ਸਪਾਈਸ ਜੈੱਟ ਦੇ ਵੱਡੇ ਜਹਾਜ਼ ਤੋਂ ਕਾਰੋਬਾਰੀ ਖੁਸ਼!
Friday, Jun 28, 2019 - 09:46 AM (IST)

ਜਲੰਧਰ (ਸਲਵਾਨ) - ਸਪਾਈਸ ਜੈੱਟ ਵਲੋਂ ਮੁਸਾਫਰਾਂ ਨੂੰ ਸੁਵਿਧਾ ਦੇਣ ਲਈ 90 ਸੀਟਰ ਦਾ ਜੋ ਜਹਾਜ਼ ਲਾਂਚ ਕੀਤਾ ਗਿਆ ਹੈ, ਉਸ 'ਚ ਦਿੱਲੀ ਤੋਂ ਆਦਮਪੁਰ ਜਾਣ ਵਾਲੀ ਫਲਾਈਟ 'ਚ 75 ਮੁਸਾਫਰ ਸਫਰ ਕਰਕੇ ਆਏ ਹਨ। ਓਧਰ ਆਦਮਪੁਰ ਤੋਂ ਦਿੱਲੀ ਜਾਣ ਲਈ ਕੁਲ 77 ਮੁਸਾਫਰਾਂ ਨੇ ਸਫਰ ਕੀਤਾ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਤਾਂ ਪਹਿਲਾ ਦਿਨ ਸੀ। ਆਉਣ ਵਾਲੇ ਦਿਨਾਂ 'ਚ ਮੁਸਾਫਰਾਂ ਦੀ ਗਿਣਤੀ ਵਧੇਗੀ। ਸਪਾਈਸ ਜੈੱਟ ਨੇ ਬੀਤੇ ਦਿਨੀਂ 90 ਸੀਟਰ ਜਹਾਜ਼ ਨੂੰ ਪ੍ਰੀਖਣ ਲਈ ਹੀ ਚਲਾਇਆ ਸੀ, ਜਿਸ 'ਚ 80 ਤੋਂ ਜ਼ਿਆਦਾ ਮੁਸਾਫਰਾਂ ਨੇ ਸਫਰ ਕੀਤਾ ਸੀ। ਉਨ੍ਹਾਂ ਨੂੰ ਉਮੀਦ ਹੈ ਕਿ ਚੰਗੀ ਪ੍ਰਤੀਕਿਰਿਆ ਮਿਲੇਗੀ।ਇਸ ਸਬੰਧ 'ਚ ਸ਼ਹਿਰ ਦੇ ਮੁੱਖ ਟਰੈਵਲ ਕਾਰੋਬਾਰੀਆਂ ਨੇ ਆਪਣੀ ਵੱਖ-ਵੱਖ ਪ੍ਰਤੀਕਿਰਿਆ ਪ੍ਰਗਟ ਕੀਤੀ, ਜਿਨ੍ਹਾਂ 'ਚ ਕੰਧਾਰੀ ਗਰੁੱਪ ਦੇ ਅਨਿਲ ਕੰਧਾਰੀ ਦਾ ਕਹਿਣਾ ਹੈ ਕਿ ਸਪਾਈਸ ਜੈੱਟ ਨੂੰ ਇਹ ਫਲਾਈਟ ਪਹਿਲਾਂ ਸ਼ੁਰੂ ਕਰ ਦੇਣੀ ਚਾਹੀਦੀ ਸੀ, ਕਿਉਂਕਿ ਇਸ ਦਾ ਫਾਇਦਾ ਦੋਆਬਾ ਅਤੇ ਆਸ-ਪਾਸ ਦੇ ਲੋਕਾਂ ਨੂੰ ਹੋਵੇਗਾ।
ਦੂਜੇ ਪਾਸੇ ਰਾਮ ਘਈ ਅਰਜੁਨ ਟਰੈਵਲ ਦੇ ਮਾਲਕ ਦਾ ਕਹਿਣਾ ਹੈ ਕਿ ਸਪਾਈਸ ਜੈੱਟ ਨੂੰ ਵੱਡਾ ਜਹਾਜ਼ ਪਹਿਲਾਂ ਲੈਣਾ ਚਾਹੀਦਾ ਸੀ ਕਿਉਂਕਿ ਜਹਾਜ਼ ਜਿੰਨਾ ਵੱਡਾ ਹੋਵੇਗਾ ਓਨਾ ਹੀ ਵਿਦੇਸ਼ ਜਾਣ ਵਾਲੇ ਯਾਤਰੀ ਆਪਣੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਾਮਾਨ ਲੈ ਕੇ ਜਾ ਸਕਣਗੇ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਪਾਈਸ ਜੈੱਟ ਨੇ ਇਸ ਫਲਾਈਟ ਨੂੰ ਚਲਾ ਕੇ ਮੁਸਾਫਰਾਂ ਦੀ ਸੁਵਿਧਾ ਦਾ ਧਿਆਨ ਰੱਖਿਆ। ਯੂ. ਵੀ. ਟਰੈਵਲ ਦੇ ਮਾਲਕ ਗਗਨ ਸ਼ਰਮਾ (ਜਨਰਲ ਸੈਕਟਰੀ ਟਾਈ) ਨੇ ਕਿਹਾ ਕਿ ਜਿਹੜੇ ਮੁਸਾਫਰਾਂ ਨੂੰ ਸੀਟਾਂ ਦੀ ਕਮੀ ਕਾਰਨ ਸਫਰ ਕਰਨ ਦਾ ਮੌਕਾ ਨਹੀਂ ਮਿਲਿਆ ਉਹ ਵੀ ਇਸ ਫਲਾਈਟ ਦਾ ਲੁਤਫ ਲੈ ਸਕਣਗੇ ਅਤੇ ਉਨ੍ਹਾਂ ਨੂੰ ਫਲਾਈਟ ਵਿਚ ਸਫਰ ਕਰਨ ਦਾ ਮੌਕਾ ਮਿਲੇਗਾ। ਸਪਾਈਸ ਜੈੱਟ ਵਲੋਂ ਵੱਡਾ ਜਹਾਜ਼ ਲਿਆਉਣਾ ਮੁਸਾਫਰਾਂ ਲਈ ਕਾਫੀ ਲਾਭਦਾਇਕ ਹੋਵੇਗਾ।
ਵਿਕਟਜ਼ ਟੂਲਸ ਦੇ ਮਾਲਕ ਬੱਬੂ ਦਾ ਕਹਿਣਾ ਹੈ ਕਿ ਸਪਾਈਸ ਜੈੱਟ ਵਲੋਂ ਸੀਟਾਂ ਵਿਚ ਜੋ ਇਜ਼ਾਫਾ ਕੀਤਾ ਗਿਆ ਹੈ ਉਹ ਪ੍ਰਸ਼ੰਸਾਯੋਗ ਹੈ ਪਰ ਉਨ੍ਹਾਂ ਦੀ ਕਾਫੀ ਦੇਰ ਤੋਂ ਇੱਛਾ ਸੀ ਕਿ ਦੋ ਫਲਾਈਟਾਂ ਚਲਾਈਆਂ ਜਾਣ ਅਤੇ ਹੋਰ ਸ਼ਹਿਰਾਂ ਦੇ ਲੋਕ ਵੀ ਇਸ ਦਾ ਲੁਤਫ ਉਠਾ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਸਪਾਈਸ ਜੈੱਟ ਆਉਣ ਵਾਲੇ ਦਿਨਾਂ ਵਿਚ ਖਾਸ ਕਰ ਕੇ ਕਾਰੋਬਾਰੀਆਂ ਲਈ ਰੋਜ਼ਾਨਾ 2 ਫਲਾਈਟਾਂ ਚਲਾਏ ਤਾਂ ਕਿ ਕਾਰੋਬਾਰੀ ਸਵੇਰੇ ਜਾਣ ਅਤੇ ਸ਼ਾਮ ਨੂੰ ਕੰਮ ਖਤਮ ਕਰ ਕੇ ਵਾਪਸ ਆ ਸਕਣ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਪਾਈਸ ਜੈੱਟ ਨੇ ਵੱਡਾ ਜਹਾਜ਼ ਤਾਂ ਚਲਾ ਦਿੱਤਾ ਪਰ ਉਸ ਦੇ ਮੁਕਾਬਲੇ ਦਾ ਏਅਰਪੋਰਟ ਹਾਲੇ ਤਕ ਸਹੀ ਢੰਗ ਨਾਲ ਨਹੀਂ ਬਣਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਦਮਪੁਰ ਏਅਰਪੋਰਟ 'ਤੇ ਵੱਡੀਆਂ ਫਲਾਈਟਾਂ ਆਉਣ ਤੇ ਏਅਰਪੋਰਟ ਦਾ ਦਾਇਰਾ ਜਲਦੀ ਵਧਾਇਆ ਜਾਵੇ। ਡਾ.ਯੂ.ਐੱਸ. ਘਈ ਦਾ ਕਹਿਣਾ ਹੈ ਕਿ ਸਪਾਈਸ ਜੈੱਟ ਨੇ ਜੋ ਫਲਾਈਟ ਚਲਾਈ ਹੈ ਉਹ ਕਾਫੀ ਲਾਭਦਾਇਕ ਹੈ ਪਰ ਸਰਕਾਰ ਵਲੋਂ ਜਲੰਧਰ ਤੋਂ ਆਦਮਪੁਰ ਆਉਣ ਵਾਲੀ ਸੜਕ ਨੂੰ ਸੁਧਾਰਿਆ ਜਾਵੇ ਤਾਂ ਕਿ ਐੱਨ.ਆਰ.ਆਈ. ਜੋ ਆਦਮਪੁਰ ਤੋਂ ਦਿੱਲੀ ਏਅਰਪੋਰਟ ਲਈ ਫਲਾਈਟ ਫੜਨ ਲਈ ਸਫਰ ਕਰਦੇ ਹਨ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਦੀ ਟਰਾਂਸਪੋਰਟ ਵਿਚ ਖਰਾਬ ਸੜਕ ਕਾਰਨ ਦਿੱਕਤ ਨਾ ਆ ਸਕੇ।