5 ਸਾਲ ਰਾਜਨੀਤੀ ''ਚ ਉਲਝੇ ਸਾਲਿਡ ਵੇਸਟ ਪ੍ਰਾਜੈਕਟ ਦਾ ਕੰਮ ਅਜੇ ਵੀ ਅਧੂਰਾ
Sunday, Dec 03, 2017 - 05:00 PM (IST)
ਜਲੰਧਰ— ਸ਼ਹਿਰ 'ਚ ਥਾਂ-ਥਾਂ 'ਤੇ ਲੱਗੇ ਕੂੜੇ ਦੇ ਢੇਰ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਗੰਦਗੀ ਨੇ ਲੋਕਾਂ ਦਾ ਜਿਊਣਾ ਤੱਕ ਮੁਸ਼ਕਿਲ ਕੀਤਾ ਹੋਇਆ ਹੈ। ਸਭ ਤੋਂ ਵੱਡਾ ਪ੍ਰਾਜੈਕਟ ਨਗਰ-ਨਿਗਮ ਸਾਲਿਡ ਵੇਸਟ ਪ੍ਰਾਜੈਕਟ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮੇਂ ਆਇਆ ਸੀ। ਸਰਕਾਰ ਤੋਂ ਸਾਰੀਆਂ ਮਨਜ਼ੂਰੀਆਂ ਮਿਲਣ ਅਤੇ ਫੰਡਸ ਐਲੋਕੇਸ਼ਨ ਆਉਣ ਦੇ ਬਾਅਦ ਵੀ ਪ੍ਰਾਜੈਕਟ ਲਟਕਿਆ ਹੋਇਆ ਹੈ। ਇਸ ਪ੍ਰਾਜੈਕਟ ਤਹਿਤ ਪ੍ਰਾਈਵੇਟ ਕੰਪਨੀ ਜਿੰਦਲ ਨੇ ਘਰ-ਘਰ ਜਾ ਕੇ ਕੂੜਾ ਚੁੱਕ ਕੇ ਇਸ ਨਾਲ ਖਾਦ ਅਤੇ ਸਾੜ ਕੇ ਬਿਜਲੀ ਬਣਾਉਣੀ ਸੀ। ਰਾਠੌਰ ਦਾ ਕਾਰਜਕਾਲ ਤਾਂ ਪ੍ਰਾਜੈਕਟ ਦੀ ਮਨਜ਼ੂਰੀ ਲੈਂਦੇ ਹੋਈ ਨਿਕਲ ਗਿਆ ਅਤੇ ਮੇਅਰ ਸੁਨੀਲ ਜੋਤੀ ਦੇ ਸਮੇਂ ਪ੍ਰਾਜੈਕਟ ਦਾ ਕੰਮ ਚਾਲੂ ਹੋਇਆ ਤਾਂ ਮੁਲਾਜ਼ਮ ਵਾਰ-ਵਾਰ ਹੜਤਾਲ ਕਰਨ ਲੱਗੇ। ਇਨ੍ਹਾਂ ਦੀ ਨਾਰਾਜ਼ਗੀ ਤੋਂ ਬੱਚਣ ਨੂੰ ਪ੍ਰਦੇਸ਼ ਸਰਕਾਰ ਪ੍ਰਾਜੈਕਟ ਲਟਕਾਉਂਦੀ ਰਹੀ। ਪਰੇਸ਼ਾਨ ਹੋ ਕੇ ਜਿੰਦਲ ਕੰਪਨੀ ਨੇ ਕੰਮ ਛੱਡ ਦਿੱਤਾ। ਨਤੀਜਾ ਇਹ ਹੈ ਕਿ ਹੁਣ ਨਿਗਮ ਨਾ ਤਾਂ ਆਪਣੇ ਬਲ 'ਤੇ ਪ੍ਰਾਜੈਕਟ ਸ਼ੁਰੂ ਕਰ ਸਕਿਆ ਅਤੇ ਨਾ ਹੀ ਕੂੜਾ ਕਲੈਕਸ਼ਨ ਦੀ ਆਧੁਨਿਕ ਮਸ਼ੀਨਰੀ ਚਾਲੂ ਕਰਕੇ ਸ਼ਹਿਰ ਨੂੰ ਸਾਫ ਕਰ ਸਕਿਆ। ਇਹ ਪ੍ਰਾਜੈਕਟ ਅੱਧ ਵਿਚਕਾਰ ਵੀ ਲਟਕ ਗਿਆ।
ਉਥੇ ਹੀ ਦੂਜੇ ਪਾਸੇ ਡੰਪਾਂ ਨਾਲ ਦੁਕਾਨਦਾਰ ਵੀ ਪਰੇਸ਼ਾਨ ਹਨ। ਖਾਲਸਾ ਸਕੂਲ ਦੀ ਕੰਧ ਤੋੜ ਕੇ ਉਸ 'ਚ ਡੰਪ ਬਣਾਉਣ ਦੇ ਆਰਡਰ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਨੇ ਦਿੱਤੇ ਸਨ। ਇਹ ਲਾਗੂ ਨਹੀਂ ਹੋਏ। ਨਿਗਮ ਖਾਲਸਾ ਸਕੂਲ ਦੇ ਕੋਲ ਨਕੋਦਰ ਰੋਡ ਦੇ ਕੰਢੇ ਡੰਪ ਬਣ ਚੁੱਕਿਆ ਹੈ। ਇਥੋਂ ਜਦੋਂ ਕੂੜਾ ਉਠਾਇਆ ਜਾਂਦਾ ਹੈ ਤਾਂ ਟ੍ਰੈਫਿਕ ਹੋ ਜਾਂਦਾ ਹੈ। ਇਸੇ ਤਰ੍ਹਾਂ ਸ਼ਹਿਰ 'ਚ ਕਈ ਜਗ੍ਹਾ ਡੰਪ ਬਣੇ ਹਨ, ਜਿੱਥੋਂ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ।
