ਪੁੱਤ ਬਣਿਆ ਕਪੁੱਤ, ਮਕਾਨ ਵੇਚ ਦਿਵਿਆਂਗ ਪਿਓ ਨੂੰ ਗਲੀਆਂ ’ਚ ਰੁਲਣ ਲਈ ਛੱਡਿਆ (ਵੀਡੀਓ)

Wednesday, Nov 30, 2022 - 09:32 PM (IST)

ਪੁੱਤ ਬਣਿਆ ਕਪੁੱਤ, ਮਕਾਨ ਵੇਚ ਦਿਵਿਆਂਗ ਪਿਓ ਨੂੰ ਗਲੀਆਂ ’ਚ ਰੁਲਣ ਲਈ ਛੱਡਿਆ (ਵੀਡੀਓ)

ਮਾਛੀਵਾੜਾ ਸਾਹਿਬ (ਗੁਰਦੀਪ ਸਿੰਘ ਟੱਕਰ) : ਮਾਪੇ ਆਪਣੇ ਬੱਚਿਆਂ ਦੇ ਸਿਰ ’ਤੇ ਠੰਡੀਆਂ ਛਾਵਾਂ ਹੁੰਦੇ ਹਨ ਪਰ ਜਦੋਂ ਪੁੱਤ ਹੀ ਕਪੁੱਤ ਬਣ ਜਾਣ ਤਾਂ ਫਿਰ ਇਹੀ ਮਾਪਿਆਂ ਦਾ ਬੁਢਾਪੇ 'ਚ ਸਰਾਪ ਬਣ ਜਾਂਦੇ ਹਨ। ਇਹੋ ਜਿਹੀ ਹੀ ਇਕ ਮਿਸਾਲ ਮਾਛੀਵਾੜਾ ਨੇੜਲੇ ਪਿੰਡ ਸਹਿਜੋ ਮਾਜਰਾ ਵਿਖੇ ਦੇਖਣ ਨੂੰ ਮਿਲੀ, ਜਿੱਥੇ ਬੀਮਾਰ ਬਜ਼ੁਰਗ ਪਿਤਾ ਛਿੰਦਰਪਾਲ ਆਪਣੇ ਪੁੱਤ ਵੱਲੋਂ ਘਰੋਂ ਕੱਢੇ ਜਾਣ ਤੋਂ ਬਾਅਦ ਗਲੀਆਂ ’ਚ ਰੁਲਦਾ ਫਿਰ ਰਿਹਾ ਹੈ ਅਤੇ ਲੋਕਾਂ ਤੋਂ ਮੰਗ ਕੇ ਰੋਟੀ ਖਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ।

60 ਸਾਲਾ ਛਿੰਦਰਪਾਲ ਨੇ ਅੱਖਾਂ ’ਚ ਹੰਝੂ ਭਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਭੱਠੇ ’ਤੇ ਮਜ਼ਦੂਰੀ ਕਰਦਾ ਸੀ ਅਤੇ ਕਰੀਬ 23 ਸਾਲ ਪਹਿਲਾਂ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ। ਉਸ ਨੇ ਆਪਣੇ 2 ਪੁੱਤਾਂ ਤੇ ਇਕ ਧੀ ਨੂੰ ਬੜੀ ਮੁਸ਼ੱਕਤ ਨਾਲ ਪਾਲ਼ਿਆ, ਜਿਨ੍ਹਾਂ ’ਚੋਂ ਇਕ ਪੁੱਤ ਦੀ ਜਵਾਨੀ ’ਚ ਮੌਤ ਹੋ ਗਈ ਅਤੇ ਧੀ ਵੀ ਉਸ ਨੂੰ ਛੱਡ ਕੇ ਚਲੀ ਗਈ। ਛੋਟੇ ਪੁੱਤ ਨੂੰ ਵੀ ਉਸ ਨੇ ਪੜ੍ਹਾਇਆ-ਲਿਖਾਇਆ ਅਤੇ ਉਸ ਦਾ ਵਿਆਹ ਕੀਤਾ। ਹੁਣ ਜਦੋਂ ਉਸ ਦੇ ਬੁਢਾਪੇ ਦੀ ਲਾਠੀ ਇਸ ਪੁੱਤ ਨੇ ਬਣਨਾ ਸੀ ਤਾਂ ਉਸ ਨੇ ਪਿਓ ਨੂੰ ਘਰੋਂ ਬਾਹਰ ਕੱਢ ਗਲੀਆਂ ’ਚ ਰੁਲਣ ਲਈ ਛੱਡ ਦਿੱਤਾ।

ਇਹ ਵੀ ਪੜ੍ਹੋ : 1 ਦਸੰਬਰ ਤੋਂ ਸ਼ੁਰੂ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ : ਸਕੱਤਰ ਪ੍ਰਤਾਪ ਸਿੰਘ

ਛਿੰਦਰਪਾਲ ਨੇ ਦੱਸਿਆ ਕਿ ਉਸ ਦਾ ਪਿੰਡ ਵਿੱਚ ਇਕ ਮਕਾਨ ਵੀ ਸੀ, ਜਿਸ ਨੂੰ ਉਸ ਦੇ ਪੁੱਤਰ ਨੇ 2 ਲੱਖ ਰੁਪਏ ’ਚ ਵੇਚ ਦਿੱਤਾ ਅਤੇ ਉਹ ਆਪਣੀ ਪਤਨੀ ਸਮੇਤ ਮਾਛੀਵਾੜਾ ਵਿਖੇ ਆ ਕੇ ਰਹਿਣ ਲੱਗਾ ਪਰ ਉਹ ਆਪਣੇ ਬਜ਼ੁਰਗ ਪਿਤਾ ਨੂੰ ਪਿੰਡ ਦੀਆਂ ਗਲੀਆਂ ’ਚ ਧੱਕੇ ਖਾਣ ਲਈ ਛੱਡ ਗਿਆ। ਪੀੜਤ ਪਿਤਾ ਨੇ ਦੱਸਿਆ ਕਿ ਉਸ ਦੀਆਂ ਲੱਤਾਂ ਕਮਜ਼ੋਰ ਹੋਣ ਕਾਰਨ ਉਹ ਫੌੜ੍ਹੀਆਂ ਦੇ ਸਹਾਰੇ ਤੁਰਦਾ ਹੈ ਅਤੇ ਪਿੰਡ 'ਚ ਕਦੇ ਕੋਈ ਘਰ ਉਸ ’ਤੇ ਰਹਿਮ ਕਰਕੇ ਰੋਟੀ, ਚਾਹ ਤੇ ਕੱਪੜਾ ਦੇ ਦਿੰਦਾ ਹੈ। ਉਸ ਦਾ ਪੁੱਤ ਤਾਂ ਕਪੁੱਤ ਬਣ ਗਿਆ ਪਰ ਪੀੜਤ ਪਿਤਾ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਅੱਗੇ ਗੁਹਾਰ ਲਾਉਂਦਿਆਂ ਕਿਹਾ ਕਿ ਉਸ ਦਾ ਬੁਢਾਪਾ ਗਲੀਆਂ ’ਚ ਰੋਲਣ ਦੀ ਬਜਾਏ ਉਸ ਨੂੰ ਕੋਈ ਸਹਾਰਾ ਦੇ ਦੇਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਬਚੇ ਦਿਨ ਕੁਝ ਅਸਾਨੀ ਨਾਲ ਬਿਤਾ ਸਕੇ। ਦੂਸਰੇ ਪਾਸੇ ਜਦੋਂ ਛਿੰਦਰਪਾਲ ਨੇ ਕਿਹਾ ਕਿ ਪਿੰਡ ਦਾ ਇਕ ਪੰਚ ਜਦੋਂ ਉਸ ਦੇ ਪੁੱਤ ਦੇ ਘਰ ਗਿਆ ਤਾਂ ਉਸ ਨੇ ਅੱਗਿਓਂ ਸਾਫ਼ ਜਵਾਬ ਦੇ ਦਿੱਤਾ ਕਿ ਉਸ ਨਾਲ ਮੇਰਾ ਕੋਈ ਵੀ ਰਿਸ਼ਤਾ ਨਹੀਂ ਹੈ।

ਇਹ ਵੀ ਪੜ੍ਹੋ : STF ਨੂੰ ਮਿਲੀ ਸਫ਼ਲਤਾ, ਸਾਢੇ 15 ਕਰੋੜ ਦੀ ਹੈਰੋਇਨ ਸਮੇਤ 3 ਸਮੱਗਲਰ ਗ੍ਰਿਫ਼ਤਾਰ

ਪਿੰਡ ਦੇ ਹੀ ਇਕ ਵਿਅਕਤੀ ਜਰਨੈਲ ਸਿੰਘ ਨੇ ਇਸ ਬੀਮਾਰ ਬਜ਼ੁਰਗ ’ਤੇ ਤਰਸ ਖਾ ਕੇ ਉਸ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ ਅਤੇ ਕਈ ਪ੍ਰਾਈਵੇਟ ਹਸਪਤਾਲਾਂ 'ਚ ਲੈ ਕੇ ਗਿਆ। ਕੁਝ ਚਿਰ ਦਵਾਈਆਂ ਖਾਣ ਤੋਂ ਬਾਅਦ ਬਜ਼ੁਰਗ ਛਿੰਦਰਪਾਲ ਜੋ ਮੰਜੇ ’ਤੇ ਪਿਆ ਰਹਿੰਦਾ ਸੀ, ਹੁਣ ਚੱਲਣ-ਫਿਰਨ ਜੋਗਾ ਹੋ ਗਿਆ ਹੈ। ਜਰਨੈਲ ਸਿੰਘ ਨੇ ਕਿਹਾ ਕਿ ਇਸ ਬਜ਼ੁਰਗ ਦੇ ਹਾਲਾਤ ਇਹ ਹਨ ਕਿ ਇਹ ਮੰਗ ਕੇ ਰੋਟੀ ਖਾ ਰਿਹਾ ਹੈ ਅਤੇ ਆਪਣਾ ਬਚਿਆ ਜੀਵਨ ਬਤੀਤ ਕਰ ਰਿਹਾ ਹੈ। ਇਸ ਲਈ ਸਮਾਜ ਸੇਵੀ ਤੇ ਦਾਨੀ ਸੱਜਣ ਇਸ ਬਜ਼ੁਰਗ ਦੀ ਸਾਰ ਲੈਣ ਲਈ ਅੱਗੇ ਆਉਣ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News