ਕਸ਼ਮੀਰੀ ਬੀਬੀਆਂ ''ਤੇ ਹੋ ਰਹੀਆਂ ਟਿੱਪਣੀਆਂ ਦਾ ਅਕਾਲ ਤਖਤ ਨੇ ਲਿਆ ਗੰਭੀਰ ਨੋਟਿਸ
Saturday, Aug 10, 2019 - 06:27 PM (IST)

ਅੰਮ੍ਰਿਤਸਰ : ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਦੇ ਫੈਸਲੇ ਮਗਰੋਂ ਮੀਡੀਆ 'ਤੇ ਕਸ਼ਮੀਰੀ ਲੜਕੀਆਂ ਬਾਰੇ ਕੀਤੀਆਂ ਜਾ ਰਹੀਆਂ ਭੱਦਰ ਤੇ ਇਤਰਾਜ਼ਯੋਗ ਟਿੱਪਣੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਜਥੇਦਾਰ ਨੇ ਕਿਹਾ ਕਿ ਮਹਿਲਾਵਾਂ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ ਸਖਤੀ ਵਰਤੇ ਜਾਣ ਦੀ ਲੋੜ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਵਲੋਂ ਕਸ਼ਮੀਰੀ ਲੜਕੀਆਂ ਬਾਰੇ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜੋ ਉਕਸਾਉਣ ਵਾਲੀਆਂ ਹਨ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪ੍ਰਮਾਤਮਾ ਨੇ ਸਭ ਨੂੰ ਜੀਵਨ ਜਿਊਣ ਦੇ ਬਰਾਬਰ ਹੱਕ ਦਿੱਤੇ ਹਨ। ਇਸ ਲਈ ਕਿਸੇ ਨਾਲ ਲਿੰਗ, ਜਾਤ-ਪਾਤ ਜਾਂ ਨਸਲੀ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪੈਦਾ ਹੋਏ ਨਾਜ਼ੁਕ ਹਾਲਾਤ ਦੌਰਾਨ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ, ਜਿਨ੍ਹਾਂ ਵਿਚ ਸਿਆਸੀ ਅਤੇ ਧਾਰਮਿਕ ਆਗੂ ਵੀ ਸ਼ਾਮਲ ਹਨ, ਵਲੋਂ ਕਸ਼ਮੀਰੀ ਮਹਿਲਾਵਾਂ ਦੀ ਇੱਜ਼ਤ-ਆਬਰੂ ਅਤੇ ਸਵੈ-ਮਾਣ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮੁੱਚੇ ਮਹਿਲਾ ਵਰਗ ਦਾ ਅਪਮਾਨ ਹੈ ਅਤੇ ਮਹਿਲਾਵਾਂ ਖ਼ਿਲਾਫ਼ ਅਜਿਹਾ ਗੁਨਾਹ ਬਖ਼ਸ਼ਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਕਸ਼ਮੀਰੀ ਮਹਿਲਾਵਾਂ ਦੀਆਂ ਤਸਵੀਰਾਂ ਪਾ ਕੇ ਕੀਤੀਆਂ ਭੱਦੀਆਂ ਟਿੱਪਣੀਆਂ ਨਾਲ ਦੇਸ਼ ਦਾ ਸਿਰ ਨੀਵਾਂ ਹੋਇਆ ਹੈ। ਅਜਿਹੀਆਂ ਟਿੱਪਣੀਆਂ ਅਤੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਲੋਕ ਬਿਮਾਰ ਮਾਨਸਿਕਤਾ ਵਾਲੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਔਰਤ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ ਪਰ ਟਿੱਪਣੀਆਂ ਕਰਨ ਵਾਲੇ ਲੋਕਾਂ ਲਈ ਔਰਤ ਕੇਵਲ ਦੇਹ ਦੇ ਰੂਪ ਤਕ ਸੀਮਤ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੀ ਮਾਨਸਿਕਤਾ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਦੋਸ਼ ਲਾਇਆ ਕਿ ਮਾੜੀ ਮਾਨਸਿਕਤਾ ਵਾਲੀ ਭੀੜ ਵਲੋਂ ਅਜਿਹਾ ਸੋਚੀ-ਸਮਝੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ, ਜੋ ਗੰਭੀਰ ਮਾਮਲਾ ਹੈ।
ਅਜਿਹੀ ਹੀ ਮਾਨਸਿਕਤਾ ਪਹਿਲਾਂ ਨਵੰਬਰ 1984 ਵਿਚ ਸਿੱਖ ਬੀਬੀਆਂ ਖ਼ਿਲਾਫ਼ ਵੀ ਪ੍ਰਗਟਾਈ ਗਈ ਸੀ ਅਤੇ ਹੁਣ ਕਸ਼ਮੀਰੀ ਮਹਿਲਾਵਾਂ ਖ਼ਿਲਾਫ਼ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨਾਲ ਸਖ਼ਤੀ ਵਰਤਣ ਦੀ ਲੋੜ ਹੈ। ਕਸ਼ਮੀਰ ਦੀਆਂ ਮਹਿਲਾਵਾਂ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਗੌਰਵ ਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ। ਸਿੱਖ ਭਾਈਚਾਰੇ ਵਲੋਂ ਕਸ਼ਮੀਰੀ ਮਹਿਲਾਵਾਂ ਦੀ ਰੱਖਿਆ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਆਪਣਾ ਧਰਮ ਨਿਭਾਉਣ ਵਿਚ ਪਿੱਛੇ ਨਹੀਂ ਹਟਣਗੇ।