''ਬਾਬਾ ਨਾਨਕ'' ਜੀ ਦੇ ਵਿਆਹ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਬਰਾਤ ਰੂਪੀ ਨਗਰ ਕੀਰਤਨ ਰਵਾਨਾ

Friday, Aug 29, 2025 - 12:24 PM (IST)

''ਬਾਬਾ ਨਾਨਕ'' ਜੀ ਦੇ ਵਿਆਹ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਬਰਾਤ ਰੂਪੀ ਨਗਰ ਕੀਰਤਨ ਰਵਾਨਾ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਸਿੱਖ ਧਰਮ ਦੇ ਬਾਨੀ ,ਮਨੁੱਖਤਾ ਦੇ ਰਹਿਬਰ ਜਗਤ ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦਾ 538ਵਾਂ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਨਾਨਕ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਅੱਜ ਸਵੇਰੇ ਖਾਲਸਾਈ ਜਾਹੋ-ਜਲਾਲ ਨਾਲ ਜੈਕਾਰਿਆਂ ਦੀ ਗੂੰਜ 'ਚ ਬਰਾਤ ਰੂਪੀ ਮਹਾਨ ਨਗਰ ਕੀਰਤਨ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਟਾਲਾ ਸਾਹਿਬ ਲਈ ਰਵਾਨਾ ਕੀਤਾ ਗਿਆ। 

ਇਹ ਵੀ ਪੜ੍ਹੋ: ਖ਼ਤਰੇ ਦੇ ਨਿਸ਼ਾਨ ਨੂੰ ਟੱਪਿਆ ਪੌਂਗ ਡੈਮ ਦਾ ਪਾਣੀ! BBMB ਨੇ ਖੋਲ੍ਹ ਦਿੱਤੇ ਗੇਟ, ਕਈ ਪਿੰਡਾਂ 'ਚ ਹੜ੍ਹ

ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਕੱਤਰ ਸ. ਪ੍ਰਤਾਪ ਸਿੰਘ ਉਚੇਚੇ ਤੌਰ 'ਤੇ ਪੁੱਜੇ ਅਤੇ ਨਗਰ ਕੀਰਤਨ ਰਵਾਨਾ ਕੀਤਾ । ਉਨ੍ਹਾਂ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਨੇ ਗੁਰੂ ਜੀ ਨੇ ਸਮਝਾਇਆ ਹੈ ਕਿ ਮਨੁੱਖ ਗ੍ਰਹਿਸਥ ਵਿਚ ਰਹਿ ਕੇ ਵੀ ਉਦਾਸੀ ਧਾਰਨ ਕਰ ਸਕਦਾ ਹੈ, ਭਾਵ ਗ੍ਰਹਿਸਥ ਜੀਵਨ 'ਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰਕੇ ਪ੍ਰਮਾਤਮਾ ਨੂੰ ਪਾ ਸਕਦਾ ਹੈ। ਇਸ ਸਮੇਂ 5 ਪਿਆਰੇ ਸਾਹਿਬਾਨ ਅਤੇ ਹੋਰ ਹਸਤੀਆਂ ਦਾ ਸਨਮਾਨ ਸਿਰੋਪਾਓ ਦੇ ਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ ਬਲਦੇਵ ਸਿੰਘ ਕਲਿਆਣ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ, ਜਥੇ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਬਟਾਲਾ, ਜਥੇ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਕਮੇਟੀ ਕਪੂਰਥਲਾ, ਜਥੇ ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਬੇਰ ਸਾਹਿਬ ਅਵਤਾਰ ਸਿੰਘ, ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ, ਬਾਬਾ ਜਸਪਾਲ ਸਿੰਘ ਨੀਲਾ ਨੇ ਕੀਤਾ।  ਉਪਰੰਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ 'ਚ ਸਜਾਇਆ ਗਿਆ । 

ਇਹ ਵੀ ਪੜ੍ਹੋ: ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ! ਮੌਸਮ ਦੀ ਆ ਗਈ ਤਾਜ਼ਾ ਅਪਡੇਟ, ਜਾਣੋ ਅਗਲੇ ਦਿਨਾਂ ਦਾ ਹਾਲ

ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਉਸ ਸਮੇਂ ਹੋਇਆ, ਜਦੋਂ ਭਾਰਤ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨਿਰਾਸ਼ਾ ਜਨਕ ਸਨ। ਸਾਰਾ ਦੇਸ਼ ਜਾਤ-ਪਾਤ, ਉੱਚ-ਨੀਚ ਅਤੇ ਈਰਖਾ ਦੀ ਅੱਗ ਵਿਚ ਸੜ ਰਿਹਾ ਸੀ। ਉਪਰੰਤ ਸਤਿਗੁਰੂ ਜੀ ਨੂੰ ਵੱਡੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਰਹਿਣ ਲਈ ਭੇਜ ਦਿੱਤਾ ਗਿਆ, ਜਿੱਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ’ਚ ਨੌਕਰੀ ਦਿਵਾ ਦਿੱਤੀ। 

ਉਪਰੰਤ ਤਕਰੀਬਨ 18 ਸਾਲ ਦੀ ਉਮਰ ਵਿਚ ਗੁਰੂ ਜੀ ਦੀ ਮੰਗਣੀ ਬਟਾਲੇ ਦੇ ਰਹਿਣ ਵਾਲੇ ਖੱਤਰੀ ਭਾਈ ਮੂਲ ਚੰਦ ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋ ਗਈ ਅਤੇ ਭਾਦੋਂ ਸਦੀ ਸੱਤਵੀਂ ਸੰਮਤ 1544 ਨੂੰ ਗੁਰੂ ਜੀ ਬਰਾਤੀਆਂ ਸਮੇਤ, ਜਿਨ੍ਹਾਂ ’ਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਇ ਜੀ ਅਤੇ ਨਵਾਬ ਦੌਲਤ ਖਾਂ ਅਤੇ ਸੱਜਣਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪੂਰੇ ਸੱਜ-ਧੱਜ ਕੇ ਸੁਲਤਾਨਪੁਰ ਲੋਧੀ ਤੋਂ ਬਰਾਤ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਇਤਿਹਾਸਕ ਸ਼ਹਿਰ ਬਟਾਲੇ ਬਰਾਤ ਦੇ ਰੂਪ ’ਚ ਪਹੁੰਚੇ। ਉਨ੍ਹਾਂ ਦੱਸਿਆ ਕਿ ਸਤਿਗੁਰੂ ਜੀ ਦੇ ਪਵਿੱਤਰ ਵਿਆਹ ਪੁਰਬ ਦੀ ਯਾਦ 'ਚ ਅੱਜ ਇਹ ਸਲਾਨਾ ਮਹਾਨ ਨਗਰ ਕੀਰਤਨ ਉਸੇ ਰਸਤੇ ਰਾਹੀਂ ਹੀ ਬਟਾਲਾ ਸਾਹਿਬ ਰਾਤ ਨੂੰ ਪੁੱਜੇਗਾ। ਇਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਖ ਵੱਖ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਗਿਆ ।

ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ! Board Exam ਨੂੰ ਲੈ ਕੇ ਹੋਇਆ ਵੱਡਾ ਐਲਾਨ

ਇਸ ਵਿਸ਼ਾਲ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਹਾਜਰੀ ਭਰੀ ਅਤੇ ਸਾਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਾਲਕੀ ਸਾਹਿਬ ਦੀ ਬੱਸ ਦੇ ਨਾਲ ਨਾਲ ਪੈਦਲ ਚਲਦੀਆਂ ਰਹੀਆਂ।  ਇਹ ਨਗਰ ਕੀਰਤਨ ਤਲਵੰਡੀ ਪੁਲ ਚੌਕ , ਸ਼ਾਲਾਪੁਰ ਬੇਟ, ਤਲਵੰਡੀ ਚੌਧਰੀਆਂ , ਮੁੰਡੀ ਮੋੜ , ਉੱਚਾ , ਫੱਤੂਢੀਘਾ , ਸੈਫਲਾਬਾਦ, ਸੁਰਖਪੁਰ, ਸੰਗੋਜਲਾ, ਜਾਤੀ ਕੇ, ਭੰਡਾਲ ਬੇਟ, ਪੱਡੇ ਬੇਟ, ਧਾਲੀਵਾਲ ਬੇਟ, ਢਿੱਲਵਾਂ, ਬਿਆਸ ਬਾਬਾ ਬਕਾਲਾ, ਅੱਚਲ ਸਾਹਿਬ, ਬਟਾਲਾ ਸਾਹਿਬ ਸ਼ਹਿਰ ਤੋਂ ਹੁੰਦੇ ਹੋਏ ਰਾਤ ਨੂੰ ਗੁਰਦੁਆਰਾ ਸਤਿਕਾਰਤਾਰੀਆ ਸਾਹਿਬ ਬਟਾਲਾ ਵਿਖੇ ਪਹੁੰਚ ਕੇ ਰਾਤ ਨੂੰ ਸੰਪੂਰਨ ਹੋਵੇਗਾ । ਰਸਤੇ 'ਚ ਖਾਲਸਾ ਮਾਰਬਲ ਹਾਊਸ ਤਲਵੰਡੀ ਰੋਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਜਥੇ ਭੁਪਿੰਦਰ ਸਿੰਘ ਖਾਲਸਾ ਤੇ ਹੋਰਨਾਂ ਵੱਲੋਂ ਕੀਤਾ ਗਿਆ ।ਤੇ ਹੋਰ ਵੱਖ ਵੱਖ ਥਾਵਾਂ ਤੇ ਨਗਰ ਕੀਰਤਨ ਦਾ ਸਵਾਗਤ ਸ਼ਰਧਾਲੂ ਸੰਗਤਾਂ ਵੱਲੋਂ ਬੜੇ ਅਦਬ ਪ੍ਰੇਮ ਨਾਲ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ।

ਇਸ ਸਮੇਂ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ, ਸੰਤ ਬਾਬਾ ਹਰਜੀਤ ਸਿੰਘ ਗੁਰਦੁਆਰਾ ਦਮਦਮਾ ਸਾਹਿਬ ਠੱਟਾ, ਬਾਬਾ ਜਸਪਾਲ ਸਿੰਘ ਸੁਲਤਾਨਪੁਰ ਲੋਧੀ, ਜਥੇ. ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਜਰਨੈਲ ਸਿੰਘ ਡੋਗਰਾਂਵਾਲ , ਜਥੇਦਾਰ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਭਾਈ ਕਰਨਜੀਤ ਸਿੰਘ ਆਹਲੀ ਵਿਦਵਾਨ ਕਥਾ ਵਾਚਕ ,ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਐਡਵੋਕੇਟ ਰਜਿੰਦਰ ਸਿੰਘ ਪਦਮ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿ ਬਟਾਲਾ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਵਾਲੇ ਹੈੱਡ ਗ੍ਰੰਥੀ ਬੇਰ ਸਾਹਿਬ , ਰਾਜਾ ਗੁਰਪ੍ਰੀਤ ਸਿੰਘ ਸੀਨੀਅਰ ਆਗੂ , ਭਾਈ ਹਰਜੀਤ ਸਿੰਘ ਹੈਡ ਪ੍ਰਚਾਰਕ ਮਾਝਾ ਜੋਨ, ਚੈਚਲ ਸਿੰਘ ਐਡੀਸਨਲ ਮੈਨੇਜਰ , ਗੁਰਪ੍ਰੀਤ ਸਿੰਘ ਐਡੀਸਨਲ ਮੈਨੇਜਰ , ਗੁਰਜੀਤ ਸਿੰਘ ਮੀਤ ਮੈਨੇਜਰ ਬੇਰ ਸਾਹਿਬ , ਜਰਨੈਲ ਸਿੰਘ ਬੂਲੇ ਸਾਬਕਾ ਮੈਨੇਜਰ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News