ਕੌਮਾਂਤਰੀ ਨਗਰ ਕੀਰਤਨ ਦਾ ਜਲੰਧਰ ਵਾਸੀਆਂ ਵੱਲੋਂ ਨਿੱਘਾ ਸੁਆਗਤ, ਸੰਗਤ ਦਾ ਉਮੜਿਆ ਸੈਲਾਬ

11/04/2019 11:30:28 PM

ਜਲੰਧਰ—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਦਾ ਜਲੰਧਰ ਪਹੁੰਚਣ 'ਤੇ ਸੰਗਤਾਂ ਵੱਲੋਂ ਜਾਹੋ-ਜਲਾਲ ਨਾਲ ਸੁਆਗਤ ਕੀਤਾ ਗਿਆ। ਦੇਰ ਰਾਤ ਜਲੰਧਰ ਪਹੁੰਚਿਆ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਵਿਖੇ ਠਹਿਰਾਅ ਕਰਨ ਬਾਅਦ ਅੱਜ ਸਵੇਰੇ 10 ਵਜੇ ਦੇ ਕਰੀਬ ਪੰਜ ਪਿਆਰਿਆਂ ਦੀ ਅਗਵਾਈ 'ਚ ਇਥੋਂ ਮੁੜ ਆਰੰਭ ਹੋਇਆ। ਇਥੇ ਸਵਾਗਤ ਕਰਨ ਅਤੇ ਸੰਗਤਾਂ ਦੀ ਸੇਵਾ ਕਰਨ ਵਾਲਿਆਂ 'ਚ ਪ੍ਰਧਾਨ ਹਰਭਜਨ ਸਿੰਘ ਸੈਣੀ, ਕੁਲਦੀਪ ਸਿੰਘ ਪਾਇਲਟ, ਐਡਵੋਕੇਟ ਅੰਮ੍ਰਿਤਪਾਲ ਸਿੰਘ ਭਾਰਜ, ਨਰਿੰਦਰ ਸਿੰਘ ਸੈਣੀ, ਹਰਵਿੰਦਰ ਸਿੰਘ ਨਾਗੀ, ਸਰਬਜੀਤ ਸਿੰਘ ਵਿਰਦੀ, ਭੁਪਿੰਦਰ ਸਿੰਘ ਕਸਬਿਆ, ਜਸਪਾਲ ਸਿੰਘ ਸੈਮੀ, ਗੁਰਮੇਲ ਸਿੰਘ ਸੈਣੀ, ਭੁਪਿੰਦਰ ਸਿੰਘ ਬੇਦੀ, ਸੋਹਣ ਸਿੰਘ ਮਠਾਰੂ, ਸੋਹਣ ਸਿੰਘ ਝੀਤਾ ਆਦਿ ਸ਼ਾਮਲ ਸਨ। ਗੁ. ਸਾਹਿਬ ਦੀ ਅਲੌਕਿਕ ਸਜਾਵਟ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਸੀ।

ਕੌਮਾਂਤਰੀ ਨਗਰ ਕੀਰਤਨ ਜਲੰਧਰ ਦੇ ਇੰਡਸਟਰੀਅਲ ਏਰੀਆ ਤੋਂ ਚੱਲ ਕੇ ਇਹ ਕੌਮਾਂਤਰੀ ਨਗਰ ਕੀਰਤਨ ਸੋਢਲ ਚੌਕ, ਗੁ. ਪ੍ਰੀਤ ਨਗਰ, ਕਿਸ਼ਨਪੁਰਾ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਪਟੇਲ ਚੌਕ, ਜੋਤੀ ਚੌਕ, ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਰਵਿਦਾਸ ਚੌਕ, ਮਾਡਲ ਹਾਊਸ ਅੱਡਾ ਬਸਤੀ ਸ਼ੇਖ, ਬਬਰੀਕ ਚੌਕ, ਗੁਰ. ਆਦਰਸ਼ ਨਗਰ, ਮਿੱਠੂ ਬਸਤੀ, ਬਸਤੀ ਬਾਵਾ ਖੇਲ ਤੋਂ ਹੁੰਦੇ ਹੋਏ ਆਪਣੇ ਅੰਗਲੇ ਪੜਾਅ ਕਪੂਰਥਲਾ ਲਈ ਰਵਾਨਾ ਹੋ ਗਿਆ। ਇਸ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਨਗਰ ਕੀਰਤਨ ਦੇ ਦਰਸ਼ਨਾਂ ਲਈ ਸੰਗਤਾਂ ਦੇਰ ਰਾਤ ਸੜਕਾਂ 'ਤੇ ਭਾਰੀ ਗਿਣਤੀ 'ਚ ਪਹੁੰਚੀਆਂ ਹਨ। ਇਸ ਦੌਰਾਨ ਥਾਂ-ਥਾਂ 'ਤੇ ਸ਼ਰਧਾਲੂਆਂ ਲਈ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਹਨ।ਰਵਾਨਗੀ ਮੌਕੇ ਬਲਜੀਤ ਸਿੰਘ ਨੀਲਾਮਹਿਲ, ਸਰਬਜੀਤ ਸਿੰਘ ਮੱਕੜ, ਮਨਿੰਦਰਪਾਲ ਸਿੰਘ ਗੁੰਬਰ, ਅਮਰਪ੍ਰੀਤ ਸਿੰਘ ਮੌਂਟੀ, ਦਲਜੀਤ ਸਿੰਘ ਬੇਦੀ, ਰਣਜੀਤ ਸਿੰਘ ਰਾਣਾ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਕਿਸ਼ਨਪੁਰਾ, ਰਵਿੰਦਰ ਸਿੰਘ ਸਵੀਟੀ, ਸੁਰਜੀਤ ਸਿੰਘ ਨੀਲਾਮਹਿਲ, ਸਰਬਜੀਤ ਸਿੰਘ ਪਨੇਸਰ, ਬੀਬੀ ਤਰਲੋਚਨ ਕੌਰ ਆਦਿ ਹਾਜ਼ਰ ਸਨ।
PunjabKesari

ਇਸ ਨਗਰ ਕੀਰਤਨ ਪ੍ਰਤੀ ਪੂਰੇ ਜ਼ਿਲਾ ਜਲੰਧਰ ਦੀਆਂ ਸੰਗਤਾਂ 'ਚ ਇੰਨਾ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਜਿੱਥੇ ਨਗਰ ਕੀਰਤਨ ਦੀ ਆਮਦ ਤੋਂ ਕਈ-ਕਈ ਘੰਟੇ ਪਹਿਲਾਂ ਸੰਗਤਾਂ ਇੰਤਜ਼ਾਰ ਕਰਦੀਆਂ ਨਜ਼ਰੀਂ ਪਈਆਂ, ਉਥੇ ਗੁਰਦੁਆਰਾ ਸਾਹਿਬਾਨ ਦੇ ਬਾਹਰ ਸਟੇਜਾਂ ਲਾ ਕੇ ਸੜਕਾਂ 'ਤੇ ਬੈਠ ਕੇ ਕੀਰਤਨ ਸਰਵਨ ਕਰ ਰਹੀਆਂ ਸੰਗਤਾਂ ਅਜਿਹਾ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਸਨ ਕਿ ਮੰਨੋ ਬਾਬਾ ਨਾਨਕ ਖੁਦ ਮੁੜ ਤੋਂ ਇਸ ਸੰਸਾਰ 'ਚ ਆ ਗਏ ਹੋਣ। ਹਰ ਧਰਮ, ਵਰਗ ਦੇ ਸ਼ਰਧਾਲੂ ਇਕ-ਦੂਸਰੇ ਤੋਂ ਅੱਗੇ ਹੋ ਕੇ ਸੁੰਦਰ ਵਾਹਨ 'ਚ ਸਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਗੇ ਨਤਮਸਤਕ ਹੋਣ ਲਈ ਬੇਸਬਰੇ ਨਜ਼ਰ ਆ ਰਹੇ ਸਨ। ਇਸ ਸਬੰਧੀ ਕਈ ਸ਼ਰਧਾਲੂਆਂ ਦੇ ਵਿਚਾਰ ਜਾਣਨ 'ਤੇ ਇਕੋ ਗੱਲ ਸਾਹਮਣੇ ਆਈ ਕਿ 550 ਸਾਲਾ ਆਗਮਨ ਦਿਹਾੜਾ ਕਿਸਮਤ ਨਾਲ ਸਾਡੇ ਸਮੇਂ 'ਚ ਗਿਆ। 600 ਸਾਲਾ ਪਤਾ ਨਹੀਂ ਕਿਹੜੀ ਪੀੜ੍ਹੀ ਦੇ ਨਸੀਬ 'ਚ ਹੋਵੇਗਾ। ਹਰ ਕੋਈ ਆਪਣੀ ਸਮਰੱਥਾ ਮੁਤਾਬਕ ਸੰਗਤਾਂ ਦੀ ਸੇਵਾ ਕਰਨ ਲਈ ਉਤਸੁਕ ਸੀ।

 

PunjabKesari

ਕੌਮਾਂਤਰੀ ਨਗਰ ਕੀਰਤਨ ਜਲੰਧਰ ਦੇ ਇੰਡਸਟਰੀਅਲ ਏਰੀਆ ਤੋਂ ਪਟੇਲ ਚੌਕ, ਬਸਤੀ ਅੱਡਾ, ਜੌਤੀ ਚੌਕ, ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਮਾਡਲ ਟਾਊਨ, ਮਾਡਲ ਟਾਊਨ ਗੁਰਦੁਆਰੇ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਰਵਿਦਾਸ ਚੌਕ ਪੁੱਜਾ ਹੈ। ਜਿਥੋਂ ਇਹ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਅੱਗੇ ਵਧ ਰਿਹਾ ਹੈ। ਇਸ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਨਗਰ ਕੀਰਤਨ ਦੇ ਦਰਸ਼ਨਾਂ ਲਈ ਸੰਗਤਾਂ ਦੇਰ ਰਾਤ ਸੜਕਾਂ 'ਤੇ ਭਾਰੀ ਗਿਣਤੀ 'ਚ ਪਹੁੰਚੀਆਂ ਹਨ। ਜਲੰਧਰ 'ਚੋਂ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਇਹ ਨਗਰ ਕੀਰਤਨ 5 ਨਵੰਬਰ ਨੂੰ ਕਪੂਰਥਲਾ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ, ਇਸ ਦੌਰਾਨ ਥਾਂ-ਥਾਂ 'ਤੇ ਸ਼ਰਧਾਲੂਆਂ ਲਈ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਹਨ।

PunjabKesariਇਸ ਨਗਰ ਕੀਰਤਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਜਿੱਥੇ ਲੋਕਲ ਧਾਰਮਿਕ ਸੰਸਥਾਵਾਂ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਸਨ, ਉਥੇ ਪਹਿਲੇ ਦਿਨ ਤੋਂ ਹੀ ਨਾਲ ਚੱਲ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਸੇਵਾਦਾਰ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਸਨ। ਨਗਰ ਕੀਰਤਨ ਦੀ ਆਮਦ ਦਾ ਸੂਚਕ ਨਗਾਰਾ ਨਗਰ ਕੀਰਤਨ ਦੇ ਆਉਣ ਪ੍ਰਤੀ ਸੰਗਤਾਂ ਨੂੰ ਸੂਚਿਤ ਕਰ ਰਿਹਾ ਸੀ, ਜਿਸ ਦੀ ਸੇਵਾ ਨਿਹੰਗ ਸਿੰਘ ਜਥੇ ਦੇ ਮੈਂਬਰ ਕਰ ਰਹੇ ਸਨ। ਇਸ ਤੋਂ ਬਾਅਦ ਲਗਭਗ 500 ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਜਥਾ ਚੱਲ ਰਿਹਾ ਸੀ। ਨਗਰ ਕੀਰਤਨ ਦੀ ਅਗਵਾਈ ਗੁਰੂ ਕੇ ਸਾਜੇ ਪੰਜ ਪਿਆਰੇ ਕਰ ਰਹੇ ਸਨ, ਜਦਕਿ ਗੁਰੂ ਸਾਹਿਬਾਨ ਦੇ ਅਦਬ-ਸਤਿਕਾਰ ਨੂੰ ਮੁੱਖ ਰੱਖਦਿਆਂ ਰਸਤੇ ਦੀ ਸਾਫ-ਸਫਾਈ ਅਤੇ ਫੁੱਲਾਂ ਦੀ ਵਰਖਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਸਮੇਸ਼ ਸੇਵਕ ਸਭਾ ਅਤੇ ਹੋਰ ਸੇਵਾ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਸੀ। ਪੰਜ ਪਿਆਰਿਆਂ ਦੇ ਅੱਗੇ ਨਿਸ਼ਾਨ ਸਾਹਿਬ ਚੁੱਕ ਕੇ ਖਾਲਸਾਈ ਬਾਣੇ 'ਚ ਸਜੇ ਨਿਸ਼ਾਨਚੀ ਸਿੰਘ ਚੱਲ ਰਹੇ ਸਨ। ਗੁਰੂ ਸਾਹਿਬ ਦੀ ਹਜ਼ੂਰੀ ਚੌਰ ਸਾਹਿਬ ਦੀ ਸੇਵਾ ਬਾਬਾ ਜੀਤ ਸਿੰਘ ਜੀ ਜੌਹਲਾਂ ਵਾਲੇ ਅਤੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਕਰ ਰਹੇ ਸਨ। ਪਾਈਪ ਬੈਂਡ ਵਾਲੇ ਨੌਜਵਾਨ ਮਧੁਰ ਧੁਨਾਂ ਅਤੇ ਪ੍ਰਭਾਵਸ਼ਾਲੀ ਕਰਤੱਬਾਂ ਨਾਲ ਸੰਗਤਾਂ ਨੂੰ ਪ੍ਰਭਾਵਿਤ ਕਰ ਰਹੇ ਸਨ।
ਸੋਢਲ ਚੌਕ ਵਿਖੇ ਗੁਰ. ਸੋਢਲ ਛਾਉਣੀ ਨਿਹੰਗ ਸਿੰਘਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਗੁਰ. ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਵਿਖੇ ਪ੍ਰਬੰਧਕ ਕਮੇਟੀ ਵਲੋਂ ਲਾਈ ਸਟੇਜ ਤੋਂ ਜਿਥੇ ਨਗਰ ਕੀਰਤਨ ਨੂੰ ਫੁੱਲਾਂ ਦੀ ਵਰਖਾ ਕਰ ਕੇ ਜੀ ਆਇਆਂ ਕਿਹਾ ਗਿਆ, ਉਥੇ ਸੰਗਤਾਂ ਦੀ ਗੁਰੂ ਕੇ ਲੰਗਰਾਂ ਨਾਲ ਸੇਵਾ ਕੀਤੀ ਗਈ।
PunjabKesari

ਕਿਸ਼ਨਪੁਰਾ ਚੌਕ ਵਿਖੇ ਆਸ-ਪਾਸ ਦੇ ਮੁਹੱਲਿਆਂ ਤੇ ਕਸਬਿਆਂ ਤੋਂ ਜੁੜੀਆਂ ਵੱਡੀ ਗਿਣਤੀ 'ਚ ਸੰਗਤਾਂ ਨੇ ਨਗਰ ਕੀਰਤਨ ਦਾ ਸ਼ਰਧਾਪੂਰਵਕ ਸਵਾਗਤ ਕੀਤਾ ਅਤੇ ਗੁਰੂ ਸਾਹਿਬ ਦੀ ਸਵਾਰੀ ਅੱਗੇ ਨਤਮਸਤਕ ਹੋ ਕੇ ਖੁਸ਼ੀਆਂ ਹਾਸਲ ਕੀਤੀਆਂ। ਸੰਗਤਾਂ ਦੀ ਸੇਵਾ ਲਈ ਕਈ ਤਰ੍ਹਾਂ ਦੇ ਸਟਾਲ ਲਾਏ ਗਏ ਸਨ। ਗੁਰ. ਦੋਆਬਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਵਿਖੇ ਲਾਈ ਗਈ ਸਟੇਜ ਤੋਂ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਨਗਰ ਕੀਰਤਨ ਦਾ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ। ਫੁੱਲਾਂ ਦੀ ਵਰਖਾ ਕੀਤੀ ਅਤੇ ਵੱਖ-ਵੱਖ ਪਦਾਰਥਾਂ ਦੇ ਗੁਰੂ ਕੇ ਅਤੁੱਟ ਲੰਗਰਾਂ ਨਾਲ ਸੰਗਤਾਂ ਦੀ ਸੇਵਾ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦੇ ਪ੍ਰਮੁੱਖ ਪ੍ਰਬੰਧਕਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਨਿਵਾਜ਼ਿਆ ਗਿਆ।

 

PunjabKesariਨੀਲਾਮਹਿਲ ਵਿਖੇ ਗੁਰੂ ਰਾਮਦਾਸ ਸੇਵਾ ਸੋਸਾਇਟੀ ਅਤੇ ਸ਼ੀਤਲਾ ਮੰਦਰ ਦੇ ਨਜ਼ਦੀਕ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਸੰਗਤਾਂ ਦੀ ਕਈ ਪ੍ਰਕਾਰ ਦੇ ਲੰਗਰਾਂ ਨਾਲ ਸੇਵਾ ਕੀਤੀ ਗਈ। ਇਥੇ ਸੇਵਾ ਕਰਨ ਵਾਲਿਆਂ 'ਚ ਸੋਸਾਇਟੀ ਦੇ ਸਮੂਹ ਸੇਵਾਦਾਰ ਕਾਰਜਸ਼ੀਲ ਸਨ। ਡੇਰਾ ਗੋਪਾਲ ਨਗਰ ਦੇ ਪ੍ਰਮੁੱਖ ਸਵਾਮੀ ਸ਼ਾਂਤਾਨੰਦ ਨੇ ਵੱਡੀ ਗਿਣਤੀ 'ਚ ਸੰਗਤਾਂ ਨਾਲ ਸਾਈਂਦਾਸ ਸਕੂਲ ਦੇ ਬਾਹਰ ਨਗਰ ਕੀਰਤਨ ਦਾ ਸ਼ਰਧਾਪੂਰਵਕ ਸਵਾਗਤ ਕੀਤਾ। ਪਟੇਲ ਚੌਕ ਵਿਖੇ ਕਈ ਧਾਰਮਿਕ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਜਿੱਥੇ ਫੁੱਲਾਂ ਦੀ ਵਰਖਾ ਕਰ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ, ਉਥੇ ਵੱਖ-ਵੱਖ ਸਟਾਲਾਂ ਤੋਂ ਸੰਗਤਾਂ ਦੀ ਸ਼ਰਧਾਪੂਰਵਕ ਸੇਵਾ ਕੀਤੀ ਗਈ। ਪੁਰਾਣੀ ਸਬਜ਼ੀ ਮੰਡੀ ਤਕ ਥਾਂ-ਥਾਂ 'ਤੇ ਜਿੱਥੇ ਸਵਾਗਤੀ ਸਟਾਲ ਲੱਗੇ ਹੋਏ ਸਨ, ਉਥੇ ਦੂਰ-ਦੁਰਾਡੇ ਤੋਂ ਆਈਆਂ ਵੱਡੀ ਗਿਣਤੀ 'ਚ ਸੰਗਤਾਂ ਨਗਰ ਕੀਰਤਨ ਦਾ ਹਿੱਸਾ ਬਣੀਆਂ। ਪੁਰਾਣੀ ਸਬਜ਼ੀ ਮੰਡੀ ਸ਼ਾਪਕੀਪਰ ਵੈੱਲਫੇਅਰ ਐਸੋਸੀਏਸ਼ਨ ਅਤੇ ਹੋਰ ਕਈ ਸੰਸਥਾਵਾਂ ਵਲੋਂ ਸੰਗਤਾਂ ਦੀ ਬੜੇ ਚਾਅ-ਮਲਾਰ ਨਾਲ ਸੇਵਾ ਕੀਤੀ ਜਾ ਰਹੀ ਸੀ। ਸੇਵਾ ਕਰਨ ਵਾਲਿਆਂ 'ਚ ਤਲਵਿੰਦਰ ਸਿੰਘ ਸ਼ੇਰੂ, ਮਨਵੀਰ ਸਿੰਘ ਕਰਨ, ਗੁਰਮੀਤ ਸਿੰਘ ਬਿੱਟੂ, ਬਲਵਿੰਦਰ ਸਿੰਘ ਚਾਵਲਾ, ਰਮੇਸ਼ ਸਹਿਗਲ, ਅਮਨਦੀਪ ਸਿੰਘ ਗਲਹੋਤਰਾ, ਦਲਜੀਤ ਸਿੰਘ ਕ੍ਰਿਸਟਲ, ਹਰਜੀਤ ਸਿੰਘ ਪ੍ਰਿੰਸ, ਐਡਵੋਕੇਟ ਦਮਨਜੀਤ ਸਿੰਘ, ਵਰਿੰਦਰ ਸਿੰਘ ਬਿੰਦਰਾ ਆਦਿ ਹਾਜ਼ਰ ਸਨ।

PunjabKesariਪੁਰਾਣੀ ਜੇਲ ਤੋਂ ਅਲੀ ਮੁਹੱਲਾ ਤੱਕ ਥਾਂ-ਥਾਂ 'ਤੇ ਵੱਖ-ਵੱਖ ਸੋਸਾਇਟੀਆਂ ਵੱਲੋਂ ਸਵਾਗਤੀ ਸਟਾਲਾਂ ਨਾਲ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਨਾਲ-ਨਾਲ ਵੱਖ-ਵੱਖ ਪਦਾਰਥਾਂ ਨਾਲ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਸੀ। ਬਸਤੀ ਅੱਡਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਬਾਜ਼ਾਰ ਬਾਂਸਾਂ ਦੇ ਸਮੂਹ ਸੇਵਾਦਾਰ ਸੰਗਤਾਂ ਦੀ ਸੇਵਾ 'ਚ ਜੁਟੇ ਹੋਏ ਸਨ। ਇਥੇ ਸੇਵਾ ਕਰਨ ਵਾਲਿਆਂ 'ਚ ਮਹਿੰਦਰ ਸਿੰਘ ਚਮਕ, ਗੁਰਮੁਖ ਸਿੰਘ ਚੱਕੀ ਵਾਲੇ, ਇੰਦਰਪਾਲ ਸਿੰਘ ਬਸਤੀ ਸ਼ੇਖ ਆਦਿ ਸ਼ਾਮਲ ਸਨ। ਅਲੀ ਮੁਹੱਲਾ ਵਿਖੇ ਸਿੱਖ ਤਾਲਮੇਲ ਕਮੇਟੀ ਵਲੋਂ ਕੜਾਹ ਪ੍ਰਸ਼ਾਦਿ ਦੀ ਸੇਵਾ ਕੀਤੀ ਜਾ ਰਹੀ ਸੀ। ਉਥੇ ਕਮੇਟੀ ਵੱਲੋਂ ਬੱਚਿਆਂ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜੀ ਰੱਖਣ ਦੇ ਮਨਸ਼ੇ ਨਾਲ ਨਗਰ ਕੀਰਤਨ ਦੇ ਨਾਲ ਚੱਲਦਿਆਂ-ਚੱਲਦਿਆਂ ਧਾਰਮਿਕ ਸਵਾਲਾਂ ਦੇ ਜਵਾਬ ਕੁਇਜ਼ ਦੇ ਰੂਪ 'ਚ ਲਏ ਜਾ ਰਹੇ ਸਨ। ਠੀਕ ਜਵਾਬ ਦੇਣ ਵਾਲੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਲਈ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਸੀ। ਸੇਵਾ ਕਰਨ ਵਾਲਿਆਂ 'ਚ ਤੇਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਰੌਬਿਨ, ਹਰਪ੍ਰੀਤ ਸਿੰਘ ਸੋਨੂੰ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਬਸਤੀ ਮਿੱਠੂ, ਪ੍ਰਭਜੋਤ ਸਿੰਘ, ਗੁਰਜੀਤ ਸਿੰਘ ਸਤਨਾਮੀਆ, ਪਰਜਿੰਦਰ ਸਿੰਘ ਆਦਿ ਹਾਜ਼ਰ ਸਨ।

 

PunjabKesariਜੋਤੀ ਚੌਕ ਵਿਖੇ ਸ਼੍ਰੀ ਅਵਿਨਾਸ਼ ਚੋਪੜਾ ਨੇ ਕੀਤਾ ਭਰਵਾਂ ਸਵਾਗਤ
ਜੋਤੀ ਚੌਕ ਵਿਖੇ ਪੰਜਾਬ ਕੇਸਰੀ ਗਰੁੱਪ ਵੱਲੋਂ ਜੁਆਇੰਟ ਐਡੀਟਰ ਸ਼੍ਰੀ ਅਵਿਨਾਸ਼ ਚੋਪੜਾ ਨੇ ਜਿੱਥੇ ਗਰੁੱਪ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ, ਉਥੇ ਗੁਰੂ ਚਰਨਾਂ 'ਚ ਨਤਮਸਤਕ ਹੁੰਦੇ ਹੋਏ ਪ੍ਰਸ਼ਾਦਿ ਭੇਟਾ ਕੀਤਾ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਉਥੇ ਹੀ ਉਨ੍ਹਾਂ ਨੇ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਸ਼੍ਰੀ ਅਵਿਨਾਸ਼ ਚੋਪੜਾ ਨੂੰ ਸਿੱਖ ਤਾਲਮੇਲ ਕਮੇਟੀ ਵਲੋਂ ਹਰਪਾਲ ਸਿੰਘ ਚੱਢਾ ਨੇ ਸਿਰੋਪਾਓ ਭੇਟ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਰਮਜੀਤ ਸਿੰਘ ਭਾਟੀਆ, ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ, ਰਾਜਿੰਦਰ ਬੇਰੀ ਵਿਧਾਇਕ, ਸ਼ੈਰੀ ਚੱਢਾ ਕੌਂਸਲਰ, ਦੀਪਕ ਬਾਲੀ, ਸਾਬਕਾ ਕੌਂਸਲਰ ਸਤਬੀਰ ਸਿੰਘ ਗੋਲਡੀ ਆਦਿ ਹਾਜ਼ਰ ਸਨ।
ਜੋਤੀ ਚੌਕ ਤੋਂ ਵਾਇਆ ਨਕੋਦਰ ਚੌਕ ਅਤੇ ਗੁਰੂ ਨਾਨਕ ਮਿਸ਼ਨ ਚੌਕ ਤਕ ਥਾਂ-ਥਾਂ 'ਤੇ ਵੱਖ-ਵੱਖ ਸੋਸਾਇਟੀਆਂ, ਵੱਖ-ਵੱਖ ਪਰਿਵਾਰਾਂ ਅਤੇ ਦੁਕਾਨਦਾਰ ਐਸੋਸੀਏਸ਼ਨਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਸੇਵਾ ਲਈ ਕਈ ਤਰ੍ਹਾਂ ਦੇ ਸਟਾਲ ਲਾਏ ਗਏ। ਗੁਰੂ ਨਾਨਕ ਮਿਸ਼ਨ ਚੌਕ ਵਿਖੇ ਲਾਈ ਗਈ ਵਿਸ਼ਾਲ ਸਟੇਜ ਤੋਂ ਹਜ਼ਾਰਾਂ ਦੀ ਗਿਣਤੀ 'ਚ ਜੁੜੀਆਂ ਸੰਗਤਾਂ ਨੇ ਆਕਾਸ਼ ਗੂੰਜਾਊਂ ਜੈਕਾਰਿਆਂ ਦੀ ਗੂੰਜ 'ਚ ਫੁੱਲਾਂ ਦੀ ਭਰਵੀਂ ਵਰਖਾ ਕਰਦੇ ਹੋਏ ਨਗਰ ਕੀਰਤਨ ਨੂੰ ਜੀ ਆਇਆਂ ਕਿਹਾ। ਸਟੇਜ ਤੋਂ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ, ਉਥੇ ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਅਖਾੜਾ ਦੇ ਜੁਝਾਰੂ ਨੌਜਵਾਨ ਗੁਰੂ ਨਾਨਕ ਮਿਸ਼ਨ ਚੌਕ 'ਚ ਲੱਗੀ ਵਿਸ਼ੇਸ਼ ਸਟੇਜ ਤੋਂ ਮਾਰਸ਼ਲ ਆਰਟ ਗਤਕੇ ਦੇ ਜੌਹਰ ਦਿਖਾ ਰਹੇ ਸਨ। ਉਥੇ ਉਸੇ ਹੀ ਸਟੇਜ ਤੋਂ ਨੌਜਵਾਨਾਂ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨ ਲਈ ਨੌਜਵਾਨ ਜਥੇ ਦੇ ਮੈਂਬਰ ਇਛੁੱਕ ਨੌਜਵਾਨਾਂ ਨੂੰ ਸੁੰਦਰ ਦਸਤਾਰਾਂ ਸਜਾ ਰਹੇ ਸਨ। ਇਥੇ ਮੁਸਲਿਮ ਭਾਈਚਾਰੇ ਅਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਦੇ ਸੰਤ-ਮਹਾਪੁਰਖ ਭਾਰੀ ਗਿਣਤੀ 'ਚ ਜਥਿਆਂ ਦੇ ਰੂਪ 'ਚ ਸ਼ਾਮਲ ਹੋਏ। ਇਥੇ ਮੁੱਖ ਰੂਪ 'ਚ ਸਰਬਜੀਤ ਸਿੰਘ ਮੱਕੜ, ਮੋਹਣ ਸਿੰਘ ਢੀਂਡਸਾ ਪ੍ਰਧਾਨ ਗੁ. ਦੀਵਾਨ ਅਸਥਾਨ, ਇਕਬਾਲ ਸਿੰਘ ਢੀਂਡਸਾ, ਗੁਰਮੀਤ ਸਿੰਘ ਬਿੱਟੂ, ਸੁਖਮਿੰਦਰ ਸਿੰਘ ਰਾਜਪਾਲ, ਚਰਨਜੀਤ ਸਿੰਘ ਮੱਕੜ, ਜਸਕੀਰਤ ਸਿੰਘ ਜੱਸੀ, ਇੰਦਰਜੀਤ ਸਿੰਘ ਸੋਨੂੰ, ਰਾਜਵੀਰ ਸਿੰਘ ਸ਼ੰਟੀ, ਦਵਿੰਦਰ ਸਿੰਘ ਰਹੇਜਾ, ਮਨਵੀਰ ਸਿੰਘ ਅਕਾਲੀ, ਆਯੂਬ ਖਾਨ, ਸੰਤ ਸਤਵਿੰਦਰ ਸਿੰਘ ਹੀਰਾ, ਗਿਆਨ ਚੰਦ ਆਦਿ ਹਾਜ਼ਰ ਸਨ।

PunjabKesariਇੰਟਰਨੈਸ਼ਨਲ ਸਿੱਖ ਕੌਂਸਲ ਨੇ ਸੰਗਤਾਂ ਨੂੰ ਬੂਟਿਆਂ ਦਾ ਲੰਗਰ ਵੰਡਿਆ
ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਸਮੇਂ ਦੀ ਲੋੜ ਮੁਤਾਬਕ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਮਾਡਲ ਟਾਊਨ ਰੋਡ 'ਤੇ ਲਾਏ ਗਏ ਸਵਾਗਤੀ ਸਟਾਲ ਤੋਂ ਜਿੱਥੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ, ਉਥੇ ਹਰਿਆਲੀ ਨੂੰ ਉਤਸ਼ਾਹਿਤ ਕਰਦੇ ਹੋਏ ਸੰਗਤਾਂ ਨੂੰ ਬੂਟਿਆਂ ਦਾ ਲੰਗਰ ਵੰਡਿਆ ਗਿਆ। ਇਥੇ ਸੇਵਾ ਕਰਨ ਵਾਲਿਆਂ 'ਚ ਮਨਦੀਪ ਸਿੰਘ ਮਿੱਠੂ, ਜਗਦੀਪ ਸਿੰਘ ਸੰਧਰ, ਪ੍ਰਿਤਪਾਲ ਸਿੰਘ ਕੁਕਰੇਜਾ, ਮਨਪ੍ਰੀਤ ਸਿੰਘ ਗਾਬਾ, ਰਛਪਾਲ ਸਿੰਘ ਜਾਫਲ, ਡਾ. ਅਜੀਤ ਸਿੰਘ ਬਾਵਾ, ਨਰਿੰਦਰਪਾਲ ਸਿੰਘ, ਮਨਮੋਹਨ ਸਿੰਘ ਬਿੱਲਾ, ਪਰਮਜੋਤ ਸਿੰਘ ਭਾਰਜ ਆਦਿ ਸ਼ਾਮਲ ਸਨ। ਮਾਡਲ ਟਾਊਨ ਰੋਡ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਲਾਏ ਗਏ ਸਵਾਗਤੀ ਸਟਾਲ ਤੋਂ ਸੰਗਤਾਂ ਦੀ ਫਲ-ਫਰੂਟ ਨਾਲ ਸੇਵਾ ਕੀਤੀ ਜਾ ਰਹੀ ਸੀ।

PunjabKesari...ਜਦੋਂ ਸੰਗਤਾਂ ਨੇ ਸੜਕ 'ਤੇ ਹੀ ਦਰੀਆਂ ਵਿਛਾ ਕੇ ਗੁਰਬਾਣੀ ਸਰਵਣ ਕੀਤੀ
ਗੁਰਦੁਆਰਾ ਸ੍ਰੀ ਸਿੰਘ ਸਭਾ ਮਾਡਲ ਟਾਊਨ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਲਾਈ ਗਈ ਵਿਸ਼ਾਲ ਸਟੇਜ ਤੋਂ ਭਾਰੀ ਗਿਣਤੀ 'ਚ ਜੁੜੀਆਂ ਸੰਗਤਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਗਾਇਨ ਕੀਤਾ, ਜਿਸ ਨੂੰ ਸਰਵਣ ਕਰਨ ਲਈ ਸੰਗਤਾਂ ਸੜਕ 'ਤੇ ਹੀ ਦਰੀਆਂ ਵਿਛਾ ਕੇ ਸ਼ਰਧਾਪੂਰਵਰਕ ਸਰਵਣ ਕਰ ਰਹੀਆਂ ਸਨ, ਜੋ ਕਿ ਆਪਣੇ ਆਪ 'ਚ ਇਕ ਅਲੌਕਿਕ ਨਜ਼ਾਰਾ ਪੇਸ਼ ਹੋ ਰਿਹਾ ਸੀ। ਇਥੇ ਸੇਵਾ ਕਰਨ ਵਾਲਿਆਂ 'ਚ ਪ੍ਰਧਾਨ ਅਜੀਤ ਸਿੰਘ ਸੇਠੀ, ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਕੁਲਤਾਰਨ ਸਿੰਘ ਆਨੰਦ, ਗਗਨਦੀਪ ਸਿੰਘ ਸੇਠੀ, ਤੇਜਦੀਪ ਸਿੰਘ ਸੇਠੀ, ਡਾ. ਐੈੱਮ. ਐੈੱਚ. ਹੂਰੀਆ ਆਦਿ ਸ਼ਾਮਲ ਸਨ।

PunjabKesariਪੰਜਾਬ ਐਂਡ ਸਿੰਧ ਬੈਂਕ ਦੀ ਗੁਰੂ ਤੇਗ ਬਹਾਦਰ ਨਗਰ ਬ੍ਰਾਂਚ ਵੱਲੋਂ ਸੰਗਤਾਂ ਦੀ ਸੇਵਾ ਲਈ ਡਰਾਈ ਫਰੂਟ ਵਾਲੇ ਦੁੱਧ ਦਾ ਸਟਾਲ ਲਾਇਆ ਗਿਆ ਸੀ। ਇਥੇ ਸੇਵਾ ਕਰਨ ਵਾਲਿਆਂ 'ਚ ਲਲਿਤ ਕੁਮਾਰ ਸ਼ਰਮਾ, ਰਛਪਾਲ ਸਿੰਘ, ਜੇ. ਐੈੱਸ. ਮਿਸ਼ਰਾ, ਧਰਮਿੰਦਰ ਮੀਨਾ ਅਤੇ ਸਮੂਹ ਸਟਾਫ ਮੈਂਬਰ ਸ਼ਾਮਲ ਸਨ। ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਲਾਈ ਗਈ ਸਟੇਜ ਤੋਂ ਜਿਥੇ ਨਗਰ ਕੀਰਤਨ ਦਾ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ, ਉਥੇ ਨਗਰ ਕੀਰਤਨ ਦੇ ਪ੍ਰਬੰਧਕਾਂ ਦਾ ਸਨਮਾਨ ਵੀ ਕੀਤਾ ਗਿਆ। ਇਥੇ ਸੇਵਾ ਕਰਨ ਵਾਲਿਆਂ 'ਚ ਜਥੇਦਾਰ ਜਗਜੀਤ ਸਿੰਘ ਗਾਬਾ, ਕੰਵਲਜੀਤ ਸਿੰਘ ਟੋਨੀ, ਪਰਮਜੀਤ ਸਿੰਘ ਭਲਵਾਨ, ਪਰਮਜੀਤ ਸਿੰਘ ਕਾਨਪੁਰੀ, ਕੰਵਲਜੀਤ ਸਿੰਘ ਗ੍ਰੀਨ ਲੈਂਡ, ਭੁਪਿੰਦਰ ਸਿੰਘ ਭਿੰਦਾ, ਕੁਲਵਿੰਦਰ ਸਿੰਘ ਮੱਲੀ, ਗੁਰਵਿੰਦਰ ਸਿੰਘ ਸੰਤ ਮੋਟਰ, ਮਨਜੀਤ ਸਿੰਘ ਠੁਕਰਾਲ, ਜੁਗਿੰਦਰ ਸਿੰਘ ਲਾਇਲਪੁਰੀ, ਸੁਰਜੀਤ ਸਿੰਘ ਮੈਨੇਜਰ ਆਦਿ ਹਾਜ਼ਰ ਸਨ।

PunjabKesariਭਾਈ ਜੈਤਾ ਜੀ ਮਾਰਕੀਟ ਵਿਖੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਲਾਈ ਗਈ ਸਟੇਜ ਤੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਅਤੇ ਲੰਗਰਾਂ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ। ਸੇਵਾ ਕਰਨ ਵਾਲਿਆਂ 'ਚ ਪ੍ਰਤਾਪ ਸਿੰਘ ਭਾਪਾ, ਹਨੀ ਕਾਲੜਾ, ਸਤਨਾਮ ਸਿੰਘ ਸਰਾਫ, ਹਰਦਿਆਲ ਸਿੰਘ, ਮਿੰਟੂ ਕਾਲੜਾ, ਕੰਵਲਜੀਤ ਸਿੰਘ ਸਾਬਕਾ ਸੁਪਰਡੈਂਟ, ਢੀਂਗਰਾ ਸਟੋਰ ਆਦਿ ਸ਼ਾਮਲ ਸਨ। ਗੁਰੂ ਤੇਗ ਬਹਾਦਰ ਨਗਰ ਤੋਂ ਮਾਡਲ ਹਾਊਸ ਤੱਕ ਥਾਂ-ਥਾਂ 'ਤੇ ਸਵਾਗਤੀ ਸਟਾਲ ਅਤੇ ਲੰਗਰਾਂ ਦੇ ਸਟਾਲ ਲੱਗੇ ਹੋਏ ਸਨ। ਮਾਤਾ ਰਾਣੀ ਚੌਕ ਮਾਡਲ ਹਾਊਸ ਵਿਖੇ ਗੁਰ. ਸ੍ਰੀ ਗੁਰੂ ਸਿੰਘ ਸਭਾ ਮਾਡਲ ਹਾਊਸ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਊਧਮ ਸਿੰਘ ਕਲੱਬ ਦੇ ਸਹਿਯੋਗ ਨਾਲ ਲਾਈ ਗਈ ਵਿਸ਼ਾਲ ਸਟੇਜ ਤੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਵੱਖ-ਵੱਖ ਪਦਾਰਥਾਂ ਦੇ ਲੰਗਰਾਂ ਨਾਲ ਸੇਵਾ ਕੀਤੀ ਗਈ। ਇਥੇ ਸੇਵਾ ਕਰਨ ਵਾਲਿਆਂ 'ਚ ਅਮਰਜੀਤ ਸਿੰਘ ਮਿੱਠਾ, ਕੁਲਵਿੰਦਰ ਸਿੰਘ ਹੀਰਾ, ਮਹੇਸ਼ਇੰਦਰ ਸਿੰਘ ਧਾਮੀ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਟੋਨੀ, ਸੁਰਿੰਦਰ ਸਿੰਘ ਸੈਣੀ, ਮੇਜਰ ਸਿੰਘ ਆਦਿ ਹਾਜ਼ਰ ਸਨ। ਮਾਡਲ ਹਾਊਸ ਤੋਂ ਗੁਰ. ਆਦਰਸ਼ ਨਗਰ ਤੱਕ ਵੀ ਸੰਗਤਾਂ ਦਾ ਉਤਸ਼ਾਹ ਦੇਖਣਯੋਗ ਬਣ ਰਿਹਾ ਸੀ, ਜਿੱਥੇ ਰਸਤੇ 'ਚ ਚੱਪੇ-ਚੱਪੇ 'ਤੇ ਸਵਾਗਤੀ ਸਟਾਲ ਅਤੇ ਲੰਗਰ ਲੱਗੇ ਹੋਏ ਸਨ। ਗੁ. ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਦੇ ਬਾਹਰ ਲਾਈ ਗਈ ਵਿਸ਼ਾਲ ਸਟੇਜ ਤੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਵੱਖ-ਵੱਖ ਪਦਾਰਥਾਂ ਨਾਲ ਸੇਵਾ ਕੀਤੀ ਗਈ।

PunjabKesariਇਥੋਂ ਇਹ ਨਗਰ ਕੀਰਤਨ ਬਸਤੀ ਮਿੱਠੂ ਵਿਖੇ ਪੁੱਜਿਆ, ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਨਗਰ ਕੀਰਤਨ ਦਾ ਪੁਰਜ਼ੋਰ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸੰਗਤਾਂ ਦੀ ਵੱਖ-ਵੱਖ ਪਦਾਰਥਾਂ ਨਾਲ ਸੇਵਾ ਕੀਤੀ ਗਈ। ਉਥੋਂ ਦੇਰ ਰਾਤ ਇਹ ਨਗਰ ਕੀਰਤਨ ਆਪਣੇ ਅਗਲੇ ਪੜਾਅ ਕਪੂਰਥਲਾ ਲਈ ਰਵਾਨਾ ਹੋ ਗਿਆ। ਇਥੇ ਇਹ ਦੱਸਣਯੋਗ ਹੈ ਕਿ ਇਸ ਨਗਰ ਕੀਰਤਨ ਨੇ ਲੋਕਾਂ ਨੂੰ 35-40 ਸਾਲ ਪੁਰਾਣਾ ਉਹ ਸਮਾਂ ਯਾਦ ਕਰਵਾ ਦਿੱਤਾ ਜਦੋਂ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਦਾ ਸੈਲਾਬ ਉਮੜ ਕੇ ਪੁੱਜਦਾ ਸੀ। 550 ਸਾਲਾ ਆਗਮਨ ਪੁਰਬ ਦਿਹਾੜੇ ਦੀ ਖੁਸ਼ੀ 'ਚ ਸਜਾਇਆ ਗਿਆ ਇਹ ਕੌਮਾਂਤਰੀ ਨਗਰ ਕੀਰਤਨ ਸੰਗਤਾਂ 'ਚ ਯਾਦਗਾਰੀ ਅਤੇ ਅਭੁੱਲ ਪੈੜਾਂ ਛੱਡ ਗਿਆ, ਜਿਸ ਨੂੰ ਸੰਗਤਾਂ ਆਉਣ ਵਾਲੇ ਲੰਬੇ ਸਮੇਂ ਤਕ ਯਾਦ ਕਰ ਕੇ ਸੁਖਦ ਅਹਿਸਾਸ ਮਹਿਸੂਸ ਕਰਦੀਆਂ ਰਹਿਣਗੀਆਂ।

PunjabKesari

ਸੰਗਤਾਂ ਦੇ ਵਿਚ ਇਸ ਨਗਰ ਕੀਰਤਨ ਦੇ ਸਵਾਗਤ ਲਈ ਇੰਨਾ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਕਿ ਪੂਰਾ ਸ਼ਹਿਰ ਕੇਸਰੀ ਝੰਡਿਆਂ ਨਾਲ ਲਬਰੇਜ ਹੋ ਰਿਹਾ ਸੀ ਅਤੇ ਇਕ ਵੱਖਰੀ ਦਿੱਖ ਪੇਸ਼ ਕਰ ਰਿਹਾ ਸੀ। ਇਸੇ ਤਰ੍ਹਾਂ ਨਗਰ ਕੀਰਤਨ ਦੇ ਰੂਟ ਨੂੰ ਵੱਖ-ਵੱਖ ਰੰਗ-ਬਿਰੰਗੇ ਸਜਾਵਟੀ ਗੇਟਾਂ, ਝੰਡੀਆਂ ਤੇ ਜਾਲ ਨਾਲ ਸ਼ਿੰਗਾਰਿਆ ਗਿਆ ਸੀ, ਜੋ ਨਜ਼ਾਰਾ ਸੰਗਤਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ। ਨਗਰ ਕੀਰਤਨ ਨੂੰ ਸਫਲ ਤੇ ਸੁਚਾਰੂ ਰੂਪ 'ਚ ਚਲਾਉਣ ਲਈ ਪ੍ਰਬੰਧਕ ਕਮੇਟੀ ਦਾ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸੇਵਾ ਸੋਸਾਇਟੀਆਂ ਵਲੋਂ ਭਰਵਾਂ ਸਹਿਯੋਗ ਕੀਤਾ ਗਿਆ, ਜਿਨ੍ਹਾਂ 'ਚ ਗੁਰਮੁਖ ਸੇਵਕ ਦਲ, ਭਾਈ ਘਨ੍ਹੱਈਆ ਸੇਵਕ ਦਲ, ਗੁਰੂ ਰਾਮਦਾਸ ਜਲ ਸੇਵਕ ਸਭਾ ਅਤੇ ਹੋਰ ਵੱਖ-ਵੱਖ ਸੋਸਾਇਟੀਆਂ ਦੇ ਮੈਂਬਰਾਂ ਤੋਂ ਇਲਾਵਾ ਸਤਵਿੰਦਰ ਸਿੰਘ ਪੀਤਾ, ਗੁਰਜੀਤ ਸਿੰਘ ਮਰਵਾਹਾ, ਭੁਪਿੰਦਰਪਾਲ ਸਿੰਘ ਖਾਲਸਾ, ਹਰਜੋਤ ਸਿੰਘ ਲੱਕੀ, ਬਲਬੀਰ ਸਿੰਘ ਬਿੱਟੂ, ਕੇ. ਡੀ. ਭੰਡਾਰੀ, ਵਿਧਾਇਕ ਬਾਵਾ ਹੈਨਰੀ, ਗੁਰਪ੍ਰੀਤ ਸਿੰਘ ਖਾਲਸਾ, ਪ੍ਰੋ. ਐੱਮ. ਪੀ. ਸਿੰਘ, ਜੈਦੀਪ ਸਿੰਘ ਬਾਜਵਾ ਆਦਿ ਸ਼ਾਮਲ ਸਨ।

PunjabKesari

PunjabKesari

PunjabKesari

PunjabKesari

PunjabKesari

 

PunjabKesari

PunjabKesari

PunjabKesari

PunjabKesari


shivani attri

Content Editor

Related News