ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਲੰਡਨ ਲਈ 4 ਸਪੈਸ਼ਲ ਉਡਾਣਾਂ ਨੂੰ ਮਿਲੀ ਹਰੀ ਝੰਡੀ
Sunday, Apr 19, 2020 - 08:21 AM (IST)
ਜਲੰਧਰ/ਲੰਡਨ, (ਮਹੇਸ਼)—ਅੰਮ੍ਰਿਤਸਰ ਤੋਂ ਲੰਡਨ ਲਈ 4 ਹੋਰ ਸਿੱਧੀਆਂ ਉਡਾਣਾਂ ਦੀ ਵਿਦੇਸ਼ ਮੰਤਰਾਲੇ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸਦਾ ਮੁੱਖ ਸਿਹਰਾ ਬ੍ਰਿਟਿਸ਼ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਵਲੋਂ ਇਸ ਸਬੰਧੀ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਉਨ੍ਹਾਂ ਨੇ ਖੁਦ ਇਸ ’ਤੇ ਬੇਹੱਦ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਅੰਮ੍ਰਿਤਸਰ ਤੋਂ ਲੰਡਨ ਲਈ ਪਹਿਲੀ ਉਡਾਣ 21 ਅਪ੍ਰੈਲ, ਦੂਸਰੀ 23 ਅਪ੍ਰੈਲ, ਤੀਸਰੀ 25 ਅਪ੍ਰੈਲ ਅਤੇ ਚੌਥੀ 27 ਅਪ੍ਰੈਲ ਨੂੰ ਚੱਲੇਗੀ।
ਉਨ੍ਹਾਂ ਨੇ ਕਿਹਾ ਕਿ ਸਲੋਹ ਸਮੇਤ ਹੋਰ ਬਹੁਤ ਸਾਰੇ ਬ੍ਰਿਟਿਸ਼ ਲੋਕਾਂ ਵਲੋਂ ਉਪਰੋਕਤ ਉਡਾਣਾਂ ਸਬੰਧੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਤਾਂ ਕਿ ਉਥੇ ਫਸੇ ਹੋਏ ਇਥੋਂ ਦੇ ਲੋਕਾਂ ਨੂੰ ਵਾਪਸ ਆਉਣ ਵਿਚ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਅਜੇ ਹੋਰ ਵੀ ਬਹੁਤ ਸਾਰੇ ਬ੍ਰਿਟਿਸ਼ ਨਾਗਰਿਕ ਭਾਰਤ ਵਿਚ ਪੰਜਾਬ ਸਮੇਤ ਅਨੇਕਾਂ ਸਥਾਨਾਂ ’ਤੇ ਫਸੇ ਹੋਏ ਹਨ। ਉਨ੍ਹਾਂ ਨੂੰ ਵਾਪਸ ਲਿਆਉਣ ਵਾਸਤੇ ਵੀ ਵਿਦੇਸ਼ ਮੰਤਰਾਲੇ ਅਤੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਹੋਰ ਉਡਾਣਾਂ ਦਾ ਪ੍ਰਬੰਧ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਕੋਸ਼ਿਸ਼ਾਂ ਵੀ ਜਾਰੀ ਰੱਖਣਗੇ। ਉਨ੍ਹਾਂ ਨੇ 472 ਪੌਂਡ ਤੋਂ ਸਾਢੇ 500 ਪੌਂਡ ਤੱਕ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਵਾਸਤੇ ਕਿਹਾ ਹੈ।
ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਜਰਮਨ, ਫਰਾਂਸ, ਅਮਰੀਕਾ ਅਤੇ ਆਇਰਲੈਂਡ ਵਲੋਂ ਆਪਣੇ ਫਸੇ ਹੋਏ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵੱਡੇ ਯਤਨ ਕੀਤੇ ਗਏ ਹਨ। ਉਨ੍ਹਾਂ ਨੇ ਜਰਮਨੀ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਥੋਂ ਦੇ 60 ਹਜ਼ਾਰ ਤੋਂ ਵੱਧ ਨਾਗਰਿਕ ਵਾਪਸ ਬੁਲਾ ਲਏ ਗਏ ਹਨ ਜਦਕਿ ਭਾਰਤ ਤੋਂ ਸਿਰਫ ਅਜੇ 5 ਹਜ਼ਾਰ ਦੇ ਕਰੀਬ ਹੀ ਬ੍ਰਿਟਿਸ਼ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ।