''ਆਪ'' ਕਾਰਕੁੰਨ ਨੇ ਸਪੀਕਰ ਰਾਣਾ ਕੇ. ਪੀ. ਖ਼ਿਲਾਫ਼ ਸੋਸ਼ਲ ਮੀਡੀਆ ''ਤੇ ਪਾਈ ਇਤਰਾਜ਼ਯੋਗ ਪੋਸਟ, ਮਾਮਲਾ ਦਰਜ
Thursday, Jul 23, 2020 - 12:05 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਰਤਗੜ੍ਹ ਤੋਂ 10 ਲੱਖ ਰੁਪਏ ਦੀ ਮੰਗ ਕਰਨ ਵਾਲੇ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਦੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਲਿਖ ਕੇ ਸੋਸ਼ਲ ਮੀਡੀਆ 'ਤੇ ਪੋਸਟ ਪਾਉਣ ਵਾਲੇ ਆਮ ਆਦਮੀ ਪਾਰਟੀ ਦੇ ਇਕ ਨੌਜਵਾਨ ਕਾਰਕੁੰਨ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਨਵ ਨਿਯੁਕਤ ਐੱਸ. ਐੱਚ. ਓ. ਹਰਕੀਰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਰਤਗੜ੍ਹ ਨਰਿੰਦਰ ਕੁਮਾਰ ਪੁਰੀ ਪੁੱਤਰ ਹੰਸ ਰਾਜ ਪੁਰੀ ਵਾਸੀ ਭਰਤਗੜ੍ਹ ਨੇ ਐੱਸ. ਐੱਸ. ਪੀ. ਰੂਪਨਗਰ ਨੂੰ ਗਗਨਦੀਪ ਸਿੰਘ ਗਿੱਲ ਵਾਸੀ ਭਰਤਗੜ੍ਹ ਥਾਣਾ ਸ੍ਰੀ ਕੀਰਤਪੁਰ ਸਾਹਿਬ ਖ਼ਿਲਾਫ਼ ਐਕਸਟੋਰਸਨ ਦੀਆਂ ਧਮਕੀਆਂ ਦੇ ਕੇ ਪੈਸੇ ਮੰਗਣ ਸਬੰਧੀ ਲਿਖਤੀ ਦਰਖਾਸਤ ਦਿੱਤੀ ਸੀ, ਜਿਸ 'ਤੇ ਜ਼ਿਲ੍ਹਾ ਪੁਲਸ ਮੁੱਖੀ ਨੇ ਐੱਸ. ਐੱਚ. ਓ. ਥਾਣਾ ਸ੍ਰੀ ਕੀਰਤਪੁਰ ਸਾਹਿਬ ਨੂੰ ਦਰਖ਼ਾਸਤ ਮਾਰਕ ਕਰਦੇ ਹੋਏ ਮਾਮਲਾ ਦਰਜ ਕਰਕੇ, ਜਾਂਚ ਪੜਤਾਲ ਕਰਨ ਦੀ ਹਦਾਇਤ ਜਾਰੀ ਕੀਤੀ ਸੀ।
ਨਰਿੰਦਰ ਕੁਮਾਰ ਪੁਰੀ ਨੇ ਆਪਣੀ ਦਰਖ਼ਾਸਤ 'ਚ ਦੱਸਿਆ ਕਿ ਉਹ ਇਕ ਇੱਜ਼ਤਦਾਰ ਨਾਗਰਿਕ ਹੈ ਅਤੇ ਉਸ ਦਾ ਚੰਗਾ ਕਾਰੋਬਾਰ ਹੈ। ਮਿਤੀ 10 ਜੁਲਾਈ ਨੂੰ ਤਕਰੀਬਨ ਸ਼ਾਮੀ 4 ਵਜੇ ਗਗਨਦੀਪ ਸਿੰਘ ਗਿੱਲ ਵਾਸੀ ਭਰਤਗੜ੍ਹ ਮੈਨੂੰ ਮਿਲਿਆ ਸੀ ਅਤੇ ਉਸ ਨੇ ਰਾਣਾ ਕੇ. ਪੀ. ਸਿੰਘ ਅਤੇ ਮੇਰੇ 'ਤੇ ਕਈ ਦੋਸ਼ ਲਾਉਣ ਦੀ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਮੈਨੂੰ 10 ਲੱਖ ਰੁਪਏ ਰਾਣਾ ਕੇ. ਪੀ. ਸਿੰਘ ਤੋਂ ਦਿਵਾ ਦੇਵੋ ਤਾਂ ਮੈਂ ਇਹ ਦੋਸ਼ ਨਹੀਂ ਲਾਵਾਂਗਾ ਅਤੇ ਮੈਨੂੰ ਇਹ ਵੀ ਕਿਹਾ ਕਿ ਤੂੰ ਰਾਣਾ ਕੇ. ਪੀ. ਸਿੰਘ ਦਾ ਖਾਸ ਹੈ, ਇਸ ਲਈ ਤੈਨੂੰ ਪਹਿਲਾਂ ਹੀ ਦੱਸ ਦਿੱਤਾ। ਫਿਰ ਮੈਂ ਉਸ ਨੂੰ ਕਿਹਾ ਕਿ ਰਾਣਾ ਕੇ. ਪੀ. ਸਿੰਘ ਕੋਈ ਗਲਤ ਕੰਮ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਮੈਂ ਅਜਿਹੀ ਕੋਈ ਮੰਗ ਦੱਸਣੀ ਹੈ ਅਤੇ ਨਾ ਹੀ ਉਨ੍ਹਾਂ ਨੇ ਇਸ ਬਾਬਤ ਮੇਰੀ ਸੁਣਨੀ ਹੈ। ਫਿਰ ਗਗਨਦੀਪ ਸਿੰਘ ਗਿੱਲ ਨੇ ਮੈਨੂੰ ਕਿਹਾ ਕਿ ਚਲੋ ਫਿਰ ਮੈਂ ਤੁਹਾਨੂੰ ਇਸ ਇਨਕਾਰੀ ਦਾ ਨਤੀਜਾ ਦੱਸਾਂਗਾ। ਫਿਰ ਉਸ ਨੇ ਇਤਰਾਜ਼ਯੋਗ ਸ਼ਬਦਾਵਲੀ ਲਿਖ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿਤੀ। ਇਸ ਪੋਸਟ 'ਚ ਮਾਈਨਿੰਗ ਸੰਬੰਧੀ ਜਿਕਰ ਕੀਤਾ ਹੋਇਆ ਹੈ।
ਪੋਸਟ ਪਾਉਣ ਤੋਂ ਬਾਅਦ ਮੈਨੂੰ ਗਗਨਦੀਪ ਸਿੰਘ ਗਿੱਲ ਫੇਰ ਮਿਲਿਆ ਅਤੇ ਕਿਹਾ ਕਿ ਅਜੇ ਤਾਂ ਇਹ ਛੋਟੀ ਜਿਹੀ ਪੋਸਟ ਪਾ ਕੇ ਟਰੇਲਰ ਹੀ ਵਿਖਾਇਆ ਹੈ, ਫਿਲਮ ਤਾਂ ਮੈਂ ਅਜੇ ਵਿਖਾਉਣੀ ਹੈ। ਜਦੋਂ ਮੈਂ ਰਾਣਾ ਕੇ. ਪੀ. ਸਿੰਘ ਅਤੇ ਤੇਰੇ 'ਤੇ ਦੋਸ਼ ਲਾਵਾਂਗਾ ।ਅਜੇ ਵੀ ਸਮਾਂ ਹੈ ਕਿ ਤੁਸੀਂ ਮੈਨੂੰ 10 ਲੱਖ ਰੁਪਏ ਦੇ ਦਿਓ। ਮੈਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਤਾਂ ਇਹ ਮੈਨੂੰ ਧਮਕੀ ਦਿੰਦਾ ਹੋਇਆ ਚਲਾ ਗਿਆ। ਇਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਸ ਨੇ ਗਗਨਦੀਪ ਸਿੰਘ ਗਿੱਲ ਖ਼ਿਲਾਫ਼ ਧਾਰਾ 384, 389, 505 ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਪਰ ਜੱਜ ਸਾਹਿਬ ਨੇ ਗਗਨਦੀਪ ਸਿੰਘ ਗਿੱਲ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ।