ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾ ਕੇ ਵਾਰਾਣਸੀ ਤੋਂ ਪਰਤੀ ਸੰਗਤ

Saturday, Feb 03, 2018 - 04:15 PM (IST)

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾ ਕੇ ਵਾਰਾਣਸੀ ਤੋਂ ਪਰਤੀ ਸੰਗਤ

ਜਲੰਧਰ (ਗੁਲਸ਼ਨ)— ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਦੀ ਅਗਵਾਈ ਹੇਠ ਵਾਰਾਣਸੀ ਗਈ ਸਪੈਸ਼ਲ ਟਰੇਨ ਬੇਗਮਪੁਰਾ ਐਕਸਪ੍ਰੈੱਸ ਸ਼ੁੱਕਰਵਾਰ ਸ਼ਾਮ ਵਾਪਸ ਆ ਗਈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਉਤਸਵ ਮਨਾ ਕੇ ਨਿਰੰਜਣ ਦਾਸ ਜੀ ਸਮੂਹ ਸੰਗਤ ਨਾਲ ਵਾਪਸ ਪਰਤ ਆਏ ਹਨ। ਸਿਟੀ ਸਟੇਸ਼ਨ ਪਹੁੰਚਣ 'ਤੇ ਸੇਠ ਸੱਤਪਾਲ ਮੱਲ ਸਮੇਤ ਕਈ ਮਾਣਯੋਗ ਸ਼ਖਸੀਅਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਪਲੇਟਫਾਰਮ ਨੰਬਰ 1 ਤੋਂ ਬਾਹਰ ਮੇਨ ਗੇਟ ਤਕ ਲਿਆਂਦਾ ਗਿਆ, ਜਿੱਥੇ ਉਹ ਫੁੱਲਾਂ ਨਾਲ ਸਜੀ ਗੱਡੀ ਵਿਚ ਸਵਾਰ ਹੋ ਕੇ ਡੇਰਾ ਸੱਚਖੰਡ ਬੱਲਾਂ ਲਈ ਰਵਾਨਾ ਹੋ ਗਏ। ਸੰਤ ਨਿਰੰਜਣ ਦਾਸ ਜੀ ਨਾਲ ਸਪੈਸ਼ਲ ਟਰੇਨ ਰਾਹੀਂ ਪਰਤੇ ਡੇਰੇ ਦੇ ਜਨਰਲ ਸਕੱਤਰ ਸੱਤਪਾਲ ਵਿਰਦੀ ਅਤੇ ਮੈਨੇਜਰ ਨਿਰਮਲ ਸਿੰਘ ਨੇ ਦੱਸਿਆ ਕਿ ਯਾਤਰਾ ਕਾਫੀ ਸੁੱਖਮਈ ਰਹੀ ਹੈ। ਸਫਰ ਦੌਰਾਨ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਹੋਰ ਟਰੇਨਾਂ ਨੂੰ ਲੰਘਾਉਣ ਦੇ ਚੱਕਰ ਵਿਚ ਟ੍ਰੇਨ ਲੇਟ ਹੋਈ ਹੈ। ਜ਼ਿਕਰਯੋਗ ਹੈ ਕਿ ਸਪੈਸ਼ਲ ਟਰੇਨ ਸਿਟੀ ਰੇਲਵੇ ਸਟੇਸ਼ਨ ਤੋਂ 28 ਜਨਵਰੀ ਨੂੰ ਰਵਾਨਾ ਹੋਈ ਸੀ, ਜਿਸ ਵਿਚ ਲਗਭਗ 1700 ਸ਼ਰਧਾਲੂ ਵਾਰਾਣਸੀ ਗਏ ਸਨ। 31 ਜਨਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਤੋਂ ਬਾਅਦ 1 ਫਰਵਰੀ ਨੂੰ ਵਾਪਸੀ ਲਈ ਗੱਡੀ ਦੁਪਹਿਰ 3.00 ਵਜੇ ਚੱਲੀ ਸੀ। ਟ੍ਰੇਨ 2 ਫਰਵਰੀ ਨੂੰ ਸਵੇਰੇ 11.30 ਵਜੇ ਜਲੰਧਰ ਪਹੁੰਚਣੀ ਸੀ ਪਰ ਲਗਭਗ 7.30 ਘੰਟੇ ਦੇਰੀ ਨਾਲ ਭਾਵ ਸ਼ਾਮ 6.50 ਵਜੇ ਸਿਟੀ ਸਟੇਸ਼ਨ 'ਤੇ ਪਹੁੰਚੀ। 

PunjabKesari
ਜ਼ਿਲਾ ਪ੍ਰਸ਼ਾਸਨ ਨੇ ਸਟੇਸ਼ਨ 'ਤੇ ਕੀਤੇ ਸਨ ਸੁਰੱਖਿਆ ਦੇ ਸਖਤ ਪ੍ਰਬੰਧ
ਸੰਤ ਨਿਰੰਜਣ ਦਾਸ ਜੀ ਦੀ ਅਗਵਾਈ ਵਿਚ ਸਪੈਸ਼ਲ ਟਰੇਨ ਦੇ ਪਰਤਣ ਦੇ ਮੱਦੇਨਜ਼ਰ ਸਟੇਸ਼ਨ 'ਤੇ ਸਵੇਰ ਤੋਂ ਹੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਜਿਵੇਂ ਹੀ ਸੰਤ ਨਿਰੰਜਣ ਦਾਸ ਜੀ ਸਪੈਸ਼ਲ ਟ੍ਰੇਨ ਦੇ ਏ. ਸੀ. -11 ਕੋਚ 'ਚੋਂ ਬਾਹਰ ਆਏ ਤਾਂ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਦੇ ਨਾਲ ਡੇਰੇ ਦੇ ਸੇਵਾਦਾਰਾਂ ਨੇ ਮਨੁੱਖੀ ਦੀਵਾਰ ਬਣਾ ਕੇ ਉਨ੍ਹਾਂ ਨੂੰ ਬਾਹਰ ਤਕ ਲਿਆਂਦਾ। ਜ਼ਿਲਾ ਪੁਲਸ ਨੇ ਸੁਰੱਖਿਆ ਦੀ ਨਜ਼ਰ ਤੋਂ ਸਟੇਸ਼ਨ  ਦੇ ਮੁੱਖ ਰਸਤੇ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੀ ਵੈਨ ਵੀ ਖੜ੍ਹੀ ਕੀਤੀ ਹੋਈ ਸੀ। ਇਸ ਦੌਰਾਨ ਏ. ਡੀ. ਸੀ. ਪੀ. ਟ੍ਰੈਫਿਕ ਕੁਲਵੰਤ ਸਿੰਘ ਹੀਰ, ਏ. ਸੀ. ਬੀ. ਚੰਦਰ ਚੱਢਾ, ਥਾਣਾ ਬਾਰਾਂਦਰੀ ਦੇ ਇੰਚਾਰਜ ਬਲਬੀਰ ਸਿੰਘ ਤੋਂ ਇਲਾਵਾ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੇ ਮੁਲਾਜ਼ਮ ਵੀ ਮੌਜੂਦ ਸਨ।

PunjabKesari


Related News