ਨਿਯਮਾਂ ਦੇ ਉਲਟ ਚੱਲ ਰਹੇ ਆਟੋ ਰਿਕਸ਼ਾ ਖਿਲਾਫ ਵਿਸ਼ੇਸ਼ ਮੁਹਿੰਮ

09/29/2017 2:44:06 AM

ਲੁਧਿਆਣਾ,  (ਸੰਨੀ)-  ਟ੍ਰੈਫਿਕ ਪੁਲਸ ਵੱਲੋਂ ਨਗਰ ਵਿਚ ਨਿਯਮਾਂ ਦੇ ਉਲਟ ਚੱਲ ਰਹੇ ਆਟੋ ਰਿਕਸ਼ਾ ਖਿਲਾਫ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦੀ ਅਗਵਾਈ ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ ਨੇ ਕੀਤੀ। ਟ੍ਰੈਫਿਕ ਪੁਲਸ ਵੱਲੋਂ ਇਸ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਰੋਡ 'ਤੇ ਨਾਕਾਬੰਦੀ ਕਰ ਕੇ ਆਟੋ ਰਿਕਸ਼ਾ ਚਾਲਕਾਂ ਦੇ ਕੋਲ ਮੌਜੂਦ ਕਾਗਜ਼ਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਜਿੱਥੇ 171 ਆਟੋ ਰਿਕਸ਼ਾ ਦੇ ਚਲਾਨ ਕੀਤੇ ਗਏ, ਉਥੇ 42 ਨੂੰ ਮੌਕੇ 'ਤੇ ਹੀ ਬੰਦ ਕਰ ਦਿੱਤਾ ਗਿਆ।
ਨਾਕੇ 'ਤੇ ਮੌਜੂਦ ਪੁਲਸ ਟੀਮਾਂ ਦਾ ਨਿਸ਼ਾਨਾ ਡੀਜ਼ਲ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਰਹੇ। ਆਟੋ ਰਿਕਸ਼ਾ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ, ਆਰ. ਸੀ., ਪਰਮਿਟ, ਇੰਸ਼ੋਰੈਂਸ ਅਤੇ ਪਾਲਿਊਸ਼ਨ ਸਰਟੀਫਿਕੇਟ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਜ਼ਿਆਦਾਤਰ ਆਟੋ ਰਿਕਸ਼ਾ ਚਾਲਕਾਂ ਦੇ ਕੋਲ ਜਾਇਜ਼ ਡਰਾਈਵਿੰਗ ਲਾਇਸੈਂਸ ਅਤੇ ਰੂਟ ਪਰਮਿਟ ਨਹੀਂ ਮਿਲਿਆ। ਕਾਗਜ਼ ਅਧੂਰੇ ਪਾਏ ਜਾਣ 'ਤੇ ਉਨ੍ਹਾਂ ਦੇ ਚਲਾਨ ਕੀਤੇ ਗਏ, ਜਦੋਂਕਿ ਕੋਈ ਵੀ ਕਾਗਜ਼ ਨਾ ਹੋਣ 'ਤੇ 42 ਆਟੋ ਬੰਦ ਕਰ ਦਿੱਤੇ ਗਏ।
ਬਿਨਾਂ ਸੀਟ ਬੈਲਟ 108 ਐਂਬੂਲੈਂਸ ਚਾਲਕਾਂ ਦਾ ਚਲਾਨ
ਨਾਕੇ 'ਤੇ ਜ਼ੋਨ ਇੰਚਾਰਜ ਸਬ ਇੰਸ. ਜਗਜੀਤ ਸਿੰਘ ਨੇ ਇਕ ਅਜਿਹੀ 108 ਨੰਬਰ ਐਂਬੂਲੈਂਸ ਨੂੰ ਰੋਕਿਆ, ਜਿਸ ਦੇ ਚਾਲਕ ਅਤੇ ਸਹਾਇਕ ਨੇ ਡਰਾਈਵਿੰਗ ਦੌਰਾਨ ਸੀਟ ਬੈਲਟ ਨਹੀਂ ਲਾਈ ਸੀ। ਜਦੋਂ ਐਂਬੂਲੈਂਸ ਨੂੰ ਰੋਕਿਆ ਤਾਂ ਉਸ ਵਿਚ ਕੋਈ ਮਰੀਜ਼ ਨਹੀਂ ਸੀ। ਇਸ ਤੋਂ ਬਾਅਦ ਐਂਬੂਲੈਂਸ ਚਾਲਕ ਦਾ ਬਿਨਾਂ ਸੀਟ ਬੈਲਟ ਦਾ ਚਲਾਨ ਕੀਤਾ ਗਿਆ।
ਲੋਕ ਆਪ ਜਾਗਰੂਕ ਹੋਣ : ਬਰਾੜ
ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਪ੍ਰਤੀ ਲੋਕ ਆਪ ਜਾਗਰੂਕ ਹੋਣ। ਟ੍ਰੈਫਿਕ ਦੇ ਨਿਯਮਾਂ 'ਤੇ ਅਮਲ ਕਰ ਕੇ ਹੀ ਆਪਣੀ ਅਤੇ ਸੜਕ 'ਤੇ ਚੱਲ ਰਹੇ ਹੋਰਨਾਂ ਲੋਕਾਂ ਦੀ ਜਾਨ ਸੁਰੱਖਿਅਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਆਟੋ ਰਿਕਸ਼ਾ ਚਾਲਕਾਂ ਖਿਲਾਫ ਪੁਲਸ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ।


Related News