ਰੱਖੜੀ ਲਈ ਵਿਸ਼ੇਸ਼ ਪ੍ਰਬੰਧ, ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਡਾਕਘਰ, ਵਿਸ਼ੇਸ਼ ਲਿਫ਼ਾਫੇ ਵੀ ਉਪਲੱਬਧ

Saturday, Aug 01, 2026 - 05:03 PM (IST)

ਰੱਖੜੀ ਲਈ ਵਿਸ਼ੇਸ਼ ਪ੍ਰਬੰਧ, ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਡਾਕਘਰ, ਵਿਸ਼ੇਸ਼ ਲਿਫ਼ਾਫੇ ਵੀ ਉਪਲੱਬਧ

ਚੰਡੀਗੜ੍ਹ (ਸ਼ੀਨਾ) : ਰੱਖੜੀ ਦੇ ਤਿਉਹਾਰ ਨੂੰ ਧਿਆਨ 'ਚ ਰੱਖਦਿਆਂ ਚੰਡੀਗੜ੍ਹ ਡਾਕ ਮੰਡਲ ਨੇ ਅਗਸਤ ਮਹੀਨੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਭੈਣਾਂ ਵੱਲੋਂ ਭੇਜੀਆਂ ਜਾਣ ਵਾਲੀਆਂ ਰਾਖੀਆਂ ਦੇਸ਼ ਅਤੇ ਵਿਦੇਸ਼ 'ਚ ਆਪਣੇ ਭਰਾਵਾਂ ਤੱਕ ਸਮੇਂ ਸਿਰ ਅਤੇ ਸੁਰੱਖਿਅਤ ਢੰਗ ਨਾਲ ਪਹੁੰਚਣ, ਇਸ ਲਈ ਮੁੱਖ ਡਾਕਘਰਾਂ 'ਚ ਵਾਧੂ ਕਾਊਂਟਰ ਚਲਾਏ ਜਾ ਰਹੇ ਹਨ। ਇਸ ਦੇ ਨਾਲ ਹੀ ਐਤਵਾਰ ਅਤੇ ਸਰਕਾਰੀ ਛੁੱਟੀਆਂ ਦੌਰਾਨ ਵੀ ਚੋਣਵੇਂ ਡਾਕਘਰ ਖੁੱਲ੍ਹੇ ਰਹਿਣਗੇ। ਡਾਕ ਵਿਭਾਗ ਨੇ ਰੱਖੜੀਆਂ ਦੀ ਸੁਰੱਖਿਅਤ ਪੈਕਿੰਗ ਅਤੇ ਤੇਜ਼ ਡਿਲੀਵਰੀ ਲਈ 15, 20 ਅਤੇ 50 ਰੁਪਏ ਦੇ ਵਿਸ਼ੇਸ਼ ਲਿਫ਼ਾਫੇ ਵੀ ਉਪਲੱਬਧ ਕਰਵਾਏ ਹਨ। ਇਹ ਲਿਫ਼ਾਫੇ ਰੱਖੜੀਆਂ ਨੂੰ ਮੀਂਹ ਅਤੇ ਹੋਰ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਨਗੇ। ਅੰਤਰਰਾਸ਼ਟਰੀ ਡਾਕ ਸੇਵਾ ਰਾਹੀਂ ਵੀ ਰੱਖੜੀਆਂ ਭੇਜਣ ਦੀ ਸਹੂਲਤ ਜਾਰੀ ਹੈ। ਰੱਖੜੀ ਦੇ ਤਿਉਹਾਰ ਨੂੰ ਧਿਆਨ 'ਚ ਰੱਖਦਿਆਂ ਇੰਡੀਆ ਪੋਸਟ ਵੱਲੋਂ ਕਈ ਦੇਸ਼ਾਂ 'ਚ ਅੰਤਰਰਾਸ਼ਟਰੀ ਡਾਕ ਸੇਵਾ ਉਪਲੱਬਧ ਕਰਵਾਈ ਜਾ ਰਹੀ ਹੈ। ਪਹਿਲੇ 50 ਗ੍ਰਾਮ ਦੇ ਪਾਰਸਲ ਲਈ ਨਿਰਧਾਰਤ ਫ਼ੀਸ ਇਸ ਤਰ੍ਹਾਂ ਹੈ-ਕੈਨੇਡਾ ਲਈ 340 ਰੁਪਏ, ਅਮਰੀਕਾ ਲਈ 400 ਰੁਪਏ, ਯੂਨਾਈਟਿਡ ਕਿੰਗਡਮ ਲਈ 200 ਰੁਪਏ, ਆਸਟ੍ਰੇਲੀਆ ਲਈ 395 ਰੁਪਏ, ਇਟਲੀ ਲਈ 350 ਰੁਪਏ ਅਤੇ ਨਿਊਜ਼ੀਲੈਂਡ ਲਈ 390 ਰੁਪਏ।

ਹਰੇਕ ਵਾਧੂ 50 ਗ੍ਰਾਮ ਲਈ ਵੱਖਰੀ ਫ਼ੀਸ ਲਾਗੂ ਹੋਵੇਗਾ। ਇਸ ਅਨੁਸਾਰ ਕੈਨੇਡਾ ਲਈ 40 ਰੁਪਏ, ਅਮਰੀਕਾ ਲਈ 35 ਰੁਪਏ, ਯੂਨਾਈਟਿਡ ਕਿੰਗਡਮ ਲਈ 25 ਰੁਪਏ, ਆਸਟ੍ਰੇਲੀਆ ਲਈ 45 ਰੁਪਏ, ਇਟਲੀ ਲਈ 30 ਰੁਪਏ ਅਤੇ ਨਿਊਜ਼ੀਲੈਂਡ ਲਈ 55 ਰੁਪਏ ਵਾਧੂ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਰੱਖੜੀ ਦੇ ਲਿਫ਼ਾਫ਼ੇ ਦੀ ਕੀਮਤ 15 ਰੁਪਏ ਅਤੇ 20 ਰੁਪਏ, ਜਦੋਂ ਕਿ ਰੱਖੜੀ ਗਿਫ਼ਟ ਬਾਕਸ ਦੀ ਕੀਮਤ 50 ਰੁਪਏ ਰੱਖੀ ਗਈ ਹੈ। ਉਪਰੋਕਤ ਸਾਰੇ ਪੈਸਿਆਂ 'ਤੇ 18 ਫ਼ੀਸਦੀ ਜੀ. ਐੱਸ. ਟੀ. ਵੱਖਰੇ ਤੌਰ 'ਤੇ ਲਾਗੂ ਹੋਵੇਗੀ।  ਡਾਕ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੱਖੜੀਆਂ ਆਖ਼ਰੀ ਸਮੇਂ ਦੀ ਭੀੜ ਤੋਂ ਬਚਦੇ ਹੋਏ ਪਹਿਲਾਂ ਹੀ ਬੁੱਕ ਕਰਵਾਉਣ। 26 ਅਗਸਤ ਤੱਕ ਬੁੱਕ ਹੋਣ ਵਾਲੀਆਂ ਰੱਖੜੀਆਂ ਨੂੰ ਤਰਜ਼ੀਹ ਦੇ ਆਧਾਰ 'ਤੇ ਰੱਖੜੀ ਤੋਂ ਪਹਿਲਾਂ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।  ਚੰਡੀਗੜ੍ਹ ਡਾਕ ਮੰਡਲ ਅਧੀਨ ਸੈਕਟਰ-17, ਸੈਕਟਰ-19, ਸੈਕਟਰ-22, ਸੈਕਟਰ-55, ਮਨੀਮਾਜਰਾ ਸਮੇਤ ਹੋਰ ਮੁੱਖ ਡਾਕਘਰਾਂ ਵਿੱਚ ਵਾਧੂ ਸਟਾਫ਼ ਅਤੇ ਮਲਟੀਪਰਪਜ਼ ਕਾਊਂਟਰ ਤਾਇਨਾਤ ਕੀਤੇ ਗਏ ਹਨ। ਡਾਕ ਵਿਭਾਗ ਦਾ ਕਹਿਣਾ ਹੈ ਕਿ ਰੱਖੜੀ ਦੇ ਮੌਕੇ 'ਤੇ ਵਧਣ ਵਾਲੇ ਡਾਕ ਦੇ ਬੋਝ ਨੂੰ ਸੰਭਾਲਣ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਤਾਂ ਜੋ ਭੈਣਾਂ ਦੇ ਪਿਆਰ ਦੀ ਡੋਰ ਸਮੇਂ ਸਿਰ ਆਪਣੇ ਭਰਾਵਾਂ ਤੱਕ ਪਹੁੰਚ ਸਕੇ।


author

Babita

Content Editor

Related News