ਪੰਜਾਬ ''ਚ ਤਖ਼ਤਾ ਪਲਟ ਦੀਆਂ ਕੋਸ਼ਿਸ਼ਾਂ ਵਿਚਾਲੇ ਸੋਨੀਆ ਗਾਂਧੀ ਨੇ ਕੈਪਟਨ ਨੂੰ ਕੀਤਾ ਫੋਨ, ਕਹੀ ਵੱਡੀ ਗੱਲ
Thursday, Aug 26, 2021 - 09:10 AM (IST)
ਚੰਡੀਗੜ੍ਹ : ਪੰਜਾਬ ਕਾਂਗਰਸ 'ਚ ਮਚੇ ਘਮਾਸਾਨ ਕਾਰਨ ਸਾਲ-2022 ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਕੈਪਟਨ ਨੂੰ ਕਿਹਾ ਕਿ ਉਹ ਪਾਰਟੀ ਦੀ ਅਗਵਾਈ ਕਰਨ ਅਤੇ ਸਾਲ-2022 ਦੀਆਂ ਚੋਣਾਂ 'ਚ ਜਿੱਤ ਹਾਸਲ ਕਰਕੇ ਪੰਜਾਬ 'ਚ ਦੁਬਾਰਾ ਸਰਕਾਰ ਬਣਾਉਣ। ਸੋਨੀਆ ਗਾਂਧੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਬ ਦੇ ਕਈ ਮੰਤਰੀ ਤੇ ਵਿਧਾਇਕ ਕੈਪਟਨ ਸਰਕਾਰ ਦਾ ਤਖ਼ਤਾ ਪਲਟ ਕਰਨ ਦਾ ਸੁਫ਼ਨਾ ਲਈ ਬੈਠੇ ਹਨ।
ਇਹ ਵੀ ਪੜ੍ਹੋ : ਕੈਪਟਨ ਖ਼ਿਲਾਫ਼ ਉੱਠੀ ਬਗਾਵਤ 'ਤੇ 'ਹਰੀਸ਼ ਰਾਵਤ' ਦਾ ਵੱਡਾ ਬਿਆਨ ਆਇਆ ਸਾਹਮਣੇ
ਇਸ ਤੋਂ ਪਹਿਲਾਂ ਕਾਂਗਰਸ ਦੇ ਬਾਗੀ ਆਗੂਆਂ ਨਾਲ ਮੁਲਾਕਾਤ ਕਰਨ ਮਗਰੋਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਹਨ ਕਿ 2022 ’ਚ ਕਾਂਗਰਸ ਦਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ’ਚ ਸਰਕਾਰ ਦੇ ਅੰਦਰ ਕੋਈ ਬਗਾਵਤ ਨਹੀਂ ਹੋਈ ਹੈ, ਸਗੋਂ ਪਾਰਟੀ ਇਕ ਪਰਿਵਾਰ ਵਾਂਗ ਹੈ, ਜਿਸ ’ਚ ਵੱਖ-ਵੱਖ ਮੈਂਬਰਾਂ ਦਰਮਿਆਨ ਵਿਚਾਰਕ ਮਤਭੇਦ ਹੋ ਸਕਦੇ ਹਨ। ਇਨ੍ਹਾਂ ਮਤਭੇਦਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਡੇਰਾਬੱਸੀ ਦੇ ਪਿੰਡ 'ਚ ਦਰਦਨਾਕ ਘਟਨਾ, ਇਕ ਸਾਲਾ ਬੱਚੀ ਦੀ ਪਾਣੀ ਨਾਲ ਭਰੀ ਬਾਲਟੀ 'ਚ ਡੁੱਬਣ ਕਾਰਨ ਮੌਤ
ਸਿੱਧੂ ਦੇ ਸਲਾਹਕਾਰ ਜੇਕਰ ਬੇਵਜ੍ਹਾ ਟਿੱਪਣੀ ਦੀ ਆਦਤ ਨਹੀਂ ਛੱਡ ਸਕਦੇ ਤਾਂ ਅਹੁਦਾ ਛੱਡ ਦੇਣ
ਹਰੀਸ਼ ਰਾਵਤ ਨੇ ਕਿਹਾ ਸਿੱਧੂ ਦੇ ਸਲਾਹਕਾਰਾਂ ਦੀ ਬਿਆਨਬਾਜ਼ੀ ਨਿੰਦਣਯੋਗ ਹੈ। ਇਹ ਬਿਆਨ ਪਾਰਟੀ ਲਾਈਨ ਦੇ ਖ਼ਿਲਾਫ਼ ਹੈ। ਦੇਸ਼ ਹਿੱਤ ਦੇ ਖ਼ਿਲਾਫ਼ ਹੈ। ਕਸ਼ਮੀਰ ’ਤੇ ਕਾਂਗਰਸ ਦੀਆਂ ਨੀਤੀਆਂ ਸਾਫ਼ ਹਨ। ਸਲਾਹਕਾਰ ਨੂੰ ਸਮਝਾਉਣ ਕਿ ਸਿਰਫ਼ ਸਲਾਹ ਦੇਣ ਤੱਕ ਸੀਮਤ ਰਹੇ। ਕਾਂਗਰਸ ਦੇ ਨੀਤੀਗਤ ਮਾਮਲਿਆਂ ’ਤੇ ਟਿੱਪਣੀ ਨਾ ਕਰਨ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਸਲਾਹਕਾਰ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ।
ਰਾਵਤ ਨੇ ਇਹ ਵੀ ਕਿਹਾ ਕਿ ਸਲਾਹਕਾਰਾਂ ਦਾ ਕੱਦ ਇੰਨਾ ਵੱਡਾ ਨਹੀਂ ਹੈ ਕਿ ਕਾਂਗਰਸ ਹਾਈਕਮਾਨ ਇਸ ’ਤੇ ਟਿੱਪਣੀ ਕਰੇ। ਸਿੱਧੂ ਦੇ ਸਲਾਹਕਾਰਾਂ ਨਾਲ ਕਾਂਗਰਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸਿੱਧੂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਆਪਣੇ ਸਲਾਹਕਾਰਾਂ ਨੂੰ ਕਾਬੂ ਵਿਚ ਰੱਖਣ। ਜਿੱਥੋਂ ਤੱਕ ਸਵਾਲ ਸਿੱਧੂ ਵਲੋਂ ਸਲਾਹਕਾਰਾਂ ਨੂੰ ਉਤਸ਼ਾਹਿਤ ਕਰਨ ਦਾ ਹੈ ਤਾਂ ਅਜਿਹਾ ਨਹੀਂ ਹੈ। ਸਿੱਧੂ ਨੂੰ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹ ਸਲਾਹਕਾਰਾਂ ’ਤੇ ਲਗਾਮ ਕੱਸਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ