ਬੰਬੀਹਾ ਗਰੁੱਪ ਲਈ ਫ਼ਿਰੌਤੀ ਵਸੂਲੀ ਤੇ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼, ਦੂਜੀ ਜ਼ਮਾਨਤ ਵੀ ਰੱਦ

Tuesday, Oct 06, 2026 - 10:42 AM (IST)

ਬੰਬੀਹਾ ਗਰੁੱਪ ਲਈ ਫ਼ਿਰੌਤੀ ਵਸੂਲੀ ਤੇ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼, ਦੂਜੀ ਜ਼ਮਾਨਤ ਵੀ ਰੱਦ

ਮੋਹਾਲੀ (ਜੱਸੀ) : ਬੰਬੀਹਾ ਗਰੁੱਪ ਦੇ ਆਗੂ ਸ਼ਗਨਪ੍ਰੀਤ ਸਿੰਘ ਦੇ ਕਹਿਣ ’ਤੇ ਲੋਕਾਂ ਨੂੰ ਧਮਕਾ ਕੇ ਫਿਰੌਤੀ ਵਸੂਲਣ ਤੇ ਸ਼ੂਟਰਾਂ ਲਈ ਗ਼ੈਰ-ਕਾਨੂੰਨੀ ਹਥਿਆਰਾਂ ਦਾ ਪ੍ਰਬੰਧ ਕਰਨ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਪਰਮਵੀਰ ਸਿੰਘ ਉਰਫ਼ ਪਰਮ ਸਹੋਤਾ ਦੀ ਦੂਜੀ ਜ਼ਮਾਨਤ ਅਰਜ਼ੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦਿਆਂ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਨਾਲ ਉਸ ਦੇ ਫ਼ਰਾਰ ਹੋਣ ਜਾਂ ਮੁਕੱਦਮੇ ਨਾਲ ਸਬੰਧਿਤ ਸਬੂਤਾਂ ਨਾਲ ਛੇੜਛਾੜ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਆਪਣੇ ਹੁਕਮ ’ਚ ਕਿਹਾ ਕਿ ਰਿਕਾਰਡ ’ਤੇ ਮੌਜੂਦ ਸਮੱਗਰੀ ਤੋਂ ਮੁੱਢਲੇ ਤੌਰ ’ਤੇ ਸਾਹਮਣੇ ਆਉਂਦਾ ਹੈ ਕਿ ਮੁਲਜ਼ਮ ਪਰਮਵੀਰ ਸਹੋਤਾ ਦਵਿੰਦਰ ਬੰਬੀਹਾ ਗਰੁੱਪ ਨਾਲ ਜੁੜਿਆ ਹੋਇਆ ਸੀ।

ਇਸ ਗਰੁੱਪ ਦੀ ਅਗਵਾਈ ਵਿਦੇਸ਼ ’ਚ ਰਹਿ ਰਹੇ ਸ਼ਗਨਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਉਰਫ਼ ਪਿੰਡਾ ਵੱਲੋਂ ਕੀਤੇ ਜਾਣ ਦਾ ਦੋਸ਼ ਹੈ। ਅਦਾਲਤ ਮੁਤਾਬਕ ਸਹੋਤਾ ’ਤੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਫਿਰੌਤੀ ਲਈ ਲੋਕਾਂ ਨੂੰ ਧਮਕਾਉਣ ਅਤੇ ਸ਼ਗਨਪ੍ਰੀਤ ਸਿੰਘ ਦੇ ਸ਼ੂਟਰਾਂ ਲਈ ਗੈਰ-ਕਾਨੂੰਨੀ ਹਥਿਆਰਾਂ ਦਾ ਪ੍ਰਬੰਧ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਦੋਸ਼ ਹਨ। ਜਾਂਚ ਏਜੰਸੀ ਅਨੁਸਾਰ 2 ਮਈ 2026 ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਮੁਤਾਬਕ ਵਿਦੇਸ਼ ’ਚ ਬੈਠਾ ਸ਼ਗਨਪ੍ਰੀਤ ਸਿੰਘ ਪੰਜਾਬ ’ਚ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਵਸੂਲਦਾ ਸੀ ਅਤੇ ਫ਼ਿਰੌਤੀ ਨਾ ਦੇਣ ’ਤੇ ਹਿੰਸਕ ਕਾਰਵਾਈਆਂ ਕਰਵਾਉਣ ਦੇ ਦੋਸ਼ ਹਨ। ਅਦਾਲਤ ਨੇ ਕਿਹਾ ਕਿ ਇਸ ਕਿਸਮ ਦੇ ਸੰਗਠਿਤ ਅਪਰਾਧ ਵਿੱਚ ਵੱਖ-ਵੱਖ ਵਿਅਕਤੀਆਂ ਨੂੰ ਵੱਖਰੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਮਾਮਲੇ ਦੀ ਗੰਭੀਰਤਾ ਅਤੇ ਮੁਲਜ਼ਮ ਦੀ ਕਥਿਤ ਭੂਮਿਕਾ ਨੂੰ ਦੇਖਦਿਆਂ ਉਸ ਨੂੰ ਨਿਯਮਤ ਜ਼ਮਾਨਤ ਦੇਣਾ ਉਚਿਤ ਨਹੀਂ ਹੈ। ਇਸ ਆਧਾਰ ’ਤੇ ਪਰਮਵੀਰ ਸਿੰਘ ਸਹੋਤਾ ਦੀ ਦੂਜੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ।
 


author

Babita

Content Editor

Related News