ਭਾਖੜਾ ਨਹਿਰ 'ਚ ਡਿੱਗੀ ਕਾਰ, 3 ਵਿਅਕਤੀ ਡੁੱਬੇ (ਵੀਡੀਓ)

06/22/2019 12:55:03 PM

ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ,ਦਲਜੀਤ ਸਿੰਘ, ਗੁਰਭਾਗ) : ਆਨੰਦਪੁਰ ਸਾਹਿਬ ਦੇ ਗੰਗੂਵਾਲ ਪਾਵਰ ਹਾਊਸ ਗੇਟਾਂ ਕੋਲ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਪਿੰਡ ਬੀਕਾਪੁਰ ਵਾਲੇ ਪਾਸੇ ਤੋਂ ਆ ਰਹੀ ਬਰੇਜ਼ਾ ਕਾਰ ਭਾਖੜਾ ਨਹਿਰ 'ਚ ਡਿੱਗ ਗਈ। ਲੋਕਾਂ ਮੁਤਾਬਕ ਕਾਰ 'ਚ 4 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਇਕ ਤਾਂ ਕਿਸੇ ਤਰ੍ਹਾਂ ਬਚ ਨਿਕਲਿਆ ਪਰ ਬਾਕੀ ਤਿੰਨ ਕਾਰ ਸਮੇਤ ਨਹਿਰ 'ਚ ਜਾ ਡਿੱਗੇ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

PunjabKesari

ਹਾਲਾਂਕਿ ਪ੍ਰਸ਼ਾਸਨ ਵਲੋਂ ਤੁਰੰਤ ਹੋਰਮਾਰਡ ਦੇ ਤੈਰਾਕਾਂ ਨੂੰ ਬੁਲਾ ਕੇ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਪਰ ਰਾਤ ਦਾ ਹਨੇਰਾ ਹੋਣ ਕਰਕੇ ਤੈਰਾਕ ਕਾਰ ਤੇ ਕਾਰ ਸਵਾਰਾਂ ਨੂੰ ਲੱਭਣ 'ਚ ਕਾਮਯਾਬ ਨਹੀਂ ਹੋ ਸਕੇ। ਫਿਲਹਾਲ ਕਾਰ ਸਵਾਰਾਂ ਦਾ ਕੋਈ ਅਤਾ-ਪਤਾ ਨਹੀਂ ਲੱਗ ਸਕਿਆ। ਦਿਨ ਚੜ੍ਹਦੇ ਹੀ ਪ੍ਰਸ਼ਾਸਨ ਤੇ ਤੈਰਾਕਾਂ ਵਲੋਂ ਦੁਬਾਰਾ ਸਰਗਰਮੀ ਨਾਲ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਪ ਪੁਲਸ ਕਪਤਾਨ ਚੰਦ ਸਿੰਘ ਨੇ ਦੱਸਿਆ ਕਿ ਨਹਿਰ 'ਚ ਡਿੱਗੀ ਕਾਰ ਨੂੰ ਅਨੂਪ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਸਵਾੜਾ ਤਹਿ. ਸ੍ਰੀ ਆਨੰਦਪੁਰ ਸਾਹਿਬ ਜ਼ਿਲਾ ਰੂਪਨਗਰ ਚਲਾ ਰਿਹਾ ਸੀ ਅਤੇ ਗੁਰਮੀਤ ਸਿੰਘ ਪੁੱਤਰ ਜੋਗਿੰਦਰ ਪਾਲ ਅਤੇ ਪਰਮਿੰਦਰ ਪਾਲ ਸਿੰਘ ਬੰਟੀ ਪੁੱਤਰ ਕਾਂਸ਼ੀ ਰਾਮ ਵਾਸੀ ਦੋਵੇਂ ਬਰਾਰੀ ਬੀਕਾਪੁਰ, ਤਹਿ. ਸ੍ਰੀ ਆਨੰਦਪੁਰ ਸਾਹਿਬ ਜ਼ਿਲਾ ਰੂਪਨਗਰ ਅਤੇ ਗੁਰਪ੍ਰੀਤ ਸਿੰਘ ਵਾਸੀ ਚਤਾੜਾ ਜ਼ਿਲਾ ਊਨਾ ਹਿ. ਪ੍ਰ. ਵੀ ਨਾਲ ਸਨ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ 'ਚੋਂ ਪਰਮਿੰਦਰ ਪਾਲ ਸਿੰਘ ਬੰਟੀ ਕਿਸੇ ਤਰ੍ਹਾਂ ਨਹਿਰ ਤੋਂ ਬਾਹਰ ਨਿਕਲ ਗਿਆ। ਪਤਾ ਲੱਗਾ ਹੈ ਕਿ ਲਾਪਤਾ ਗੁਰਮੀਤ ਸਿੰਘ ਪਰਮਿੰਦਰ ਪਾਲ ਸਿੰਘ ਬੰਟੀ ਦਾ ਭਤੀਜਾ ਸੀ, ਜਦੋਂ ਕਿ ਅਨੂਪ ਸਿੰਘ ਭਤੀਜ ਜਵਾਈ ਸੀ ਅਤੇ ਗੁਰਪ੍ਰੀਤ ਸਿੰਘ ਸਕਾ ਭਾਣਜਾ ਸੀ ਜੋ ਕਿ ਭਾਰਤੀ ਫੌਜ 'ਚ ਨੌਕਰੀ ਕਰਦਾ ਸੀ। ਨਹਿਰ 'ਚ ਡਿਗੀ ਕਾਰ ਅਤੇ ਨੌਜਵਾਨਾਂ ਦੀ ਬੀ. ਬੀ. ਐੱਮ. ਬੀ ਅਤੇ ਪੁਲਸ ਦੇ ਗੋਤਾਖੋਰਾਂ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

PunjabKesari
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹਾਦਸੇ ਵਾਲੇ ਸਥਾਨ ਦਾ ਲਿਆ ਜਾਇਜ਼ਾ
ਵਾਪਰੇ ਹਾਦਸੇ ਸਬੰਧੀ ਪੁਲਸ ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਮਦਦ ਨਾਲ ਗੱਡੀ ਤੇ ਨੌਜਵਾਨਾਂ ਨੂੰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਹਲਕੇ ਦੇ ਵਿਧਾਇਕ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।


Related News