੂਲਾਂ ''ਚ ਹੀ ਖਾਣਾ ਤਿਆਰ ਕਰ ਕੇ ਵਿਦਿਆਰਥੀਆਂ ਨੂੰ ਪਰੋਸਿਆ ਜਾਂਦਾ ਹੈ ਪਰ ਦੂਜੇ ਪਾਸੇ ਪੰਜਾਬ ਦੇ ਕੁਝ ਅਜਿਹੇ ਜ਼ਿਲੇ ਵੀ ਹਨ ਜਿਥੇ ਠੇਕੇਦਾਰਾਂ ਵੱਲੋਂ ਸਕੂਲਾਂ ''ਚ ਖਾਣਾ ਪਰੋਸ ਕੇ ਦਿੱਤਾ ਜਾਂਦਾ ਹੈ। ਠੇਕੇਦਾਰਾਂ ਵੱਲੋਂ ਸਪਲਾਈ ਕੀਤੇ ਜਾ ਰਹੇ ਖਾਣੇ ਦੇ ਮਾਮਲੇ ਸਬੰਧੀ ''ਜਗ ਬਾਣੀ'' ਵੱਲੋਂ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ ''ਚ ਹੈਰਾਨੀਜਨਕ ਤੱਥ ਉੱਭਰ ਕੇ ਸਾਹਮਣੇ ਆਏ ਹਨ। ਮੁੱਢਲੀ ਪੜਤਾਲ ''ਚ ਇਹ ਪਤਾ ਲੱਗਾ ਹੈ ਕਿ ਮੋਗਾ ਸ਼ਹਿਰ ਦੇ ਸਕੂਲਾਂ ਸਮੇਤ ਨੇੜਲੇ ਪਿੰਡਾਂ ਦੇ ਸਰਕਾਰੀ ਸਕੂਲਾਂ ''ਚ ਜੋ ਠੇਕੇਦਾਰਾਂ ਵੱਲੋਂ ਖਾਣਾ ਤਿਆਰ ਕਰ ਕੇ ਭੇਜਿਆ ਜਾਂਦਾ ਹੈ, ਉਸ ''ਚ ''ਚ ਵੱਡੀ ਕੁਤਾਹੀ ਵਰਤੀ ਜਾ ਰਹੀ ਹੈ।
ਨਿਯਮਾਂ ਅਨੁਸਾਰ ਦੁਪਹਿਰ 12 ਵਜੇ ਅੱਧੀ ਛੁੱਟੀ ਦੇ ਸਮੇਂ ਜੋ ਖਾਣਾ ਵਿਦਿਆਰਥੀਆਂ ਕੋਲ ਪਹੁੰਚਣਾ ਹੁੰਦਾ ਹੈ, ਉਸ ਨੂੰ ਠੇਕਦਾਰਾਂ ਵੱਲੋਂ ਕਥਿਤ ਤੌਰ ''ਤੇ ਅੱਧੀ ਰਾਤ ਮਗਰੋਂ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਥੇ ਹੀ ਬਸ ਨਹੀਂ ਸਵੇਰ ਵੇਲੇ ਸਕੂਲ 9 ਵਜੇ ਲੱਗਦੇ ਹਨ ਤਾਂ ਨਾਲ ਹੀ ਇਸ ਖਾਣੇ ਦੀ ਸਕੂਲਾਂ ''ਚ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ 8 ਘੰਟੇ ਪਹਿਲਾਂ ਬਣੇ ਖਾਣੇ ਨੂੰ ਵਿਦਿਆਰਥੀ 10 ਘੰਟੇ ਬਾਅਦ ਬੇਹੱਦ ਠੰਡਾ ਅਤੇ ਬੇਸੁਆਦਾ ਹੋਣ ਦੀ ਹਾਲਤ ''ਚ ਵੀ ਮਜਬੂਰੀਵੱਸ ਖਾਂਦੇ ਹਨ।
ਠੰਡੀਆਂ ਰੋਟੀਆਂ ਤੇ ਬੇਸੁਆਦੀ ਖਾਣਾ ਵਿਦਿਆਰਥੀ ਖਾਣ ਦੀ ਬਜਾਏ ਸੁੱਟਣ ਲੱਗੇ
ਸਰਕਾਰੀ ਸਕੂਲਾਂ ਦੇ ਭਰੋਸੇਯੋਗ ਸੂਤਰਾਂ ਨੇ ਇਸ ਗੱਲ ਨੂੰ ਵੀ ਬੇਪਰਦ ਕੀਤਾ ਹੈ ਕਿ ਸਕੂਲਾਂ ''ਚ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਦਾ ਖਾਣਾ ਦੇਣਾ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ ਪਰ ਵਿਦਿਆਰਥੀ ਇਸੇ ਤਹਿਤ ਖਾਣਾ ਲੈ ਤਾਂ ਲੈਂਦੇ ਹਨ ਪਰ ਖਾਣ ਦੀ ਬਜਾਏ ਸੁੱਟਣ ''ਚ ਵੀ ਭਲਾਈ ਸਮਝਦੇ ਹਨ।
ਆਖਿਰ ਕਿਉਂ ਸਕੂਲ ਮੁਖੀ ਤੇ ਹੋਰ 
ਸਟਾਫ ਇਸ ਮਾਮਲੇ ''ਤੇ ਰਹਿੰਦਾ ਹੈ ''ਚੁੱਪ''
ਭਾਵੇਂ ਇਸ ਖਾਣੇ ਦੀ ਅਤਿ ਘਟੀਆ ਕੁਆਲਟੀ ਦਾ ਮਾਮਲਾ ਬਹੁਤ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਪਤਾ ਹੈ ਪਰ ਸਕੂਲ ਮੁਖੀ ਫਿਰ ਵੀ ਹਰ ਮਹੀਨੇ ਠੇਕੇਦਾਰਾਂ ਦਾ ਸਕੂਲਾਂ ''ਚ ਖਾਣਾ ਠੀਕ ਹੋਣ ਦੇ ਫਾਰਮ ''ਤੇ ਤਸੱਲੀ ਪ੍ਰਗਟ ਕਰ ਦਿੰਦੇ ਹਨ, ਇਸ ਦੀ ਅਸਲੀਅਤ ਇਹ ਹੈ ਕਿ ਠੇਕੇਦਾਰ ਬਹੁਤੇ ਸਕੂਲਾਂ ਦੇ ਬਿਜਲੀ ਸਮੇਤ ਹੋਰਨਾਂ ਉੱਪਰਲੇ ਖਰਚੇ ਭਰ ਦਿੰਦੇ ਹਨ ਅਤੇ ਇਸੇ ਆਧਾਰ ''ਤੇ ਹੀ ਸਕੂਲ ਮੁਖੀ ਮਾਮਲੇ ''ਤੇ ਤਸੱਲੀ ਪ੍ਰਗਟ ਕਰ ਦਿੰਦੇ ਹਨ।
ਪਹਿਲਾਂ ਵੀ ਠੇਕੇਦਾਰਾਂ ਵੱਲੋਂ ਪਰੋਸੇ ਖਾਣੇ ਦੀਆਂ ਉੱਠ ਚੁੱਕੀਆਂ ਨੇ ਸ਼ਿਕਾਇਤਾਂ
ਦੱਸਣਯੋਗ ਹੈ ਕਿ ਸਕੂਲਾਂ ''ਚ ਠੇਕੇਦਾਰਾਂ ਵੱਲੋਂ ਸਪਲਾਈ ਕੀਤੇ ਜਾ ਰਹੇ ਕਥਿਤ ਘਟੀਆ ਕੁਆਲਿਟੀ ਦੇ ਖਾਣੇ ਸਬੰਧੀ ਕਈ ਵਾਰ ਪਹਿਲਾਂ ਵੀ ਮੋਗਾ ਜ਼ਿਲੇ ''ਚ ਮਾਮਲੇ ਉੱਠ ਚੁੱਕੇ ਹਨ, ਜਿਸ ਤਹਿਤ ਇਕ ਵਾਰ ਤਾਂ ਖਾਣੇ ''ਚੋਂ ਜ਼ਹਿਰੀਲੇ ਜਾਨਵਰ ਨਿਕਲਣ ਦਾ ਮਾਮਲਾ ਵੀ ਬੇਹੱਦ ਵੱਡੇ ਪੱਧਰ ''ਤੇ ਉੱਠਿਆ ਸੀ।
ਸਕੂਲਾਂ ਦੇ ਅੰਦਰ ਖਾਣਾ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ
ਇਸ ਮਾਮਲੇ ''ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ''ਤੇ ਮੰਗ ਕੀਤੀ ਕਿ ਸਰਕਾਰੀ ਸਕੂਲਾਂ ''ਚ ਠੇਕੇਦਾਰਾਂ ਕੋਲੋਂ ਬਣਾ ਕੇ ਖਾਣਾ ਸਪਲਾਈ ਕਰਨ ਦੀ ਬਜਾਏ ਸਕੂਲਾਂ ਦੀਆਂ ਮਿਡ-ਡੇ-ਮੀਲ ਕੁੱਕਾਂ ਤੋਂ ਹੀ ਖਾਣਾ ਤਿਆਰ ਕਰਵਾਇਆ ਜਾਵੇ ਤਾਂ ਜੋ ਵਿਦਿਆਰਥੀ ਨੂੰ ਸਮੇਂ ਸਿਰ ਤੇ ਸਹੀ ਕੁਆਲਟੀ ਦਾ ਖਾਣਾ ਮਿਲ ਸਕੇ। 
ਜ਼ਿਲਾ ਸਿੱਖਿਆ ਅਫਸਰ (ਅ) ਦਾ ਪੱਖ 
ਇਸ ਮਾਮਲੇ ਸਬੰਧੀ ਜ਼ਿਲਾ ਸਿੱਖਿਆ ਅਫਸਰ (ਅ) ਗੁਰਜੋਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਪਹਿਲਾਂ ਵੀ ਇਸ ਮਾਮਲੇ ''ਤੇ ਕਈ ਸ਼ਿਕਾਇਤਾਂ ਆਈਆਂ, ਜਿਸ ਤਹਿਤ ਅਸੀਂ ਵਿਭਾਗੀ ਪੜਤਾਲ ਸ਼ੁਰੂ ਕੀਤੀ ਹੈ ਪਰ ਹੁਣ ਸਕੂਲਾਂ ''ਚ ਬੱਚਿਆਂ ਨੂੰ ਪੇਪਰਾਂ ਮਗਰੋਂ ਛੁੱਟੀਆਂ ਹੋਣ ਕਾਰਨ ਖਾਣਾ ਬੰਦ ਹੈ। 1 ਅਪ੍ਰੈਲ ਤੋਂ ਜਦੋਂ ਸਕੂਲ ਮੁੜ ਲੱਗਣਗੇ ਤਾਂ ਇਸ ਮਾਮਲੇ ਦੀ ਜਾਂਚ ਮੈਂ ਖੁਦ ਕਰਾਂਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ''ਤੇ ਨਹੀਂ ਹੋਣ ਦਿੱਤਾ ਜਾਵੇਗਾ।


Related News