ਹਵਾਈ ਜਹਾਜ਼ਾਂ ਵਿਚ ਵੀ ਗੂੰਜੇ ''ਬੋਲੇ ਸੋ ਨਿਹਾਲ'' ਦੇ ਜੈਕਾਰੇ

01/09/2017 12:47:20 PM

ਪਟਨਾ (ਰਮਨਦੀਪ ਸੋਢੀ) : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਪਿਛਲੇ ਇਕ ਹਫਤੇ ਤੋਂ ਇਥੇ ਚੱਲ ਰਹੇ ਸਮਾਗਮ ਬੀਤੀ ਸ਼ਾਮ ਸਫਲਤਾ ਪੂਰਵਕ ਸੰਪੰਨ ਹੋ ਗਏ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ''ਚ ਸੰਗਤਾਂ ਦਾ ਠਾਠਾਂ ਮਾਰਦਾ ਹੜ੍ਹ ਦੇਖਣ ਯੋਗ ਸੀ। ਆਲਮ ਇਹ ਸੀ ਕਿ ਪਟਨਾ ਏਅਰਪੋਰਟ ਤੋਂ ਦਿੱਲੀ ਵਾਪਸੀ ਲਈ ਫਲਾਇਟਾਂ ਦਾ ਤਾਂਤਾਂ ਲੱਗਿਆ ਹੋਇਆ ਸੀ। ਜਿੱਥੇ ਪਟਨਾ ਏਅਰਪੋਰਟ ਸਿੱਖਾਂ ਦੇ ਨਾਲ ਭਰਿਆ ਹੋਇਆ ਸੀ, ਉਥੇ ਸਾਰੀਆਂ ਫਲਾਈਟਾਂ ਵਿਚ ਵੀ ਲਗਭਗ ਸਿੱਖ ਹੀ ਨਜ਼ਰ ਆ ਰਹੇ ਸਨ ਜਿਵੇਂ ਹੀ ਜਹਾਜ਼ ਦਿੱਲੀ ਲਈ ਟੇਕਆਫ ਕਰਦਾ ਸੀ ਤਾਂ ਸਮੂਹ ਯਾਤਰੀ ''ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡ ਰਹੇ ਸਨ। ਇੰਝ ਜਾਪ ਰਿਹਾ ਸੀ ਕਿ ਜਿਵੇਂ ਇਹ ਧਾਰਮਿਕ ਸਥਾਨ ''ਤੇ ਜਾਣ ਲਈ ਕੋਈ ਵਿਸ਼ੇਸ਼ ਫਲਾਈਟ ਹੋਵੇ। ਇਸੇ ਤਰ੍ਹਾਂ ਦਿੱਲੀ ਲੈਂਡਿੰਗ ਸਮੇਂ ਵੀ ਸੰਗਤਾਂ ਵਲੋਂ ਜੈਕਾਰੇ ਛੱਡੇ ਜਾ ਰਹੇ ਸਨ।
ਜਿੱਥੇ ਪੂਰੀ ਦੁਨੀਆ ਦੀਆਂ ਸੰਗਤਾਂ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਨਤਮਸਤਕ ਹੋਣ ਪਹੁੰਚੀਆਂ, ਉਥੇ ਹੀ ਬਿਹਾਰ ਦੇ ਲੋਕਾਂ ਅਤੇ ਪੁਲਸ ਪ੍ਰਸ਼ਾਸਨ ਨੇ ਸੰਗਤਾਂ ਦੀ ਆਓ ਭਗਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਪਟਨਾ ਪੁਲਸ ਦੇ ਕਰਮਚਾਰੀ ਸੰਗਤ ਦੇ ਨਾਲ ਖੁਦ ਵੀ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਰਹੇ ਸਨ।
ਇਥੇ ਦੱਸਣਯੋਗ ਹੈ ਕਿ ਪ੍ਰਕਾਸ਼ ਪੁਰਬ ਸਮਾਗਮ ਜਿੱਥੇ ਸੰਪੂਰਨ ਹੋ ਗਏ ਹਨ, ਉਥੇ ਹੀ ਵੱਖ-ਵੱਖ ਥਾਵਾਂ ''ਤੇ ਲਾਏ ਗਏ ਲੰਗਰ ਅਜੇ ਚਾਲੂ ਰਹਿਣਗੇ। ਪਟਨਾ ਸਾਹਿਬ ਦੀ ਧਰਤੀ ''ਤੇ ਬਿਹਾਰੀਆਂ ਅਤੇ ਉਥੋਂ ਦੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਦੇ ਪ੍ਰਬੰਧਾਂ ਨੂੰ ਦੇਖ ਕੇ ਸਿੱਖ ਸੰਗਤ ਬਾਗੋ-ਬਾਗ ਹੋ ਗਈ।


Gurminder Singh

Content Editor

Related News