ਸੋਨੂੰ ਸ਼ਾਹ ਕਤਲਕਾਂਡ ’ਚ ਫ਼ਰਾਰ ਧਰਮਿੰਦਰ ਨੇ ਲਾਈ ਅਗਾਊਂ ਜ਼ਮਾਨਤ ਪਟੀਸ਼ਨ
Saturday, Jun 22, 2024 - 12:21 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਸੋਨੂੰ ਸ਼ਾਹ ਅਤੇ ਸੈਕਟਰ-25 ’ਚ ਅਜੈ ਕਤਲਕਾਂਡ ’ਚ ਮੁਲਜ਼ਮ ਧਰਮਿੰਦਰ ਨੇ ਜ਼ਿਲ੍ਹਾ ਅਦਾਲਤ ’ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਖ਼ੁਦ ਨੂੰ ਬੇਗੁਨਾਹ ਦੱਸਦੇ ਹੋਏ ਕਿਹਾ ਹੈ ਕਿ ਉਸ 'ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਸੈਕਟਰ-45 ਬੁੜੈਲ ’ਚ ਸੋਨੂੰ ਸਾਹ ਕਤਲਕਾਂਡ ’ਚ ਸ਼ਮੂਲੀਅਤ ਤੋਂ ਬਾਅਦ ਸੁਰਖੀਆਂ ’ਚ ਆਇਆ ਧਰਮਿੰਦਰ ਬੀਤੇ ਸਾਲ ਅਜੈ ਕੁਮਾਰ ਕਤਲਕਾਂਡ ਵਿਚ ਵੀ ਸ਼ਾਮਲ ਰਿਹਾ।
ਮਾਮਲੇ ਤਹਿਤ ਕੁੱਝ ਨੌਜਵਾਨਾਂ ਨੇ ਮਿਲ ਕੇ ਸੈਕਟਰ-25 ਦੇ ਅਜੈ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ’ਚ ਧਰਮਿੰਦਰ ਵੀ ਸ਼ਾਮਲ ਸੀ, ਜੋ ਫ਼ਰਾਰ ਹੈ। ਉਸ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਸੀ। ਹੁਣ ਅਦਾਲਤ ਨੇ ਭਗੌੜਾ ਐਲਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਧਰਮਿੰਦਰ ਦਾ ਨਾਂ ਪੰਜ ਸਾਲ ਪੁਰਾਣੇ ਸੋਨੂੰ ਸ਼ਾਹ ਕਤਲਕਾਂਡ ’ਚ ਸਾਹਮਣੇ ਆਇਆ ਸੀ। ਬੁੜੈਲ ਦੇ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦੀ ਲਾਰੈਂਸ ਗੈਂਗ ਦੇ ਗੁਰਗੇ ਨੇ ਦਫ਼ਤਰ ’ਚ ਵੜ੍ਹ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਧਰਮਿੰਦਰ ’ਤੇ ਸ਼ੂਟਰ ਨੂੰ ਪਨਾਹ ਦੇਣ ਦੇ ਦੋਸ਼ ਸਨ।