ਸਾਊਥ ਏਸ਼ੀਅਨ ਗੇਮਸ 'ਚ ਇਨ੍ਹਾਂ ਪੰਜਾਬੀ ਖਿਡਾਰੀਆਂ ਤੋਂ ਹਨ ਵੱਡੀਆਂ ਉਮੀਦਾਂ

11/16/2019 1:56:37 PM

ਜਲੰਧਰ— ਪੰਜਾਬ ਦੇ ਖਿਡਾਰੀ 3 ਤੋਂ 7 ਦਸੰਬਰ ਤੱਕ ਕਾਠਮਾਂਡੂ 'ਚ ਹੋਣ ਵਾਲੀ ਸਾਊਥ ਏਸ਼ੀਅਨ ਗੇਮਸ ਦਾ ਹਿੱਸਾ ਬਣਨ ਲਈ ਤਿਆਰੀਆਂ 'ਚ ਲੱਗੇ ਹਨ। ਸਾਊਥ ਏਸ਼ੀਅਨ ਗੇਮਸ 'ਚ ਪੰਜਾਬ ਦੇ ਪੰਜ ਖਿਡਾਰੀਆਂ ਦੀ ਚੋਣ ਹੋਈ ਹੈ, ਜਿਸ 'ਚ ਤਿੰਨ ਪੁਰਸ਼ ਤੇ ਦੋ ਮਹਿਲਾਵਾਂ ਸ਼ਾਮਲ ਹਨ। ਸਾਊਥ ਏਸ਼ੀਅਨ ਗੇਮਸ ਫੈਡਰੇਸ਼ਨ ਵੱਲੋਂ ਜਾਰੀ ਕੀਤੀ ਗਈ ਸੂਚੀ 'ਚ ਪੰਜਾਬ ਦੇ ਪੰਜ ਖਿਡਾਰੀ ਸ਼ਾਮਲ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇਸ 'ਚੋਂ ਚਾਰ ਖਿਡਾਰੀ ਜਲੰਧਰ ਦੇ ਹਨ, ਜੋ 100 ਮੀਟਰ ਰੇਸ, ਜੈਵਲਿਨ ਥ੍ਰੋਅ, ਹਰਡਲ ਰੇਸ ਅਤੇ ਡਿਸਕਸ ਥ੍ਰੋਅ ਲਈ ਚੁਣੇ ਗਏ ਹਨ। ਇਹ ਖਿਡਾਰੀ ਕਈ ਰਿਕਾਰਡ ਬਣਾ ਚੁੱਕੇ ਹਨ ਅਤੇ ਉਮੀਦ ਹੈ ਕਿ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਆਓ ਜਾਣਦੇ ਹਾਂ ਇਨ੍ਹਾਂ ਧਾਕੜ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਬਾਰੇ :-

ਗੁਰਵਿੰਦਰ ਸਿੰਘ ਤੇ ਹਰਜੀਤ ਸਿੰਘ
ਲਾਇਲਪੁਰ ਖਾਲਸਾ ਕਾਲਜ ਦੇ ਖਿਡਾਰੀ ਗੁਰਵਿੰਦਰ ਸਿੰਘ ਸਾਊਥ ਏਸ਼ੀਅਨ ਗੇਮਸ 'ਚ 100 ਮੀਟਰ ਰੇਸ 'ਚ ਚੁਣੌਤੀ ਦੇਣਗੇ। ਗੁਰਵਿੰਦਰ ਦੇ ਨਾਂ ਕਈ ਉਪਲਬੱਧੀਆਂ ਹਨ। ਉਸ ਨੇ ਕਜ਼ਾਕਿਸਤਾਨ 'ਚ ਹੋਈ ਦੋ ਰੋਜ਼ਾ ਯੂਰੇਸ਼ੀਆ ਐਥਲੈਟਿਕਸ ਅੰਡਰ-20 'ਚ 100 ਮੀਟਰ ਰੇਸ 'ਚ 10.42 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਮਗਾ ਜਿੱਤਿਆ ਸੀ। ਪਟਿਆਲਾ 'ਚ ਹੋਏ ਫੈਡਰੇਸ਼ਨ ਕੱਪ ਨੈਸ਼ਨਲ ਜੂਨੀਅਰ ਐਥਲੈਟਿਕਸ 'ਚ ਸੋਨ ਤਮਗਾ ਹਾਸਲ ਕਰਕੇ ਨੈਸ਼ਨਲ ਰਿਕਾਰਡ ਬਣਾਇਆ। ਕੇਰਲ 'ਚ ਹੋਏ ਫੈਡਰੇਸ਼ਨ ਕੱਪ ਨੈਸ਼ਨਲ ਜੂਨੀਅਰ ਐਥਲੈਟਿਕਸ 'ਚ ਸੋਨ, ਜੂਨੀਅਰ ਐਥਲੈਟਿਕਸ 'ਚ ਸੋਨ, ਨੈਸ਼ਨਲ ਸਕੂਲ ਗੇਮਸ 'ਚ ਸੋਨ, ਡਿਸਟ੍ਰਿਕਟ, ਸੂਬਾ, ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਦੇ ਐਥਲੈਟਿਕਸ 'ਚ ਸੋਨ ਤਮਗਾ ਜਿੱਤ ਚੁੱਕੇ ਹਨ। ਗੁਰਵਿੰਦਰ ਸਿੰਘ ਦੇ ਨਾਲ-ਨਾਲ ਹਰਜੀਤ ਸਿੰਘ ਸਕੂਲ ਗੇਮਸ, ਖੇਡੋ ਇੰਡੀਆ ਅਤੇ ਸਕੂਲ ਨੈਸ਼ਨਲ ਗੇਮਸ 'ਚ 100 ਮੀਟਰ ਰੇਸ 'ਚ ਕਈ ਤਮਗੇ ਆਪਣੇ ਨਾਂ ਕਰ ਚੁੱਕੇ ਹਨ।

ਕਾਂਸਟੇਬਲ ਵੀਰਪਾਲ ਕੌਰ
ਸਾਊਥ ਏਸ਼ੀਅਨ ਗੇਮਸ 'ਚ ਪੀ. ਏ. ਪੀ. ਦੀ ਕਾਂਸਟੇਬਲ ਵੀਰਪਾਲ ਕੌਰ 400 ਮੀਟਰ ਹਰਡਲ ਰੇਸ 'ਚ ਚੁਣੌਤੀ ਦੇਵੇਗੀ। ਵੀਰਪਾਲ ਨੇ ਅਕਤੂਬਰ 'ਚ ਰਾਂਚੀ 'ਚ ਹੋਈ ਓਪਨ ਨੈਸ਼ਨਲ ਐਥਲੈਟਿਕਸ 'ਚ 400 ਮੀਟਰ ਹਰਡਲ ਰੇਸ 'ਚ ਚਾਂਦੀ ਤਮਗਾ ਜਿੱਤਿਆ ਸੀ। ਅਗਸਤ 'ਚ ਵਰਲਡ ਪੁਲਸ ਐਂਡ ਫਾਇਰ ਗੇਮਸ 'ਚ 100 ਮੀਟਰ ਹਰਡਲ ਰੇਸ 'ਚ 14.82 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਰਿਕਾਰਡ ਬਣਾਇਆ ਸੀ।

ਅਰਸ਼ਦੀਪ ਸਿੰਘ
ਡੀ. ਏ. ਵੀ. ਕਾਲਜ 'ਚ ਐਥਲੈਟਿਕਸ ਸੈਂਟਰ ਦੇ ਖਿਡਾਰੀ ਅਰਸ਼ਦੀਪ ਸਿੰਘ ਜੈਵਲਿਨ ਥ੍ਰੋਅ 'ਚ ਚੁਣੌਤੀ ਦੇਣਗੇ। ਅਕਤੂਬਰ 'ਚ ਰਾਂਚੀ 'ਚ ਹੋਈ ਓਪਨ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ 'ਚ ਅਰਸ਼ਦੀਪ ਸਿੰਘ ਨੇ 77.37 ਮੀਟਰ ਜੈਵਲਿਨ ਸੁੱਟ ਕੇ ਸੋਨ ਤਮਗਾ ਹਾਸਲ ਕੀਤਾ ਸੀ। ਉਸ ਨੇ ਸੰਗਰੂਰ 'ਚ ਹੋਈ ਸੀਨੀਅਰ ਨੈਸ਼ਨਲ ਇੰਡੀਆ ਗ੍ਰੈਂਡ ਪ੍ਰਿਕਸ ਐਥਲੈਟਿਕਸ 'ਚ 73.89 ਮੀਟਰ ਜੈਵਲਿਨ ਥ੍ਰੋਅ ਸੁੱਟ ਕੇ ਸੋਨ ਤਮਗਾ ਅਤੇ ਖੇਡੋ ਇੰਡੀਆ 'ਚ ਸੋਨ ਤਮਗਾ ਜਿੱਤਿਆ ਸੀ।

ਨਵਜੀਤ ਕੌਰ
ਸਾਊਥ ਏਸ਼ੀਅਨ ਗੇਮਸ 'ਚ ਅੰਮ੍ਰਿਤਸਰ ਦੀ ਰਹਿਣ ਵਾਲੀ ਨਵਜੀਤ ਕੌਰ ਡਿਸਕਸ ਥ੍ਰੋਅ 'ਚ ਚੁਣੌਤੀ ਦੇਵੇਗੀ। ਨਵਜੀਤ ਕੌਰ ਨੇ ਸੀਨੀਅਰ ਕਾਮਨਵੈਲਥ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਜੂਨੀਅਰ ਵਰਲਡ ਚੈਂਪੀਅਨਸ਼ਿਪ 'ਚ ਵੀ ਕਾਂਸੀ ਤਮਗਾ ਆਪਣੇ ਨਾਂ ਕੀਤਾ।


Tarsem Singh

Content Editor

Related News