ਘਰ ਬੈਠੇ ਕਰੋ ਬਿਜਲੀ ਨਾਲ ਸਬੰਧਤ ਹਰ ਮਸਲੇ ਦਾ ਹੱਲ
Thursday, Apr 17, 2025 - 03:11 AM (IST)

ਚੰਡੀਗੜ੍ਹ : ਗਰਮੀਆਂ ’ਚ 40 ਡਿਗਰੀ ਤੋਂ ਉੱਪਰ ਦੇ ਤਾਪਮਾਨ ’ਚ ਲੱਗਣ ਵਾਲੇ ਬਿਜਲੀ ਕੱਟ ਹਰ ਪਰਿਵਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਬਿਜਲੀ ਕੱਟਾਂ ਬਾਰੇ ਦਿੱਤੀ ਗਈ ਅਗਾਊਂ ਜਾਣਕਾਰੀ ਹਰ ਪਰਿਵਾਰ ਤੱਕ ਨਹੀਂ ਪਹੁੰਚਦੀ ਪਰ ਹੁਣ ਸ਼ਹਿਰ ਦਾ ਹਰ ਬਿਜਲੀ ਖਪਤਕਾਰ ਸ਼ਹਿਰ ਦੇ ਕਿਸੇ ਵੀ ਹਿੱਸੇ ’ਚ ਲੱਗਣ ਵਾਲੇ ਬਿਜਲੀ ਕੱਟਾਂ ਬਾਰੇ ਅਗਾਊਂ ਜਾਣਕਾਰੀ ਆਪਣੇ ਘਰ ’ਚ ਹਾਸਲ ਕਰ ਸਕਦਾ ਹੈ। ਸ਼ਹਿਰ ਨੂੰ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.ਪੀ.ਡੀ.ਐੱਲ.) ਨੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਨਾਲ ਸਬੰਧਤ ਸਾਰੀ ਜਾਣਕਾਰੀ ਤੇ ਸ਼ਿਕਾਇਤਾਂ ਦਾ ਤੇਜ਼ੀ ਨਾਲ ਹੱਲ ਪ੍ਰਦਾਨ ਕਰਨ ਲਈ ਵ੍ਹਟਸਐਪ ਐਪ ਸ਼ੁਰੂ ਕੀਤੀ ਹੈ। ਬਿਜਲੀ ਕੱਟ ਹੀ ਨਹੀਂ ਸਗੋਂ ਬਿਜਲੀ ਸਪਲਾਈ ਨਾਲ ਜੁੜੀਆਂ ਸ਼ਿਕਾਇਤਾਂ ਤੇ ਬਿਜਲੀ ਬਿੱਲ ਦਾ ਭੁਗਤਾਨ ਵੀ ਆਨਲਾਈਨ ਘਰੋਂ ਕਰ ਸਕਦੇ ਹਨ। ਇਨ੍ਹਾਂ ਸਾਰੀਆਂ ਸਹੂਲਤਾਂ ਦਾ ਲਾਭ ਉਠਾਉਣ ਲਈ ਬਿਜਲੀ ਖਪਤਕਾਰ ਦਿਨ ਦੇ ਕਿਸੇ ਵੀ ਸਮੇਂ ਜਾਣਕਾਰੀ ਜਾਂ ਸ਼ਿਕਾਇਤ ਕਰ ਸਕਦਾ ਹੈ।
ਇਸ ਨੰਬਰ ’ਤੇ ਮੈਸੇਜ਼ ਭੇਜ ਕੇ ਇਸ ਤਰ੍ਹਾਂ ਲੈ ਸਕਦੇ ਹੋ ਹਰ ਜਾਣਕਾਰੀ
ਬਿਜਲੀ ਸਪਲਾਈ ਕੰਪਨੀ ਸੀ.ਡੀ.ਪੀ.ਐੱਲ. ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਇਸ ਪਹਿਲਕਦਮੀ ਨੂੰ ਸ਼ੁਰੂ ਕਰਨ ਦਾ ਉਦੇਸ਼ ਖਪਤਕਾਰਾਂ ਦੀ ਬਿਜਲੀ ਨਾਲ ਸਬੰਧਤ ਹਰ ਸ਼ਿਕਾਇਤ ਦਾ ਆਸਾਨ ਤੇ ਜਲਦੀ ਹੱਲ ਪ੍ਰਦਾਨ ਕਰਨਾ ਹੈ। ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਲਈ, ਖਪਤਕਾਰ ਕੰਪਨੀ ਦੇ ਵਟਸਐਪ ਨੰਬਰ 92402-16666 ''ਤੇ ਸਿਰਫ਼ ‘ਹਾਏ’ ਲਿਖ ਕੇ ਆਪਣੀ ਸ਼ਿਕਾਇਤ ਕਰਵਾ ਸਕਦੇ ਹਨ।
ਇਸ ਤੋਂ ਬਾਅਦ ਜਦੋਂ ਵੀ ਕੋਈ ਖਪਤਕਾਰ ਸੁਨੇਹਾ ਭੇਜੇਗਾ ਤਾਂ ਉਸ ਨੂੰ ਇਕ ਇੰਟਰਐਕਟਿਵ ਮੈਨਿਊ ਦਿਖਾਈ ਦੇਵੇਗਾ। ਇਸ ਮੈਨਿਊ ’ਤੇ ਹਰ ਕਿਸਮ ਦੀ ਬਿਜਲੀ ਨਾਲ ਸਬੰਧਤ ਸੇਵਾ ਲਈ ਬਦਲ ਦਿੱਤੇ ਗਏ ਹਨ। ਇਸ ਬਦਲ ਨੂੰ ਚੁਣਨ ਤੋਂ ਬਾਅਦ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਖਪਤਕਾਰਾਂ ਨੂੰ ਇੱਥੇ ਆਪਣਾ ਨਾਂ, ਪਤਾ ਤੇ ਬਿਜਲੀ ਨਾਲ ਸਬੰਧਤ ਸਮੱਸਿਆ ਲਿਖਣੀ ਪਵੇਗੀ। ਹਰ ਖਪਤਕਾਰ ਦਿਨ ਦੇ ਕਿਸੇ ਵੀ ਸਮੇਂ ਇਸ ਸਹੂਲਤ ਲਈ ਸੰਪਰਕ ਕਰ ਸਕਦਾ ਹੈ।
ਸ਼ਿਕਾਇਤ ਦੀ ਜਾਣਕਾਰੀ ਅਤੇ ਹੱਲ ਇਸ ਤਰ੍ਹਾਂ ਮਿਲੇਗਾ
ਖਪਤਕਾਰ ਵੱਲੋਂ ਮੈਨਿਊ ’ਤੇ ਦਰਜ ਕੀਤੀ ਗਈ ਸ਼ਿਕਾਇਤ ਆਟੋਮੈਟਿਕਲੀ ਕਾਰਵਾਈ ਲਈ ਸਬੰਧਤ ਸਰਵਿਸ ਸੈਂਟਰ ਨੂੰ ਭੇਜ ਦਿੱਤੀ ਜਾਵੇਗੀ। ਸਰਵਿਸ ਸੈਂਟਰ ’ਚ ਦਰਜ ਕਰਵਾਈ ਸ਼ਿਕਾਇਤ ਦਾ ਹੱਲ ਹੋਣ ''ਤੇ ਖਪਤਕਾਰ ਨੂੰ ਉਸ ਦੇ ਵ੍ਹਟਸਐਪ ਨੰਬਰ ''ਤੇ ਜਾਣਕਾਰੀ ਭੇਜੀ ਜਾਵੇਗੀ। ਇੱਥੇ ਖਪਤਕਾਰ ਕੋਲ ਆਪਣੀ ਸ਼ਿਕਾਇਤ ਦੇ ਹੱਲ ਹੋਣ ਤੋਂ ਬਾਅਦ ਸਬੰਧਤ ਪ੍ਰਕਿਰਿਆ ਨੂੰ ਬੰਦ ਕਰ ਕੇ ਸੇਵਾ ਬਾਰੇ ਆਪਣੀ ਰਾਏ ਦੇਣ ਦਾ ਬਦਲ ਵੀ ਹੋਵੇਗਾ।ਕੰਪਨੀ ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਕਿਹਾ ਕਿ ਖਪਤਕਾਰਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਇਕ ਤੈਅ ਸਮਾਂ ਸੀਮਾ ਅੰਦਰ ਸਾਰੀਆਂ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰੇਗੀ।