ਪੰਜਾਬ ਦੇ ਬਾਗੀ ਮੰਤਰੀਆਂ ਤੇ ਵਿਧਾਇਕਾਂ ਨੂੰ ਤਗੜਾ ਝਟਕਾ, ਸੋਨੀਆ ਗਾਂਧੀ ਨੇ ਦਿੱਤੀ ਨਸੀਹਤ

08/28/2021 9:35:38 AM

ਚੰਡੀਗੜ੍ਹ (ਅਸ਼ਵਨੀ) : ਕੈਪਟਨ ਸਰਕਾਰ ਦਾ ਤਖ਼ਤਾ ਪਲਟਣ ਦਾ ਐਲਾਨ ਕਰਨ ਵਾਲੇ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਕ ਵਾਰ ਫਿਰ ਤਗੜਾ ਝਟਕਾ ਲੱਗਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਤੋਂ ਬਾਅਦ ਹੁਣ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਕਹਿ ਦਿੱਤਾ ਹੈ ਕਿ ਪੰਜਾਬ ਦੇ ਸਾਰੇ ਆਗੂ ਮਿਲ ਕੇ ਚੱਲਣ। ਸ਼ੁੱਕਰਵਾਰ ਨੂੰ ਕਰੀਬ 4 ਵਜੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ ਹਰੀਸ਼ ਰਾਵਤ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਨੂੰ ਪੰਜਾਬ ਦੇ ਸਾਰੇ ਘਟਨਾ ਚੱਕਰ ’ਤੇ ਰਿਪੋਰਟ ਹਵਾਲੇ ਕਰ ਦਿੱਤੀ। ਕਾਂਗਰਸ ਹਾਈਕਮਾਨ ਇਸ ’ਤੇ ਜੋ ਵੀ ਫ਼ੈਸਲਾ ਲਵੇਗੀ, ਉਹ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ : ਜਗਰਾਓਂ 'ਚ ਦਿਲ ਕੰਬਾਅ ਦੇਣ ਵਾਲੀ ਘਟਨਾ, ਧੀ ਨੂੰ ਫ਼ਾਹੇ 'ਤੇ ਲਟਕਾ ਪਿਤਾ ਨੇ ਵੀ ਕੀਤੀ ਖ਼ੁਦਕੁਸ਼ੀ

ਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਣ ਜਿੰਨੇ ਵੀ ਵਿਧਾਇਕ ਆਏ ਸਨ, ਉਨ੍ਹਾਂ ਨੇ ਵੀ ਕਾਂਗਰਸ ਹਾਈਕਮਾਨ ਦੇ ਫ਼ੈਸਲੇ ਨੂੰ ਮੰਨਣ ਦੀ ਗੱਲ ਕਹੀ ਹੈ। ਇਸ ਲਈ ਦੇਹਰਾਦੂਨ ਪਹੁੰਚੇ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਗੱਲ ਨੂੰ ਉਹ ਕਾਂਗਰਸ ਪ੍ਰਧਾਨ ਸਾਹਮਣੇ ਰੱਖਣ ਆਏ ਸਨ ਅਤੇ ਉਨ੍ਹਾਂ ਨੇ ਪੂਰਾ ਬਿਓਰਾ ਸੋਨੀਆ ਗਾਂਧੀ ਸਾਹਮਣੇ ਰੱਖ ਦਿੱਤਾ ਹੈ। ਰਾਵਤ ਨੇ ਕਿਹਾ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪਣੀ ਗੱਲ ਕਹਿਣ ਦਾ ਲੋਕਤੰਤਰੀ ਅਧਿਕਾਰ ਹੈ ਪਰ ਸਭ ਦੀ ਸੁਣਨ ਤੋਂ ਬਾਅਦ ਫ਼ੈਸਲਾ ਲੈਣ ਦਾ ਅਧਿਕਾਰ ਸਿਰਫ਼ ਹਾਈਕਮਾਨ ਕੋਲ ਹੈ। ਰਾਵਤ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਹੋਵੇ ਜਾਂ ਮੁੱਖ ਮੰਤਰੀ, ਮੰਤਰੀ ਅਤੇ ਨੇਤਾ ਸਾਰਿਆਂ ਨੂੰ ਇਕ-ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਲੇਸ਼ ਦੌਰਾਨ ਸੋਨੀਆ-ਰਾਹੁਲ ਨਾਲ ਮੁਲਾਕਾਤ ਕਰਨਗੇ 'ਹਰੀਸ਼ ਰਾਵਤ'
ਬਿਨਾਂ ਵਜ੍ਹਾ ਬਿਆਨਬਾਜ਼ੀ ਨਾ ਕਰਨ ਮੰਤਰੀ ਤੇ ਵਿਧਾਇਕ
ਹਰੀਸ਼ ਰਾਵਤ ਨਾਲ ਦਿੱਲੀ ’ਚ ਗੱਲਬਾਤ ਤੋਂ ਬਾਅਦ ਬਾਗੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਚੰਡੀਗੜ੍ਹ ਪਰਤ ਆਏ ਹਨ। ਰਾਵਤ ਨੇ ਇਨ੍ਹਾਂ ਮੰਤਰੀਆਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਸਮਾਂ ਲੈ ਕੇ ਮਿਲਵਾਉਣ ਦਾ ਭਰੋਸਾ ਦਿੱਤਾ ਹੈ। ਨਾਲ ਹੀ, ਇਹ ਵੀ ਨਸੀਹਤ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੁਲਾਕਾਤ ਸੋਨੀਆ ਗਾਂਧੀ ਨਾਲ ਨਹੀਂ ਹੋ ਜਾਂਦੀ, ਤੱਦ ਤਕ ਉਹ ਜਨਤਕ ਬਿਆਨਬਾਜ਼ੀ ਤੋਂ ਬਚਣ।

ਇਹ ਵੀ ਪੜ੍ਹੋ : ਪਟਿਆਲਾ 'ਚ ਸਿਰਫਿਰੇ ਵਿਅਕਤੀ ਨੇ ਪਾਇਆ ਭੜਥੂ, ਲੋਕਾਂ ਪਿੱਛੇ ਕੁਹਾੜੀ ਲੈ ਕੇ ਦੌੜਿਆ

ਆਪਣੀ ਹੀ ਸਰਕਾਰ ਦੀ ਕਾਰਜ ਪ੍ਰਣਾਲੀ ਅਤੇ ਮੁੱਖ ਮੰਤਰੀ ਖ਼ਿਲਾਫ਼ ਕਿਸੇ ਵੀ ਤਰ੍ਹਾਂ ਨਾਲ ਟਿੱਪਣੀ ਨਾ ਕਰਨ। ਹਾਲਾਂਕਿ ਬਾਗੀ ਆਗੂਆਂ ਦਾ ਕਹਿਣਾ ਹੈ ਕਿ ਮੁਲਾਕਾਤ ਹੁੰਦੇ ਹੀ ਉਹ ਸਾਰੇ ਤੱਥਾਂ ਨੂੰ ਸੋਨੀਆ ਗਾਂਧੀ ਸਾਹਮਣੇ ਰੱਖਣਗੇ। ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਆਗੂਆਂ ਵੱਲੋਂ ਰਾਇਸ਼ੁਮਾਰੀ ਦੇ ਆਧਾਰ ’ਤੇ 2022 ਲਈ ਮੁੱਖ ਮੰਤਰੀ ਦਾ ਚਿਹਰਾ ਤੈਅ ਕੀਤਾ ਜਾਵੇਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਉਨ੍ਹਾਂ ਨੂੰ ਮੰਨਣਯੋਗ ਨਹੀਂ ਹੈ। ਇਸ ਲਈ ਉਨ੍ਹਾਂ ਦੀ ਪ੍ਰਧਾਨਗੀ ’ਚ ਚੋਣਾਂ ਲੜਨ ਦਾ ਕੋਈ ਸਵਾਲ ਨਹੀਂ ਉੱਠਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News