ਵੱਡੀ ਖ਼ਬਰ: ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਲਿਆਵੇਗੀ ਆਪਣਾ ਯੂਟਿਊਬ ਚੈਨਲ

Friday, Jul 14, 2023 - 02:29 PM (IST)

ਵੱਡੀ ਖ਼ਬਰ: ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਲਿਆਵੇਗੀ ਆਪਣਾ ਯੂਟਿਊਬ ਚੈਨਲ

ਅੰਮ੍ਰਿਤਸਰ (ਵੈੱਬ ਡੈਸਕ, ਸਰਬਜੀਤ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵੱਡਾ ਐਲਾਨ ਕਰਦਿਆਂ ਗੁਰਬਾਣੀ ਪ੍ਰਸਾਰਣ ਲਈ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ 'ਚ ਗੁਰਬਾਣੀ ਪ੍ਰਸਾਰਣ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੱਲ ਕਰਦਿਆਂ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਕਦੋਂ ਲਾਂਚ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਨੂੰ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦਾ ਪਾਲਣ ਕਰਦੀ ਹੈ ਅਤੇ ਉਨ੍ਹਾਂ ਦੇ ਆਦੇਸ਼ 'ਤੇ ਖਰੀ ਉਤਰਦੀ ਹੈ।

ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਐਡਵੋਕੇਟ ਧਾਮੀ ਨੇ ਦੱਸਿਆ ਕਿ ਅੱਜ ਮੀਟਿੰਗ 'ਚ ਸਮੁੱਚੀਆਂ ਜਥੇਬੰਦੀਆਂ ਨੇ ਮਤਾ ਪਾਸ ਕੀਤਾ। ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਾਡੇ ਕੋਲ ਤਿੰਨ ਕੰਪਨੀਆਂ ਆਈਆਂ ਹਨ। ਇਨ੍ਹਾਂ ਕੰਪਨੀਆਂ 'ਚ ਲਮਹਾਸ ਸੈਟੇਲਾਈਟ ਸਰਵਿਸਿਜ਼ ਲਿਮਿਟੇਡ (ਨਵੀਂ ਦਿੱਲੀ) ਨੇ ਕਿਹਾ ਕਿ 21 ਲੱਖ ਰੁਪਏ ਤੇ GST ਮਹੀਨੇ ਦਾ ਲਵਾਂਗੇ। ਇਸ ਦੇ ਨਾਲ 4 ਕੈਮਰੇ ਵੀ ਲਗਾਏ ਜਾਣਗੇ। ਇਸੇ ਤਰ੍ਹਾਂ ਦੂਜੀ ਕੰਪਨੀ ਸ਼ਾਈਨ ਸਟਾਰ ਨੇ 12 ਲੱਖ 30 ਹਜ਼ਾਰ ਰੁਪਏ ਮਹੀਨੇ ਦੇ ਮੰਗੇ ਹਨ, ਜਿਸ 'ਚ ਉਨ੍ਹਾਂ ਕਿਹਾ ਕਿ ਕੈਮਰੇ ਤੇ ਕੈਮਰੇ ਚਲਾਉਣ ਵਾਲੇ ਵੀ ਕੰਪਨੀ ਦੇ ਬੰਦੇ ਹੋਣਗੇ। ਇਸ ਤੋਂ ਇਲਾਵਾ ਤੀਸਰੀ ਕੰਪਨੀ ਅਨਸ਼ਨੁਕ੍ਰਿਤੀ ਸੰਚਾਰ (ਨਵੀਂ ਦਿੱਲੀ) ਨੇ 12 ਲੱਖ ਅਤੇ GST ਮਹੀਨੇ ਦਾ ਮੰਗਿਆ ਹੈ। ਇਕੱਤਰਤਾ 'ਚ ਸਭ ਨੇ ਸਿਫ਼ਾਰਿਸ਼ ਕੀਤੀ ਕਿ ਸਭ ਤੋਂ ਘੱਟ ਟੈਂਡਰ ਅਨਸ਼ਨੁਕ੍ਰਿਤੀ ਸੰਚਾਰ (ਨਵੀਂ ਦਿੱਲੀ)  ਦਾ ਹੈ ਅਤੇ ਇਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਇਸ ਦੇ ਨਾਲ ਇਹ ਵੀ ਰਾਏ ਦਿੱਤੀ ਕਿ SGPC ਨੂੰ ਆਪਣਾ ਸੈਟੇਲਾਈਟ ਸਥਾਪਿਤ ਕਰਨ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਸੈਟੇਲਾਈਟ ਚੈਨਲ ਲਈ ਲਾਇਸੈਂਸ ਦੀ ਲੋੜ ਪਵੇਗੀ ਜਿਸ ਲਈ ਯਤਨ ਕੀਤੇ ਜਾਣਗੇ। ਪ੍ਰਧਾਨ ਧਾਮੀ ਨੇ ਕਿਹਾ ਕਿ ਇਸ ਕਾਰਜ ਵਾਸਤੇ ਲੋੜ ਅਨੁਸਾਰ ਕੰਪਨੀ ਬਣਾਉਣੀ ਪਈ ਤਾਂ ਉਹ ਵੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ- ਨੌਜਵਾਨ ਨੇ ਸ਼ੌਂਕ ਨੂੰ ਬਣਾਇਆ ਸਹਾਇਕ ਧੰਦਾ, ਸਾਲਾਨਾ ਕਰਦੈ ਲੱਖਾਂ ਰੁਪਏ ਦੀ ਕਮਾਈ

ਪ੍ਰਧਾਨ ਧਾਮੀ ਨੇ ਅੱਗੇ ਕਿਹਾ ਕਿ 24 ਤਾਰੀਖ਼ ਤੋਂ ਯੂਟਿਊਬ ਚੈਨਲ ਲਾਂਚ ਕੀਤਾ ਜਾਵੇਗਾ, ਜਿਸ ਦਾ ਨਾਂ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ' ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਲੋਗੋ ਹੈ ਉਸ ਦੇ ਹੇਠਾਂ ਮੋਟੇ ਅੱਖਰਾਂ 'ਚ ਪੰਜਾਬੀ 'ਚ ਐੱਸ.ਜੀ.ਪੀ. ਸੀ ਲਿਖਿਆ ਜਾਵੇਗਾ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜਿਹੜੀ ਸੈਟਾਲਾਈਟ ਦੀ ਪ੍ਰਕਿਰਿਆ ਹੈ ਉਹ ਵੀ ਜਲਦ ਹੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਅੱਜ ਇਕ ਐਪਲੀਕੇਸ਼ਨ ਲਿਖ ਕੇ ਬਰਾਡਕਾਸਟਿੰਗ ਮਨਿਸਟਰ ਆਨਰ ਨੂੰ ਭੇਜਾਂਗੇ। ਜਿਸ 'ਚ ਉਨ੍ਹਾਂ ਨੂੰ ਕਹਾਂਗੇ ਕਿ ਸਾਡੀ ਪੰਜ ਮੈਂਬਰੀ ਕਮੇਟੀ ਬਣੀ ਹੈ ਉਨ੍ਹਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਧਿਆਨ 'ਚ ਇਹ ਸਭ ਚੀਜ਼ਾਂ ਲਿਆਈਆਂ ਜਾ ਸਕਣ।

ਇਹ ਵੀ ਪੜ੍ਹੋ- ਯਮੁਨਾ ਦੇ ਵਧਦੇ ਪਾਣੀ ਨੇ ਚਿੰਤਾ 'ਚ ਪਾਈ 'ਦਿੱਲੀ', CM ਕੇਜਰੀਵਾਲ ਵੱਲੋਂ ਸਕੂਲ ਬੰਦ ਕਰਨ ਦਾ ਐਲਾਨ

ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸਾਨੂੰ ਕਨਸਲਟੈਂਟ ਵੀ ਰੱਖਣੇ ਪੈਣਗੇ ਜੋ ਵੱਖਰਾ ਸਟਾਫ਼ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸਟੂਡੀਓ, ਕਮਰੇ ਅਤੇ ਹੋਰ ਪ੍ਰਬੰਧ ਦੇਖਣਗੇ। ਇਸ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦੇ ਸਾਰੇ ਹੱਕ ਸ਼੍ਰੋਮਣੀ ਕਮੇਟੀ ਦੇ ਹੋਣਗੇ। ਇਸ ਮਾਮਲੇ 'ਚ ਕਿਸੇ ਦੀ ਦਖ਼ਲ ਅੰਦਾਜ਼ੀ ਨਹੀਂ ਹੋਵੇਗੀ ਅਤੇ ਇਹ ਇਕਮਾਤਰ ਹੱਕ SGPC ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਯੂਟਿਊਬ ਜਾਂ ਵੈੱਬ ਚੈਨਲ ਦਾ ਹੱਕ ਸ਼੍ਰੋਮਣੀ ਕਮੇਟੀ ਨੂੰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਵੀ ਵੈੱਬ ਚੈਨਲ ਜਾਂ ਯੂਟਿਊਬ ਨੂੰ ਸੋਸ਼ਲ ਮੀਡੀਆ ਤੋਂ ਰੀਸਟਰੀਮ ਜਾਂ ਡਾਊਨਲੋਡ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ।

ਇਸ ਦੇ ਨਾਲ ਕਮੇਟੀ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸਮੂਹ ਅੰਤ੍ਰਿੰਗ ਕਮੇਟੀ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਵਫ਼ਦ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਇਕ ਪੱਤਰ ਸੌਂਪ ਕੇ ਸ਼੍ਰੋਮਣੀ ਕਮੇਟੀ ਦੇ ਆਪਣੇ ਯੂਟਿਊਬ ਚੈਨਲ ’ਤੇ ਗੁਰਬਾਣੀ ਪ੍ਰਸਾਰਣ ਕਰਨ ਸਬੰਧੀ ਲਏ ਗਏ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਬਾਰੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ਦਾ ਸ਼੍ਰੋਮਣੀ ਕਮੇਟੀ ਸਤਿਕਾਰ ਕਰਦੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News