ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੇ ਕਰਵਾਇਆ ਵਜੀਫਾ ਵੰਡ ਸਮਾਗਮ

12/10/2018 7:43:31 AM

ਜਲੰਧਰ, (ਜ. ਬ.)— ਜਦੋਂ ਪੰਜਾਬ ’ਚ ਅੱਤਵਾਦ ਦੀ ਅੱਗ ਲੱਗੀ ਸੀ, ਉਦੋਂ ਸ਼੍ਰੀ ਵਿਜੇ ਚੋਪੜਾ ਜੀ ਦੇ ਪਰਿਵਾਰ ਨੇ ਸ਼ਹਾਦਤ ਦੇ ਕੇ ਪੰਜਾਬ ਦੇ ਵਿਹੜੇ ’ਚ ਰੌਸ਼ਨੀ ਕੀਤੀ ਸੀ।  ਜੇਕਰ ਸੱਚਮੁੱਚ ਦੇਸ਼ ਸੇਵਾ ਅਤੇ ਦੇਸ਼ ਭਗਤੀ ਦਾ ਸਬਕ ਸਿੱਖਣਾ ਹੈ ਤਾਂ ਚੋਪੜਾ ਪਰਿਵਾਰ ਨਾਲੋਂ ਵਧੀਆ ਢੰਗ ਨਾਲ ਕੋਈ ਸੰਸਥਾ ਨਹੀਂ ਸਿਖਾ ਸਕਦੀ।  ਪੰਜਾਬ ਕੇਸਰੀ ਸਮੂਹ ਸਿਰਫ ਅਖਬਾਰ ਹੀ ਨਹੀਂ ਚਲਾਉਂਦਾ  ਬਲਕਿ ਜੇਕਰ ਸਮਾਜਿਕ ਸੇਵਾ ਦੇ ਤਹਿਤ ਦੇਸ਼ ’ਚ ਕਿਤੇ ਵੀ ਆਫਤ ਆਈ ਤਾਂ ਪੀੜਤਾਂ ਦੀ ਮਦਦ ਲਈ ਇਸ ਪਰਿਵਾਰ ਨੇ ਵਧ-ਚੜ੍ਹ ਕੇ ਯੋਗਦਾਨ ਪਾਇਆ। ਸਾਰੀਅਾਂ ਸਿਆਸੀ ਪਾਰਟੀਅਾਂ, ਸਾਰੇ ਵਰਗਾਂ ਦੇ ਸਹਿਯੋਗ ਅਤੇ ਯੋਗਦਾਨ ਕਾਰਨ ਗਰੀਬੀ ਤੋਂ ਉੱਪਰ ਉੱਠ ਕੇ ਅੱਜ ਅਸੀਂ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਾਂ, ਜਦਕਿ ਆਜ਼ਾਦੀ ਤੋਂ ਬਾਅਦ ਸਾਨੂੰ ਵਿਰਾਸਤ ’ਚ ਕੁਝ ਵੀ ਨਹੀਂ ਮਿਲਿਆ ਸੀ। ਉਕਤ ਸ਼ਬਦ ਸ਼੍ਰੀ ਰਾਮਨੌਮੀ ਕਮੇਟੀ ਵਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ ’ਚ ਡੀ. ਏ. ਵੀ. ਇੰਜੀਨੀਅਰਿੰਗ ਐਂਡ ਟੈਕਨਾਲੋਜੀ ਇੰਸਟੀਚਿਊਟ ਜਲੰਧਰ ’ਚ ਲੋੜਵੰਦ ਬੱਚਿਅਾਂ ਲਈ ਆਯੋਜਿਤ ਵਜ਼ੀਫਾ ਵੰਡ ਸਮਾਰੋਹ ’ਚ 1301 ਬੱਚਿਅਾਂ ਨੂੰ ਵਜ਼ੀਫਾ ਵੰਡਣ ਮੌਕੇ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਹੇ।

PunjabKesari

ਉਨ੍ਹਾਂ ਬੱਚਿਅਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਹੋਰ ਵਧੀਆ  ਬਣਾਉਣ ਦੀ ਜ਼ਿੰਮੇਦਾਰੀ ਤੁਹਾਡੇ ਸਾਰਿਅਾਂ ’ਤੇ ਹੈ। ਦੇਸ਼ ਦਾ ਭਵਿੱਖ ਤੁਸੀਂ ਹੋ, ਇਸ ਲਈ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰੋ। ਉਨ੍ਹਾਂ ਸ਼੍ਰੀ ਵਿਜੇ ਚੋਪੜਾ ਜੀ ਦੀ ਸ਼ਲਾਘਾ ਕਰਦਿਅਾਂ ਕਿਹਾ ਕਿ ਜਦੋਂ ਸਾਡੀ ਸੱਭਿਅਤਾ ’ਤੇ ਹਮਲਾ ਹੋਇਆ, ਉਦੋਂ ਪੰਜਾਬ ਕੇਸਰੀ ਪਰਿਵਾਰ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਸ਼ਹਾਦਤ ਦੇ ਕੇ ਇਸ ਦੀ ਰੱਖਿਆ ਕੀਤੀ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਸਮਾਜ ਸੇਵਾ ਦਾ ਜੋ ਪਵਿੱਤਰ ਕਾਰਜ ਕਰ ਰਹੀ ਹੈ, ਉਹ ਕੋਈ ਨਹੀਂ ਕਰ ਸਕਦਾ।
 

ਸ੍ਰੀ ਰਾਮਨੌਮੀ ਉਤਸਵ ਕਮੇਟੀ ਕਰਵਾ ਰਹੀ ਹੈ ਕਈ ਸਮਾਜਿਕ ਕਾਰਜ : ਕਮਲ ਸ਼ਰਮਾ
ਸਾਬਕਾ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਜਦ ਪੰਜਾਬ ਨੂੰ ਅੱਤਵਾਦ ਦੇ ਮਾਹੌਲ 'ਚ ਧੱਕ ਦਿੱਤਾ ਗਿਆ ਸੀ, ਉਸ ਦੌਰਾਨ ਸ਼੍ਰੀ ਵਿਜੇ ਚੋਪੜਾ ਨੇ ਕਲਮ ਦੀ ਆਜ਼ਾਦੀ ਨੂੰ ਜ਼ਿੰਦਾ ਰੱਖ ਕੇ ਦੇਸ਼ ਵਿਰੋਧੀ ਤਾਕਤਾਂ ਨੂੰ ਇਹ ਚੁਣੌਤੀ ਦਿੱਤੀ ਸੀ ਕਿ ਤੁਸੀਂ ਸਾਡੇ ਰੀਤੀ-ਰਿਵਾਜ਼, ਸੰਸਕ੍ਰਿਤੀ ਨੂੰ ਖੋਹ ਨਹੀਂ ਸਕਦੇ। ਇਹ ਤ੍ਰਾਸਦੀ ਹੈ ਕਿ 70 ਸਾਲਾਂ ਤੋਂ ਬਾਅਦ ਵੀ ਅੱਜ ਇਕ ਇੰਡੀਆ ਚੱਲ ਰਿਹਾ ਹੈ, ਇਕ ਭਾਰਤ ਚੱਲ ਰਿਹਾ ਹੈ। ਇਹ ਭੇਦਭਾਵ ਦੂਰ ਹੋਣਾ ਚਾਹੀਦਾ ਹੈ। ਸ਼੍ਰੀ ਵਿਜੇ ਚੋਪੜਾ ਸ੍ਰੀ ਰਾਮਨੌਮੀ ਸ਼ੋਭਾ ਯਾਤਰਾ  ਸਜਾਉਣ ਦੇ ਨਾਲ-ਨਾਲ ਬੱਚਿਆਂ ਨੂੰ ਵਜ਼ੀਫਾ ਵੰਡਣ  ਸਮੇਤ ਕਈ ਸਮਾਜਿਕ ਕਾਰਜ ਵੀ ਕਰ ਰਹੇ ਹਨ। 

PunjabKesari

ਜਦ ਪੰਜਾਬ ਦਾ ਮਾਹੌਲ ਠੀਕ ਨਹੀਂ ਸੀ ਉਦੋਂ ਸ਼੍ਰੀ ਵਿਜੇ ਚੋਪੜਾ ਨੇ ਸ਼ੁਰੂ ਕੀਤਾ ਸ਼ਹੀਦ ਪਰਿਵਾਰ ਫੰਡ ਛ: ਸੁਰਿੰਦਰ ਸੇਠ
ਸੁਰਿੰਦਰ ਸੇਠ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਜਿਵੇਂ ਮੇਰੇ ਸਾਹਮਣੇ ਰਾਮਾਇਣ ਦੇ ਬਾਲ ਕਾਂਡ ਤੋਂ ਰਾਮ, ਲਕਸ਼ਮਣ, ਭਰਤ ਅਤੇ ਸ਼ਤਰੂਘਨ ਬੈਠੇ ਹਨ। ਲਵ ਅਤੇ ਕੁਸ਼ ਇਕ ਵਾਰ ਫਿਰ ਇਸ ਧਰਤੀ 'ਤੇ ਉਤਰ ਰਹੇ ਹਨ। ਉਸ ਦਾ ਕਾਰਨ ਸਿਰਫ ਇਕ ਹੈ ਕਿ ਜਦ ਪੰਜਾਬ ਦੀ ਧਰਤੀ ਸਮੇਤ ਹਿੰਦੁਸਤਾਨ ਦੇ ਵਾਤਾਵਰਣ 'ਚ ਭਗਵਾਨ ਰਾਮ ਦੀਆਂ ਕਹਾਣੀਆਂ ਗੂੰਜਣੀਆਂ ਕੁਝ ਘੱਟ ਹੋ ਗਈਆਂ ਸਨ ਤਾਂ ਉਸ  ਸਮੇਂ ਜਲੰਧਰ 'ਚ ਸ੍ਰੀ ਵਿਜੇ ਚੋਪੜਾ ਦੀ ਅਗਵਾਈ 'ਚ ਸ੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀ  ਸ਼ੁਰੂਆਤ ਹੋਈ। ਸ਼ੋਭਾ ਯਾਤਰਾ 'ਚ ਹਰ ਧਰਮ-ਵਰਣ ਦਾ ਨੁਮਾਇੰਦਾ ਭਗਵਾਨ ਸ੍ਰੀ ਰਾਮ ਦੀ  ਜੈ-ਜੈਕਾਰ ਕਰਦਾ ਚਲਦਾ ਹੈ। ਜਦ ਪੰਜਾਬ ਦਾ ਮਾਹੌਲ ਠੀਕ ਨਹੀਂ ਸੀ, ਮਾਵਾਂ ਦੇ ਬੇਟੇ ਖੋਹੇ ਗਏ, ਔਰਤਾਂ ਦੇ ਸਿੰਦੂਰ ਉਜੜ ਗਏ, ਉਦੋਂ ਸ਼੍ਰੀ ਵਿਜੇ ਚੋਪੜਾ ਨੇ ਸ਼ਹੀਦ ਪਰਿਵਾਰ ਫੰਡ ਦਾ ਆਯੋਜਨ ਸ਼ੁਰੂ ਕਰਕੇ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਕੇ ਉਨ੍ਹਾਂ ਨੂੰ ਗੋਦ ਲਿਆ। 

ਅਵਨੀਸ਼ ਅਰੋੜਾ ਨੇ ਕੀਤਾ ਧੰਨਵਾਦ
ਮੰਚ ਦਾ ਸੰਚਾਲਨ ਕਰਦੇ ਹੋਏ ਸਮਾਰੋਹ 'ਚ ਆਈਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ ਅਤੇ  ਕਮੇਟੀ ਵਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ 'ਚ 1301 ਬੱਚਿਆਂ ਨੂੰ ਵਜ਼ੀਫਾ ਦਿੱਤਾ ਗਿਆ। ਹਰੇਕ ਬੱਚੇ ਨੂੰ ਨਕਦ  ਰਾਸ਼ੀ ਦਿੱਤੀ ਗਈ, ਜਿਸ 'ਚ ਇਕ ਸਕੂਲ ਬੈਗ ਵੀ ਦਿੱਤਾ ਗਿਆ, ਜਿਸ 'ਚ ਬੱਚਿਆਂ ਦੇ ਕੰਮ ਆਉਣ  ਵਾਲੀ ਸਮੱਗਰੀ ਰੱਖੀ ਗਈ ਹੈ, ਜੋ ਕਿ ਵੱਖ-ਵੱਖ ਸ਼ਖਸੀਅਤਾਂ ਵਲੋਂ ਭੇਟ ਕੀਤੀ ਗਈ ਹੈ। ਉਨ੍ਹਾਂ ਡੇਵੀਏਟ ਮੈਨੇਜਮੈਂਟ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਬੱਚਿਆਂ ਦਾ ਮੈਡੀਕਲ ਚੈੱਕਅਪ  ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਜਪਾ ਯੁਵਾ ਮੋਰਚਾ ਪੰਜਾਬ ਸੰਨੀ ਸ਼ਰਮਾ, ਸੀ. ਐੱਲ. ਕੋਛੜ,  ਰਾਜਿੰਦਰ ਸ਼ਰਮਾ, , ਰਾਣਾ ਰੰਧਾਵਾ, ਰਾਮ ਪ੍ਰਕਾਸ਼ ਵਾਸਲ, ਚਮਨ ਲਾਲ ਖੰਨਾ, ਵਿਵੇਕ ਖੰਨਾ, ਵਿਨੋਦ ਅਗਰਵਾਲ, ਰਮੇਸ਼ ਸਹਿਗਲ, ਰਵਿੰਦਰ ਖੁਰਾਣਾ, ਐੱਮ. ਡੀ. ਸੱਭਰਵਾਲ,  ਸੁਨੀਤਾ ਭਾਰਦਵਾਜ, ਰਵੀਸ਼ ਸੁਗੰਧ, ਪ੍ਰਿੰਸ ਅਸ਼ੋਕ ਗਰੋਵਰ, ਸੁਦੇਸ਼ ਵਿੱਜ, ਪਵਨ ਭੋਡੀ,  ਮਨੋਹਰ ਲਾਲ ਮਹਾਜਨ, ਮਿੰਟਾ ਕੋਛੜ ਸਮੇਤ ਵੱਡੀ ਗਿਣਤੀ 'ਚ ਮਾਣਯੋਗ ਸ਼ਖਸੀਅਤਾਂ ਸ਼ਾਮਲ  ਹੋਈਆਂ।

ਚਰਨਜੀਤ ਸਿੰਘ ਚੰਨੀ, ਚੌਧਰੀ ਸੰਤੋਖ ਸਿੰਘ, ਜੈਕਿਸ਼ਨ ਸੈਣੀ ਵੀ ਰਹੇ ਮੌਜੂਦ
ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਜੈਕਿਸ਼ਨ ਸੈਣੀ, ਸਾਬਕਾ ਅਮਰਜੀਤ ਸਿੰਘ ਸਮਰਾ, ਕਾਮਰੇਡ ਮੰਗਤ ਰਾਮ ਪਾਸਲਾ, ਵਿਧਾਇਕ ਸੋਮ ਪ੍ਰਕਾਸ਼, ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਕੇਸ਼  ਰਾਠੌਰ।

ਵਰਿੰਦਰ ਸ਼ਰਮਾ ਨੇ ਕੀਤਾ ਸਵਾਗਤ
ਵਰਿੰਦਰ  ਸ਼ਰਮਾ ਨੇ ਵਜ਼ੀਫਾ ਵੰਡ ਸਮਾਰੋਹ 'ਚ ਆਈਆਂ ਸ਼ਖਸੀਅਤਾਂ ਦਾ ਰਸਮੀ ਸਵਾਗਤ ਕਰਦੇ ਹੋਏ  ਬੱਚਿਆਂ ਨੂੰ ਦੱਸਿਆ ਕਿ ਸਾਨੂੰ ਬੁਰਾਈਆਂ ਦਾ ਤਿਆਗ ਕਰਨਾ ਚਾਹੀਦਾ ਹੈ। ਉਨ੍ਹਾਂ ਬੱਚਿਆਂ  ਨੂੰ ਕਿਹਾ ਕਿ ਮਰਿਆਦਾ 'ਚ ਰਹਿ ਕੇ ਜ਼ਿੰਦਗੀ ਬਿਤਾਉਣ ਅਤੇ ਅਨੁਸ਼ਾਸਨ 'ਚ ਰਹਿਣ।

PunjabKesari

ਜਦ ਲੱਗੀ ਵਿਦਿਆਰਥੀਆਂ ਦੀ ਕਲਾਸ
ਜਦ ਸਾਬਕਾ ਮੰਤਰੀ ਮਾ. ਮੋਹਨ ਲਾਲ ਨੂੰ ਸੰਬੋਧਨ ਲਈ ਸੱਦਿਆ ਗਿਆ ਤਾਂ ਉਨ੍ਹਾਂ ਨੇ ਪ੍ਰੋਗਰਾਮ 'ਚ ਮੌਜੂਦ ਵਿਦਿਆਰਥੀਆਂ ਦੀ ਕਲਾਸ ਲੈਣੀ ਸ਼ੁਰੂ ਕਰ ਦਿੱਤੀ ਅਤੇ 5 ਸਵਾਲ ਪੁੱਛਦੇ ਹੋਏ ਕਿਹਾ ਕਿ ਜੋ ਵਿਦਿਆਰਥੀ ਉਨ੍ਹਾਂ ਦੇ ਸਵਾਲਾਂ ਦਾ ਸਹੀ ਜਵਾਬ ਦੇਵੇਗਾ ਉਸ ਨੂੰ 500 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।
ਜਦ ਮਾ. ਮੋਹਨ ਲਾਲ ਦੇ ਸਵਾਲਾਂ ਦੇ ਸਹੀ ਜਵਾਬ ਆਏ ਤਾਂ ਮਾਸਟਰ ਜੀ ਨੇ ਵਾਰੀ-ਵਾਲੀ ਨਾਲ ਮੰਚ 'ਤੇ ਮੌਜੂਦ ਸ਼ਖਸੀਅਤਾਂ ਨੂੰ ਇਨਾਮ ਦੇਣ ਲਈ ਸੱਦਿਆ ਅਤੇ ਦੇਖਦੇ ਹੀ ਦੇਖਦੇ ਸਾਰਿਆਂ ਦੀਆਂ ਜੇਬਾਂ 'ਚੋਂ 500-500 ਦਾ ਨੋਟ ਕਢਵਾ ਕੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਕੇ ਜਿੱਥੇ ਬੱਚਿਆਂ ਦਾ ਮਨ ਜਿੱਤ ਲਿਆ, ਉਥੇ ਮਾਹੌਲ ਨੂੰ ਖੁਸ਼ਨੁਮਾ ਵੀ ਬਣਾ ਦਿੱਤਾ। ਇਸ ਮੌਕੇ ਵਿਧਾਇਕ ਸੋਮ ਪ੍ਰਕਾਸ਼ ਇਕ ਵਿਦਿਆਰਥੀ ਨੂੰ ਇਨਾਮ ਦਿੰਦੇ ਹੋਏ।

ਵਿੱਦਿਆ ਅਜਿਹਾ ਧਨ ਹੈ, ਜਿਸ ਨੂੰ ਕੋਈ ਨਹੀਂ ਖੋਹ ਸਕਦਾ ਛ: ਮਾਸਟਰ ਮੋਹਨ ਲਾਲ
ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੜ੍ਹ-ਲਿਖ ਕੇ ਅਜਿਹੇ ਬਣੋ ਕਿ ਆਉਣ ਵਾਲੇ ਸਮੇਂ 'ਚ ਲੋੜਵੰਦ ਬੱਚਿਆਂ ਦੀ ਮਦਦ ਵਜੋਂ ਤੁਸੀਂ ਸਾਰਿਆਂ ਨੂੰ ਵਜ਼ੀਫਾ ਦੇ ਸਕੋ। ਬੱਚਿਆਂ 'ਚ ਲੁਕੇ ਟੇਲੈਂਟ ਨੂੰ ਉਭਾਰਨ ਦੀ ਲੋੜ ਹੈ। ਉਨ੍ਹਾਂ ਬੱਚਿਆਂ ਨੂੰ ਸਵਾਲ ਪੁੱਛਣ ਦੇ ਢੰਗ ਨਾਲ ਕਿਹਾ ਕਿ ਵਿੱਦਿਆ ਅਜਿਹਾ ਧਨ ਹੈ, ਜਿਸ ਨੂੰ ਕੋਈ ਖੋਹ ਨਹੀਂ ਸਕਦਾ। ਇਸ ਦੌਰਾਨ ਉਨ੍ਹਾਂ ਨੇ ਸਵਾਲ ਦਾ ਜਵਾਬ ਦੇਣ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤਾ।


Shyna

Content Editor

Related News