ਰੀਪਰ 'ਚੋਂ ਨਿਕਲੇ ਚੰਗਿਆੜੇ ਕਾਰਨ ਲੱਗੀ ਅੱਗ, ਨਾੜ ਤੇ ਕਣਕ ਸੜ ਕੇ ਹੋਈ ਸੁਆਹ

Monday, Apr 20, 2026 - 09:00 PM (IST)

ਰੀਪਰ 'ਚੋਂ ਨਿਕਲੇ ਚੰਗਿਆੜੇ ਕਾਰਨ ਲੱਗੀ ਅੱਗ, ਨਾੜ ਤੇ ਕਣਕ ਸੜ ਕੇ ਹੋਈ ਸੁਆਹ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਧੀਨ ਆਉਂਦੇ ਪਿੰਡ ਉਗਰਾ ਵਿਖੇ ਖੇਤਾਂ ਵਿੱਚ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਦਾ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਖੇਤਾਂ ਵਿੱਚ ਤੂੜੀ ਬਣਾਉਣ ਵਾਲਾ ਰੀਪਰ ਚੱਲ ਰਿਹਾ ਸੀ।

ਜਾਣਕਾਰੀ ਮੁਤਾਬਕ, ਰੀਪਰ ਵਿੱਚੋਂ ਅਚਾਨਕ ਨਿਕਲੀ ਚੰਗਿਆੜੀ ਕਾਰਨ ਖੇਤਾਂ ਵਿੱਚ ਖੜੀ ਫਸਲ ਨੂੰ ਅੱਗ ਲੱਗ ਗਈ। ਇਸ ਅੱਗ ਲੱਗਣ ਦੀ ਘਟਨਾ ਵਿੱਚ ਪਿੰਡ ਉਗਰਾ ਦੇ ਨਿਵਾਸੀ ਧਰਮ ਸਿੰਘ ਪੁੱਤਰ ਵੀਰ ਸਿੰਘ ਦੀ ਕਰੀਬ ਸੱਤ ਕਨਾਲ ਖੜੀ ਕਣਕ ਅਤੇ ਇੱਕ ਏਕੜ ਨਾੜ ਸੜ ਕੇ ਸੁਆਹ ਹੋ ਗਈ ਹੈ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਹਿੰਮਤ ਦਿਖਾਈ ਅਤੇ ਆਪਣੇ ਟਰੈਕਟਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਬੜੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਇਸ ਤੁਰੰਤ ਕਾਰਵਾਈ ਕਾਰਨ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ ਗਿਆ, ਜਿਸ ਸਦਕਾ ਖੇਤਰ ਵਿੱਚ ਕਿਸੇ ਵੱਡੇ ਨੁਕਸਾਨ ਹੋਣ ਤੋਂ ਬਚਾਅ ਰਿਹਾ।


author

Inder Prajapati

Content Editor

Related News