ਅਕਾਲ ਤਖਤ ਤੋਂ ਕਿਹੜੇ ਗੁਨਾਹਾਂ ਦੀ ਮੁਆਫੀ ਮੰਗਣਗੇ ਸੁਖਬੀਰ : ਜਾਖੜ

12/07/2018 10:06:57 PM

ਚੰਡੀਗੜ੍ਹ (ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੰਗਾਰ ਪਾਈ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭੁੱਲਾਂ ਬਖ਼ਸ਼ਾਉਣ ਜਾਣ ਤੋਂ ਪਹਿਲਾਂ ਸੰਗਤ ਸਾਹਮਣੇ ਆਪਣੇ ਗੁਨਾਹਾਂ ਨੂੰ ਕਬੂਲਨ ਤਾਂਕਿ ਸੰਗਤਾਂ ਨੂੰ ਵੀ ਪਤਾ ਲੱਗੇ ਕਿ ਉਹ ਕਿਹੜੀ ਗਲਤੀ ਦੀ ਮੁਆਫੀ ਮੰਗਣ ਜਾ ਰਹੇ ਹਨ।
ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ 'ਤੇ ਸਵਾਲਾਂ ਦੀ ਝੜੀ ਲਗਾਉਂਦਿਆਂ ਕਿਹਾ ਕਿ ਕੀ ਸੁਖਬੀਰ ਬਾਦਲ ਦੱਸਣਗੇ ਕਿ ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਲਈ ਮੁਆਫੀ ਮੰਗਣ ਜਾ ਰਹੇ ਹਨ ਜਾਂ ਆਪਣੀ ਉਸ ਗਲਤੀ ਦੀ ਜਿਸ ਤਹਿਤ ਉਨ੍ਹਾਂ ਦੀ ਸਰਕਾਰ ਨੇ ਨਿਰਦੋਸ਼ ਸਿੱਖਾਂ 'ਤੇ ਬਹਿਬਲ ਕਲਾਂ ਵਿਚ ਗੋਲੀ ਚਲਾ ਕੇ ਦੋ ਨੌਜਵਾਨ ਸ਼ਹੀਦ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕੀ ਅਕਾਲੀ ਦਲ ਦੇ ਪ੍ਰਧਾਨ ਮੁੰਬਈ ਵਿਚ ਡੇਰਾ ਮੁਖੀ ਨਾਲ ਕੀਤੀ ਮੁਲਾਕਾਤ ਲਈ ਜਾਂ ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣ ਬਦਲੇ ਕੀਤੇ ਸਮਝੌਤੇ ਲਈ ਮੁਆਫੀ ਮੰਗਣ ਜਾਣਗੇ ਜਾਂ ਫਿਰ ਡੇਰਾ ਮੁਖੀ ਨੂੰ ਦਿਵਾਈ ਮੁਆਫੀ ਦੀ ਭੁੱਲ ਬੁਖਸ਼ਾਉਣਾ ਚਾਹੁੰਦੇ ਹਨ।
ਜਾਖੜ ਨੇ ਹੋਰ ਸਵਾਲ ਕਰਦਿਆਂ ਕਿਹਾ ਕਿ ਕੀ ਪੰਥਕ ਪਾਰਟੀ ਦੇ ਪ੍ਰਧਾਨ ਅਖਵਾਉਣ ਵਾਲੇ ਸੁਖਬੀਰ ਸਿੰਘ ਬਾਦਲ ਪੰਥ ਦੀ ਪਿੱਠ ਵਿਚ ਛੁਰਾ ਮਾਰ ਕੇ ਡੇਰਾ ਮੁਖੀ ਨਾਲ ਪੁਗਾਈਆਂ ਸਾਂਝਾਂ ਲਈ ਮੁਆਫੀ ਮੰਗਣਗੇ ਜਾਂ ਇਸ ਗੱਲ ਦੀ ਮੁਆਫੀ ਮੰਗਣਗੇ ਕਿ ਉਸ ਸ਼ਖ਼ਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪਿਆ ਜੋ ਆਪ ਡੇਰੇ ਜਾ ਕੇ ਵੋਟਾਂ ਮੰਗਣ ਦੇ ਦੋਸ਼ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ।
ਜਾਖੜ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਪੰਜਾਬ ਦੀ ਪੂਰੀ ਇਕ ਪੀੜੀ ਨਸ਼ਿਆਂ ਨਾਲ ਬਰਬਾਦ ਹੋ ਗਈ ਅਤੇ ਹਜ਼ਾਰਾਂ ਘਰਾਂ ਵਿਚ ਸੱਥਰ ਵਿੱਛ ਗਏ, ਕੀ ਇਸ ਗੁਨਾਹ ਲਈ ਵੀ ਸੁਖਬੀਰ ਸਿੰਘ ਬਾਦਲ ਮੁਆਫੀ ਮੰਗਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਕਿਸਾਨੀ ਨੂੰ ਤਬਾਹ ਕਰ ਦਿੱਤਾ। ਘਟੀਆਂ ਦਵਾਈ ਰਾਹੀਂ ਲੱਖਾਂ ਏਕੜ ਨਰਮਾ ਬਰਬਾਦ ਹੋ ਗਿਆ ਅਤੇ ਹਜ਼ਾਰਾਂ ਕਿਸਾਨ ਖੁਦਕਸ਼ੀਆਂ ਕਰ ਗਏ। ਉਨ੍ਹਾਂ ਪੁੱਛਿਆ ਕਿ ਕੀ ਸੁਖਬੀਰ ਸਿੰਘ ਬਾਦਲ ਲੱਖਾਂ ਕਿਸਾਨਾਂ ਦੀ ਆਰਥਿਕ ਬਰਬਾਦੀ ਲਈ ਵੀ ਮੁਆਫੀ ਮੰਗਣਗੇ।


Related News