ਗੁਰਦੁਆਰਾ ਘੱਲੂਘਾਰਾ ਵਿਵਾਦ ਨੇ ਲਿਆ ਨਵਾਂ ਮੋੜ, ਪ੍ਰਬੰਧਕ ਨੇ ਦਿੱਤਾ ਵੱਡਾ ਬਿਆਨ
Monday, Aug 21, 2017 - 07:30 PM (IST)

ਗੁਰਦਾਸਪੁਰ (ਵਿਨੋਦ) : ਸ੍ਰੀ ਗੁਰਦੁਆਰਾ ਘੱਲੂਘਾਰਾ ਕਾਹਨੂੰਵਾਨ ਪ੍ਰਬੰਧਕ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੇ ਅੱਜ ਇਕ ਲਿਖਤੀ ਬਿਆਨ ਵਿਚ ਸਪੱਸ਼ਟ ਕੀਤਾ ਕਿ ਮੈਂ ਸਰਬੱਤ ਖਾਲਸਾ ਵਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਹੀ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਮੰਨਦਾ ਹਾਂ ਅਤੇ ਉਨ੍ਹਾਂ ਦੇ ਬੁਲਾਵੇ 'ਤੇ ਹੀ ਮੈਂ ਸ੍ਰੀ ਅਕਾਲ ਤਖ਼ਤ ਸਾਹਮਣੇ ਆਪਣਾ ਪੱਖ ਰੱਖਾਂਗਾ। ਮੈਂ ਕਿਸੇ ਹੋਰ ਨੂੰ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਨਹੀਂ ਮੰਨਦਾ। ਇਸ ਲਈ ਮੈਂ 28 ਅਗਸਤ ਨੂੰ ਸ੍ਰੀ ਅਕਾਲ ਤਖ਼ਤ 'ਤੇ ਪੇਸ਼ ਨਹੀਂ ਹੋ ਸਕਦਾ। ਮਾਸਟਰ ਜੌਹਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਘੱਲੂਘਾਰਾ ਲਈ ਜ਼ਮੀਨ ਸਾਡੇ ਪੁਰਖਿਆਂ ਨੇ ਦਾਨ ਦੇ ਕੇ ਇਸ ਗੁਰਦੁਆਰੇ ਦਾ ਨਿਰਮਾਣ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਬਾਅਦ ਇਸ ਗੁਰਦੁਆਰੇ ਦੀ ਲਗਭਗ 16 ਏਕੜ ਜ਼ਮੀਨ ਸਮੇਤ ਇਕ ਸਕੂਲ, ਹਸਪਤਾਲ ਅਤੇ ਹੋਰ ਕਈ ਸਮਾਜ ਸੇਵਾ ਦੇ ਕੰਮ ਚਲ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਲੰਮੇ ਸਮੇਂ ਤੋਂ ਇਸ ਗੁਰਦੁਆਰੇ 'ਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਈ ਵਾਰ ਮੈਨੂੰ ਇਸ ਸੰਬੰਧੀ ਰਾਜਨੀਤੀ ਦਾ ਸ਼ਿਕਾਰ ਵੀ ਬਣਾਉਣ ਦੀ ਸਾਜ਼ਿਸ਼ ਕੀਤੀ ਗਈ ਹੈ ਪਰ ਮੈਂ ਇਨ੍ਹਾਂ ਲੋਕਾਂ ਦੀ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿਆਂਗਾ।
ਉਨ੍ਹਾਂ ਕਿਹਾ ਕਿ ਜੋ ਬੀਤੇ ਦਿਨੀਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ 'ਤੇ ਇਕ ਮਹਿਲਾ ਸੰਬੰਧੀ ਸ਼ੋਰ ਮਚਾਇਆ ਜਾ ਰਿਹਾ ਹੈ ਉਹ ਵੀ ਇਕ ਸਾਜ਼ਿਸ਼ ਦਾ ਹਿੱਸਾ ਹੈ ਅਤੇ ਉਕਤ ਸਕੱਤਰ ਦੀ ਅਦਾਲਤ ਤੋਂ ਜ਼ਮਾਨਤ ਵੀ ਹੋ ਚੁੱਕੀ ਹੈ, ਉਸ ਦੇ ਬਾਵਜੂਦ ਅਸੀਂ ਉਕਤ ਸਕੱਤਰ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕਰਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਨ। ਇਸ ਗੱਲ ਦੀ ਆੜ ਵਿਚ ਹੁਣ ਨਵਾਂ ਵਿਵਾਦ ਸ਼ੁਰੂ ਕੀਤਾ ਗਿਆ ਹੈ ਅਤੇ ਬੀਤੇ ਦਿਨੀਂ ਜੋ ਕੁਝ ਗੁਰਦੁਆਰੇ ਵਿਚ ਹੋਇਆ ਉਹ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਸਰਬੱਤ ਖਾਲਸਾ ਵਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਹੀ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਮੰਨਦਾ ਹਾਂ ਅਤੇ ਕੁਝ ਲੋਕ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੇ।
ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਵਾਹਕ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਇਸ ਗੁਰਦੁਆਰੇ 'ਤੇ ਹਮਲਾ ਕਰਕੇ ਦੀਵਾਨ ਹਾਲ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ ਦੀ ਅਗਵਾਈ ਵਿਚ ਆਏ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ 'ਤੇ ਤਲਬ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਸਿੱਖ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਕਿਉਂਕਿ ਇਨ੍ਹਾਂ ਲੋਕਾਂ ਨੇ ਗੁਰਦੁਆਰਾ ਘੱਲੂਘਾਰਾ ਵਿਚ ਸਿੱਖ ਮਰਿਆਦਾ ਨੂੰ ਬੀਤੇ ਦਿਨੀਂ ਭੰਗ ਕੀਤਾ ਸੀ।
ਉਨ੍ਹਾਂ ਕਿਹਾ ਕਿ ਜੋ ਬੀਤੇ ਦਿਨੀਂ ਇਸ ਗੁਰਦੁਆਰੇ ਵਿਚ ਮਤਾ ਪਾਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਭਾਈ ਗੁਰਬਚਨ ਸਿੰਘ ਦੇ ਅਧਿਕਾਰ ਵਿਚ ਨਹੀਂ ਆਉਂਦੇ। ਇਸ ਲਈ ਅੱਜ ਵੀ ਗੁਰਦੁਆਰਾ ਘੱਲੂਘਾਰਾ 'ਤੇ ਸਾਡੀ ਗਠਿਤ ਕਮੇਟੀ ਦਾ ਕੰਟਰੋਲ ਹੈ ਅਤੇ ਕਿਸੇ ਟਾਸਕਫੋਰਸ ਨੂੰ ਗੁਰਦੁਆਰੇ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਮੇਰਾ 28 ਅਗਸਤ ਨੂੰ ਸ੍ਰੀ ਅਕਾਲ ਤਖ਼ਤ 'ਤੇ ਭਾਈ ਗੁਰਬਚਨ ਸਿੰਘ ਦੇ ਆਦੇਸ਼ 'ਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮੌਕੇ ਉਨ੍ਹਾਂ ਨਾਲ ਭਾਈ ਸਰਵਨ ਸਿੰਘ ਉਪ ਪ੍ਰਧਾਨ ਘੱਲੂਘਾਰਾ ਪ੍ਰਬੰਧਕ ਕਮੇਟੀ ਵੀ ਸੀ।