ਮਰਿਆ ਸੱਪ ਲਿਫ਼ਾਫ਼ੇ 'ਚ ਪਾ ਹਸਪਤਾਲ ਪੁੱਜਾ ਨੌਜਵਾਨ, ਸਟਾਫ਼ ਵੀ ਇਕ ਪਲ ਲਈ ਰਹਿ ਗਿਆ ਹੈਰਾਨ

Tuesday, Oct 06, 2026 - 03:18 PM (IST)

ਮਰਿਆ ਸੱਪ ਲਿਫ਼ਾਫ਼ੇ 'ਚ ਪਾ ਹਸਪਤਾਲ ਪੁੱਜਾ ਨੌਜਵਾਨ, ਸਟਾਫ਼ ਵੀ ਇਕ ਪਲ ਲਈ ਰਹਿ ਗਿਆ ਹੈਰਾਨ

ਡੇਰਾਬੱਸੀ (ਅਨਿਲ ਸ਼ਰਮਾ) : ਇੱਥੇ ਪਿੰਡ ਭਾਂਖਰਪੁਰ ਨੇੜੇ ਇੱਕ ਕਾਲੋਨੀ 'ਚ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਨੌਜਵਾਨ ਨੂੰ ਅਚਾਨਕ ਸੱਪ ਨੇ ਪੈਰ ’ਤੇ ਡੰਗ ਮਾਰ ਦਿੱਤਾ। ਸੱਪ ਦੇ ਡੰਗਣ ਦੇ ਬਾਵਜੂਦ ਨੌਜਵਾਨ ਨੇ ਘਬਰਾਉਣ ਦੀ ਬਜਾਏ ਹੌਂਸਲਾ ਦਿਖਾਇਆ ਅਤੇ ਡੰਗ ਮਾਰਨ ਵਾਲੇ ਸੱਪ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਹ ਮਰੇ ਹੋਏ ਸੱਪ ਨੂੰ ਇੱਕ ਲਿਫ਼ਾਫ਼ੇ 'ਚ ਪਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਤੁਰੰਤ ਨੌਜਵਾਨ ਦਾ ਇਲਾਜ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਨੌਜਵਾਨ ਧਰਮਵੀਰ ਰਾਤ ਸਮੇਂ ਆਪਣੇ ਘਰ ਦੇ ਨੇੜੇ ਮੌਜੂਦ ਸੀ। ਇਸੇ ਦੌਰਾਨ ਅਚਾਨਕ ਇੱਕ ਸੱਪ ਨੇ ਉਸ ਦੇ ਪੈਰ ’ਤੇ ਡੰਗ ਮਾਰ ਦਿੱਤਾ। ਸੱਪ ਦੇ ਡੰਗਣ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਧਰਮਵੀਰ ਨੇ ਹੌਂਸਲਾ ਦਿਖਾਉਂਦਿਆਂ ਡੰਗ ਮਾਰਨ ਵਾਲੇ ਸੱਪ ਨੂੰ ਮਾਰ ਦਿੱਤਾ।
ਇਸ ਤੋਂ ਬਾਅਦ ਪਰਿਵਾਰਕ ਮੈਂਬਰ ਬਿਨਾਂ ਦੇਰੀ ਕੀਤੇ ਉਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ। ਧਰਮਵੀਰ ਮਰੇ ਹੋਏ ਸੱਪ ਨੂੰ ਵੀ ਆਪਣੇ ਨਾਲ ਲਿਫ਼ਾਫ਼ੇ ਵਿੱਚ ਪਾ ਕੇ ਹਸਪਤਾਲ ਲੈ ਆਇਆ। ਹਸਪਤਾਲ ਪਹੁੰਚਣ ਤੋਂ ਬਾਅਦ ਜਦੋਂ ਉਸ ਨੇ ਲਿਫ਼ਾਫ਼ੇ 'ਚ ਪਾਇਆ ਮਰਿਆ ਹੋਇਆ ਸੱਪ ਹਸਪਤਾਲ ਦੇ ਸਟਾਫ਼ ਨੂੰ ਦਿਖਾਇਆ ਤਾਂ ਸਟਾਫ਼ ਮੈਂਬਰ ਵੀ ਇੱਕ ਪਲ ਲਈ ਹੈਰਾਨ ਰਹਿ ਗਏ। ਨੌਜਵਾਨ ਵੱਲੋਂ ਸੱਪ ਨੂੰ ਹਸਪਤਾਲ ਤੱਕ ਨਾਲ ਲਿਆਉਣ ਦੀ ਗੱਲ ਉੱਥੇ ਮੌਜੂਦ ਲੋਕਾਂ 'ਚ ਵੀ ਚਰਚਾ ਦਾ ਵਿਸ਼ਾ ਬਣ ਗਈ।
ਸੱਪ ਨੂੰ ਦੇਖਣ ਤੋਂ ਬਾਅਦ ਡਾਕਟਰਾਂ ਨੇ ਨੌਜਵਾਨ ਦੀ ਹਾਲਤ ਨੂੰ ਧਿਆਨ 'ਚ ਰੱਖਦਿਆਂ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਡਾਕਟਰਾਂ ਵੱਲੋਂ ਧਰਮਵੀਰ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਇਲਾਜ ਦੌਰਾਨ ਉਸ ਦੀ ਹਾਲਤ ਸਥਿਰ ਦੱਸੀ ਗਈ। ਖ਼ਬਰ ਲਿਖੇ ਜਾਣ ਤੱਕ ਧਰਮਵੀਰ ਦਾ ਸਰਕਾਰੀ ਹਸਪਤਾਲ 'ਚ ਇਲਾਜ ਜਾਰੀ ਸੀ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਸੀ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਸੱਪ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਅਜਿਹੀ ਘਟਨਾ ਵਾਪਰਨ ’ਤੇ ਘਬਰਾਉਣ ਦੀ ਬਜਾਏ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ।


author

Babita

Content Editor

Related News