ਸਪੀਕਰ ਵਲੋਂ ਕੈਨੇਡਾ ਤੋਂ ਵਾਪਸ ਭੇਜੇ ਗਏ ਵਿਧਾਇਕਾਂ ਦੇ ਹੱਕ ''ਚ ਸੁਸ਼ਮਾ ਸਵਰਾਜ ਨੂੰ ਪੱਤਰ

07/29/2018 1:45:47 PM

ਚੰਡੀਗੜ੍ਹ— ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਓਟਾਵਾ ਹਵਾਈ ਅੱਡੇ 'ਤੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਵਿਚ ਦਾਖ਼ਲ ਨਾ ਹੋਣ ਦੇਣ ਸਬੰਧੀ ਮਾਮਲੇ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਪੱਤਰ ਵਿਚ ਉਨ੍ਹਾਂ ਲਿਖਿਆ ਹੈ ਕਿ ਭਾਰਤ ਅਤੇ ਕੈਨੇਡਾ ਦੀਆਂ ਸਾਰੀਆਂ ਵਿਧਾਨਕ ਸੰਸਥਾਵਾਂ ਰਾਸ਼ਟਰਮੰਡਲ ਪਾਰਲੀਮੈਂਟਰੀ ਐਸੋਸੀਏਸ਼ਨ ਦੀਆਂ ਸ਼ਾਖਾਵਾਂ ਹਨ ਅਤੇ ਦੋਵਾਂ ਦੇਸ਼ਾਂ ਦੇ ਵਿਧਾਨਕ ਸੰਸਥਾਵਾਂ ਦੇ ਮੈਂਬਰ ਸੀ.ਪੀ.ਏ. ਦੇ ਮੈਂਬਰ ਹਨ। ਇਕ ਪਾਸੇ ਤਾਂ ਅਸੀਂ ਦੋਵਾਂ ਦੇਸ਼ਾਂ ਦੇ ਵਿਧਾਇਕਾਂ ਦਰਮਿਆਨ ਸੀ.ਪੀ.ਏ. ਗਤੀਵਿਧੀਆਂ ਜਿਵੇਂ ਭਾਈਚਾਰਾ, ਆਪਸੀ ਸਾਂਝ ਅਤੇ ਸਹਿਯੋਗ ਦੇ ਆਦਾਨ-ਪ੍ਰਦਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਾਡੇ ਵਿਧਾਇਕਾਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਜਾ ਰਿਹਾ ਹੈ।'' ਸਪੀਕਰ ਨੇ ਵਿਦੇਸ਼ ਮੰਤਰੀ ਨੂੰ ਇਸ ਮਾਮਲੇ ਦੀ ਢੁਕਵੀਂ ਪੜਤਾਲ ਕਰਨ ਅਤੇ ਇਸ ਮੁੱਦੇ ਨੂੰ ਕੈਨੇਡੀਅਨ ਅਥਾਰਟੀਆਂ ਕੋਲ ਉਠਾਉਣ ਦੀ ਮੰਗ ਕੀਤੀ ਹੈ।
ੇਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ 22 ਜੁਲਾਈ ਦਾ ਹੈ ਅਤੇ ਇਨ੍ਹਾਂ ਵਿਧਾਇਕਾਂ ਦੇ ਨਾਂ ਕੁਲਤਾਰ ਸਿੰਘ ਸੰਦਵਾਂ ਅਤੇ ਅਮਰਜੀਤ ਸਿੰਘ ਸੰਦੋਆ ਹੈ। ਇਹ ਦੋਵੇਂ ਵਿਧਾਇਕ ਆਪਣੇ ਨਿੱਜੀ ਦੌਰੇ 'ਤੇ ਓਟਾਵਾ ਹਵਾਈ ਅੱਡੇ 'ਤੇ ਪੁੱਜੇ ਹੀ ਸਨ ਕਿ ਦੋਵਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਘੇਰ ਲਿਆ ਅਤੇ ਉਨ੍ਹਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛੇ ਗਏ। ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਕੀਤੇ ਸਵਾਲਾਂ ਦੇ ਚੱਕਰਵਿਊ ਦਾ ਸਹੀ ਜਵਾਬ ਨਾ ਦਿੱਤੇ ਜਾਣ ਕਾਰਨ ਦੋਵਾਂ ਵਿਧਾਇਕਾਂ ਨੂੰ ਹਵਾਈ ਅੱਡੇ ਅਧਿਕਾਰੀਆਂ ਨੇ ਕੈਨੇਡਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ।


Related News