ਥਾਣੇ ''ਚੋਂ ਫਰਾਰ ਕਥਿਤ ਦੋਸ਼ੀ ਸੋਨੀ ਸਿੰਘ ਮੁੜ ਕਾਬੂ

Monday, Jan 15, 2018 - 08:02 AM (IST)

ਗਿੱਦੜਬਾਹਾ (ਕੁਲਭੂਸ਼ਨ) - ਬੀਤੀ 7 ਜਨਵਰੀ ਨੂੰ ਪਿੰਡ ਕੁਰਾਈਵਾਲਾ ਦੇ ਰਹਿਣ ਵਾਲੇ 14 ਸਾਲਾ ਸਕੂਲੀ ਵਿਦਿਆਰਥੀ ਸੁਰਿੰਦਰ ਸਿੰਘ ਦਾ ਅਗਵਾਕਾਰ ਸੋਨੀ ਸਿੰਘ, ਜੋ ਬੀਤੇ ਦਿਨ ਥਾਣਾ ਗਿੱਦੜਬਾਹਾ ਪੁਲਸ ਨੂੰ ਝਕਾਨੀ ਦੇ ਕੇ ਥਾਣੇ 'ਚੋਂ ਫਰਾਰ ਹੋ ਗਿਆ ਸੀ, ਨੂੰ ਗਿੱਦੜਬਾਹਾ ਪੁਲਸ ਨੇ ਬੀਤੀ ਰਾਤ ਕਾਫੀ ਮੁਸ਼ੱਕਤ ਤੋਂ ਬਾਅਦ ਮੁੜ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਧਰਮਪਾਲ ਸ਼ਰਮਾ ਨੇ ਦੱਸਿਆ ਕਿ ਉਕਤ ਮਾਮਲੇ 'ਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੋਨੀ ਸਿੰਘ, ਜੋ ਕਿ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਚੱਲ ਰਿਹਾ ਸੀ। ਸੋਨੀ ਸਿੰਘ 13 ਜਨਵਰੀ ਦੀ ਸਵੇਰੇ ਸੰਤਰੀ ਨੂੰ ਬਾਥਰੂਮ ਜਾਣ ਦਾ ਕਹਿ ਕੇ ਪੁਲਸ ਨੂੰ ਝਕਾਨੀ ਦਿੰਦਾ ਹੋਇਆ ਥਾਣੇ 'ਚੋਂ ਫਰਾਰ ਹੋ ਗਿਆ ਸੀ।
ਮੁੱਢਲੀ ਪੁੱਛਗਿੱਛ ਦੌਰਾਨ ਸੋਨੀ ਸਿੰਘ ਨੇ ਮੰਨਿਆ ਕਿ ਉਹ ਥਾਣੇ 'ਚੋਂ ਫਰਾਰ ਹੋਣ ਤੋਂ ਬਾਅਦ ਥਾਣਾ ਗਿੱਦੜਬਾਹਾ ਨਜ਼ਦੀਕ ਸਥਿਤ ਰੇਲਵੇ ਸਟੇਸ਼ਨ ਤੋਂ ਸਵੇਰੇ ਕਰੀਬ 6:00 ਵਜੇ ਮਲੋਟ ਵੱਲ ਜਾਣ ਵਾਲੀ ਰੇਲ ਗੱਡੀ 'ਚ ਚੜ੍ਹ ਕੇ ਮਲੋਟ ਪੁੱਜਾ, ਜਿੱਥੋਂ ਉਹ ਆਪਣੇ ਪਿੰਡ ਕੁਰਾਈਵਾਲਾ ਵਿਖੇ ਚਲਾ ਗਿਆ। ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਕੁਰਾਈਵਾਲਾ-ਮੱਲਵਾਲਾ ਰੋਡ 'ਤੇ ਸਥਿਤ ਇਕ ਕਿਨੂੰਆਂ ਦੇ ਬਾਗ ਵਿਚ ਰਾਤ ਕਰੀਬ 10:30 ਵਜੇ ਘੇਰਾਬੰਦੀ ਕਰ ਕੇ ਕਾਬੂ ਕਰ ਲਿਆ।
ਐੱਸ. ਐੱਚ. ਓ. ਧਰਮਪਾਲ ਸ਼ਰਮਾ ਨੇ ਦੱਸਿਆ ਕਿ ਉਕਤ ਸੋਨੀ ਸਿੰਘ ਅਤੇ ਡਿਊਟੀ ਦੌਰਾਨ ਕੁਤਾਹੀ ਕਰਨ ਕਰ ਕੇ ਬੀਤੇ ਦਿਨ ਸਬੰਧਤ ਥਾਣੇ ਦੇ ਮੁਨਸ਼ੀ ਹੈੱਡ ਕਾਂਸਟੇਬਲ ਹਰਮੀਤ ਸਿੰਘ, ਦੋ ਸੰਤਰੀਆਂ ਅਸ਼ੋਕ ਕੁਮਾਰ ਤੇ ਜਗਨੰਦਨ ਵਿਰੁੱਧ ਧਾਰਾ 223, 224 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਦਕਿ ਥਾਣੇ 'ਚ ਡਿਊਟੀ ਅਫ਼ਸਰ ਜਲਜੀਤ ਸਿੰਘ ਅਤੇ ਮਾਮਲੇ ਦੇ ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਕਿਸ਼ੋਰ ਚੰਦ ਵਿਰੁੱਧ ਵਿਭਾਗੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਸੋਨੀ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਹਰਪ੍ਰੀਤ ਕੌਰ ਐੱਸ. ਡੀ. ਜੇ. ਐੱਮ. ਦੀ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਉੱਧਰ, ਬੀਤੀ 7 ਜਨਵਰੀ ਤੋਂ ਅਗਵਾ ਹੋਏ ਸੁਰਿੰਦਰ ਸਿੰਘ ਦਾ 8 ਦਿਨ ਬੀਤਣ ਤੋਂ ਬਾਅਦ ਵੀ ਕੋਈ ਪਤਾ ਨਹੀਂ ਲੱਗ ਸਕਿਆ ਹੈ, ਜਦਕਿ ਮਾਮਲੇ ਦੇ ਕਥਿਤ ਦੋਸ਼ੀ ਸੋਨੀ ਸਿੰਘ ਅਨੁਸਾਰ ਉਸ ਨੇ ਸੁਰਿੰਦਰ ਸਿੰਘ ਨੂੰ ਅਗਵਾ ਕਰਨ ਤੋਂ ਕੁਝ ਸਮਾਂ ਬਾਅਦ ਹੀ ਨਸ਼ੀਲੀ ਚੀਜ਼ ਡਰਿੰਕ ਵਿਚ ਮਿਲਾ ਕੇ ਪਿਆਉਣ ਤੋਂ ਬਾਅਦ ਘੱਗਾ-ਬੁਬਾਣੀਆਂ ਪੁਲ ਕੋਲ ਸਰਹਿੰਦ ਫੀਡਰ ਵਿਚ ਧੱਕਾ ਦੇ ਦਿੱਤਾ ਸੀ। ਵਰਨਣਯੋਗ ਹੈ ਕਿ ਸੋਨੀ ਸਿੰਘ ਦੀ ਨਿਸ਼ਾਨਦੇਹੀ 'ਤੇ ਉਕਤ ਨਹਿਰ 'ਚੋਂ ਬੀਤੇ 3-4 ਦਿਨਾਂ ਤੋਂ ਐੱਨ. ਡੀ. ਆਰ. ਐੱਫ. ਟੀਮ, ਸਥਾਨਕ ਗੋਤਾਖੋਰਾਂ ਤੇ ਪਿੰਡ ਵਾਸੀਆਂ ਵੱਲੋਂ ਸੁਰਿੰਦਰ ਸਿੰਘ ਦੀ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ।


Related News