ਖੇਡ ਮੰਤਰੀ ਮੀਤ ਹੇਅਰ ਨੇ ਜੂਨੀਅਰ ਹਾਕੀ ਏਸ਼ੀਆ ਕੱਪ ਜੇਤੂ ਭਾਰਤੀ ਟੀਮ ਨੂੰ ਦਿੱਤੀ ਮੁਬਾਰਕਬਾਦ
Friday, Jun 02, 2023 - 03:20 PM (IST)
ਚੰਡੀਗੜ੍ਹ (ਬਿਊਰੋ) : ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਓਮਾਨ ਦੇ ਸਾਲਾਹ ਸ਼ਹਿਰ ਵਿਖੇ ਖੇਡੇ ਗਏ ਹਾਕੀ ਜੂਨੀਅਰ ਏਸ਼ੀਆ ਕੱਪ ’ਚ ਖਿਤਾਬੀ ਜਿੱਤ ਹਾਸਲ ਕੀਤੀ ਹੈ। ਬੀਤੀ ਰਾਤ ਖੇਡੇ ਗਏ ਫ਼ਾਈਨਲ ਮੈਚ ’ਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਭਾਰਤ ਨੇ ਚੌਥੀ ਵਾਰ ਜੂਨੀਅਰ ਏਸ਼ੀਆ ਕੱਪ ਜਿੱਤਿਆ। ਭਾਰਤ ਹੁਣ ਤੱਕ ਸਭ ਤੋਂ ਵੱਧ (ਚਾਰ ਵਾਰ) ਇਹ ਟੂਰਨਾਮੈਂਟ ਜਿੱਤਣ ਵਾਲਾ ਮੁਲਕ ਬਣ ਗਿਆ। ਇਸ ਤੋਂ ਪਹਿਲਾਂ ਭਾਰਤ ਨੇ 2015, 2008 ਤੇ 2004 ਵਿੱਚ ਜੂਨੀਅਰ ਏਸ਼ੀਆ ਕੱਪ ਜਿੱਤਿਆ ਸੀ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਖਿਤਾਬੀ ਜਿੱਤ ਉਤੇ ਸਮੁੱਚੀ ਭਾਰਤੀ ਟੀਮ ਨੂੰ ਮੁਬਾਰਦਬਾਦ ਦਿੰਦਿਆਂ ਆਖਿਆ ਕਿ ਮੁੰਡਿਆਂ ਨੇ ਸ਼ਾਨਦਾਰ ਖੇਡ ਦਿਖਾ ਕੇ ਦੇਸ਼ ਨੂੰ ਵੱਡਾ ਮਾਣ ਦਿਵਾਇਆ ਹੈ। ਹਾਕੀ ਖੇਡ ਦੇ ਇਸ ਜੂਨੀਅਰ ਮੁਕਾਬਲੇ ’ਚ ਭਾਰਤੀ ਟੀਮ ਦੀ ਇਸ ਜਿੱਤ ਤੋਂ ਸਪੱਸ਼ਟ ਹੈ ਕਿ ਭਾਰਤ ਦਾ ਹਾਕੀ ’ਚ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।
ਉਨ੍ਹਾਂ ਕਿਹਾ ਕਿ ਇਹ ਟੀਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਜਿੱਤ ਹੈ ਅਤੇ ਹਰ ਖਿਡਾਰੀ ਨੇ ਬਿਹਤਰ ਪ੍ਰਦਰਸ਼ਨ ਦਿਖਾਇਆ। ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਸਲਾਹੁਣਯੋਗ ਰਿਹਾ। ਮੀਤ ਹੇਅਰ ਨੇ ਭਾਰਤੀ ਟੀਮ ਨੂੰ ਇਸ ਸਾਲ ਦਸੰਬਰ ਮਹੀਨੇ ਕੁਆਲਾ ਲੰਪਰ ਵਿਖੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਲਈ ਵੀ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ : ਘੱਲੂਘਾਰਾ ਹਫ਼ਤੇ ਨੂੰ ਲੈ ਕੇ ਪੁਲਸ ਨੇ ਵਧਾਈ ਚੌਕਸੀ, 24 ਘੰਟੇ ਰਹੇਗੀ ਪੁਲਸ ਤਾਇਨਾਤ
ਜ਼ਿਕਰਯੋਗ ਹੈ ਕਿ ਸਾਲਾਹ ਵਿਖੇ ਖੇਡੇ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਗਰੁੱਪ ਸਟੇਜ ਵਿੱਚ ਚਾਰ ਮੈਚਾਂ ਵਿੱਚ 10 ਅੰਕਾਂ ਨਾਲ ਪੂਲ ਏ ਵਿੱਚ ਪਹਿਲੇ ਸਥਾਨ ਉਤੇ ਰਹੀ। ਸੈਮੀ ਫ਼ਾਈਨਲ ਮੈਚ ਵਿੱਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ। ਫ਼ਾਈਨਲ ਵਿੱਚ ਪਾਕਿਸਤਾਨ ਖਿਲਾਫ਼ 2-1 ਦੀ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਅੰਗਦ ਸਿੰਘ ਨੇ 13ਵੇਂ ਤੇ ਅਰਾਏਜੀਤ ਸਿੰਘ ਹੁੰਦਲ ਨੇ 20ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ। ਟੂਰਨਾਮੈਂਟ ਵਿੱਚ ਅਰਾਏਜੀਤ ਸਿੰਘ ਹੁੰਦਲ 8 ਗੋਲਾਂ ਨਾਲ ਸੈਕੰਡ ਟਾਪ ਸਕੋਰਰ ਰਿਹਾ। ਭਾਰਤ ਦਾ ਗੋਲ ਕੀਪਰ ਐਚ.ਐਸ.ਮੋਹਿਤ ਟੂਰਨਾਮੈਂਟ ਦਾ ਸਰਵੋਤਮ ਗੋਲਚੀ ਐਲਾਨਿਆ ਗਿਆ।
ਇਹ ਵੀ ਪੜ੍ਹੋ : ਕੁਦਰਤ ਦੇ ਰੰਗ : ਗਰਮੀ ਦੇ ਮੌਸਮ ’ਚ ਗੜ੍ਹੇਮਾਰੀ, ਸੁਹਾਵਣੇ ਮੌਸਮ ’ਚ ਗੁਰੂ ਨਗਰੀ ਦੇ ਵਾਸੀਆਂ ਨੇ ਮਾਣਿਆ ਆਨੰਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani