ਹੁਣ ਬਿਨਾਂ ਖ਼ਰਚੇ ਦੇ ਛੱਤਾਂ 'ਤੇ ਲਗਵਾਓ ਸੋਲਰ ਪਾਵਰ ਪਲਾਂਟ, ਜਲਦੀ ਕਰੋ ਕਿਤੇ ਤਾਰੀਖ਼ ਨਾ ਨਿਕਲ ਜਾਵੇ...

03/16/2023 1:43:38 PM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਹੁਣ ਲੋਕ ਬਿਨਾਂ ਖ਼ਰਚ ਦੇ ਛੱਤ ’ਤੇ ਸੋਲਰ ਪਾਵਰ ਪਲਾਂਟ ਲਵਾ ਸਕਣਗੇ ਕਿਉਂਕਿ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਦੀ ਮਨਜ਼ੂਰੀ ਤੋਂ ਬਾਅਦ ਚੰਡੀਗੜ੍ਹ ਰੀਨਿਊਬਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲਾਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ) ਦੇ ਅਹਿਮ ਪ੍ਰਾਜੈਕਟ ਰੈਸਕੋ ਮਾਡਲ ਨੂੰ ਲਾਗੂ ਕਰ ਦਿੱਤਾ ਗਿਆ ਹੈ। ਹੁਣ ਇੱਛੁਕ ਲੋਕਾਂ ਤੋਂ 31 ਮਾਰਚ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਨੂੰ ਦੁਬਾਰਾ ਲੋੜ ਨਹੀਂ ਹੈ। ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਯੂ. ਟੀ. ਪ੍ਰਸ਼ਾਸਨ ਨੇ 500 ਗਜ਼ ਅਤੇ ਉਸ ਤੋਂ ਜ਼ਿਆਦਾ ਦੇ ਰਿਹਾਇਸ਼ੀ ਘਰਾਂ 'ਚ ਰੂਫ਼ਟਾਪ ਪਾਵਰ ਪਲਾਂਟ ਲਾਉਣਾ ਲਾਜ਼ਮੀ ਕਰ ਦਿੱਤਾ ਸੀ। ਨਵੇਂ ਮਾਡਲ ਤਹਿਤ 5 ਕੇ. ਡਬਲਿਊ. ਪੀ. ਸੋਲਰ ਪਲਾਂਟ ਲਵਾਉਣ ਲਈ ਮਕਾਨ ਮਾਲਕ ਨੂੰ 500 ਸਕੇਅਰ ਫੁੱਟ ਜਗ੍ਹਾ ਮੁਹੱਈਆ ਕਰਵਾਉਣੀ ਪਵੇਗੀ।

ਇਹ ਵੀ ਪੜ੍ਹੋ : ਪ੍ਰੇਮਿਕਾ ਤੋਂ ਰੁੱਸੇ ਮੁੰਡੇ ਨੇ ਨਿਗਲਿਆ ਜ਼ਹਿਰ, ਹਸਪਤਾਲ 'ਚ ਤੋੜਿਆ ਦਮ, ਖ਼ੁਦਕੁਸ਼ੀ ਨੋਟ 'ਚ ਦੱਸਿਆ ਸਭ ਕੁੱਝ

‘ਕ੍ਰੈਸਟ’, ਬਿਜਲੀ ਵਿਭਾਗ, ਕੰਪਨੀ ਅਤੇ ਖ਼ਪਤਕਾਰ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਹੀ ਸੋਲਰ ਪਲਾਂਟ ਲਾਇਆ ਜਾਵੇਗਾ। ਦਰਅਸਲ ਵਿਭਾਗ ਨੇ ਜੇ. ਈ. ਆਰ. ਸੀ. ਦੇ ਕਹਿਣ ’ਤੇ ਰੈਸਕੋ ਮਾਡਲ ਸਬੰਧੀ ਇਕ ਸਰਵੇ ਕੀਤਾ ਸੀ, ਜਿਸ 'ਚ 550 ਲੋਕਾਂ ਨੇ ਸੌਰ ਊਰਜਾ ਪਲਾਂਟ ਲਵਾਉਣ ਦੀ ਇੱਛਾ ਜਤਾਈ ਹੈ। ਇਸ ਮਾਡਲ ਤਹਿਤ ਬਿਨਾਂ ਖ਼ਰਚ ਘਰ ਦੀ ਛੱਤ ’ਤੇ ਕੰਪਨੀ ਵਲੋਂ ਸੋਲਰ ਪੈਨਲ ਲਾਏ ਜਾਣਗੇ। ਘਰ 'ਚ ਰਹਿਣ ਵਾਲੇ ਬਿਜਲੀ ਇਸਤੇਮਾਲ ਕਰਨ ਦੇ ਨਾਲ-ਨਾਲ ਇਸ ਨੂੰ ਵੇਚ ਕੇ ਕਮਾਈ ਵੀ ਕਰ ਸਕਣਗੇ। ਇਹ ਪ੍ਰਾਜੈਕਟ ਉਨ੍ਹਾਂ ਲੋਕਾਂ ਲਈ ਹੈ, ਜੋ ਸੋਲਰ ਪ੍ਰਾਜੈਕਟ ਤਾਂ ਲਵਾਉਣਾ ਚਾਹੁੰਦੇ ਹਨ ਪਰ ਨਿਵੇਸ਼ ਨਹੀਂ ਕਰਨਾ ਚਾਹੁੰਦੇ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ Lawrence Bishnoi ਨੂੰ ਮਿਲਣ ਪੁੱਜੀਆਂ 2 ਕੁੜੀਆਂ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਰੈਸਕੋ ਮਾਡਲ ਤਹਿਤ ਲਾਏ ਜਾਣਗੇ ਪੈਨਲ
ਰੈਸਕੋ ਮਾਡਲ ਤਹਿਤ ਸੋਲਰ ਪੈਨਲ ਲਾਉਣ ਦਾ ਸਾਰਾ ਖ਼ਰਚਾ ਨਿੱਜੀ ਕੰਪਨੀ ਚੁੱਕੇਗੀ। 15 ਸਾਲ ਤੱਕ ਪੈਨਲ ਦੀ ਦੇਖਭਾਲ ਦਾ ਜ਼ਿੰਮਾ ਵੀ ਕੰਪਨੀ ਦਾ ਹੋਵੇਗਾ। ਇਮਾਰਤ ਦੇ ਮਾਲਕ ਨੂੰ ਮਨਜ਼ੂਰੀ ਦੇਣੀ ਪਵੇਗੀ। ਇਸ ਤੋਂ ਇਲਾਵਾ ਸਰਕਾਰ ਕੰਪਨੀ ਨੂੰ ਸਬਸਿਡੀ ਦੇਵੇਗੀ ਅਤੇ ਇਮਾਰਤ ਮਾਲਕ ਨੂੰ ਬਿਜਲੀ ਵਿਭਾਗ ਤੋਂ ਵੀ ਘੱਟ ਦਰ ਭਾਵ 3.23 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਵਾਧੂ ਬਿਜਲੀ ਵਿਭਾਗ ਨੂੰ ਸੌਂਪੀ ਜਾ ਸਕੇਗੀ। ਜੇ. ਈ. ਆਰ. ਸੀ. ਤਹਿਤ ਕੰਪਨੀ ਮਾਲਕ ਨੂੰ ਪੈਸੇ ਦੇਵੇਗੀ ਅਤੇ 15 ਸਾਲ ਬਾਅਦ ਸੋਲਰ ਪਲਾਂਟ ਮਾਲਕ ਦਾ ਹੋ ਜਾਵੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ 500 ਵਰਗ ਗਜ਼ ਜਾਂ ਇਸ ਤੋਂ ਜ਼ਿਆਦਾ ਏਰੀਆ ਦੇ ਘਰਾਂ ਅਤੇ ਬਿਲਡਿੰਗ ’ਤੇ ਸੋਲਰ ਪ੍ਰਾਜੈਕਟ ਲਾਉਣਾ ਲਾਜ਼ਮੀ ਕੀਤਾ ਸੀ, ਜਿਸ ਤੋਂ ਬਾਅਦ ਹੀ ਇਨ੍ਹਾਂ ਘਰਾਂ ’ਤੇ ਸੋਲਰ ਪਲਾਂਟ ਲਾਉਣ ਦਾ ਕੰਮ ਕੀਤਾ ਗਿਆ ਹੈ। ਵਾਤਾਵਰਣ ਵਿਭਾਗ ਨੇ ਸ਼ਹਿਰ 'ਚ 10 ਮਰਲਾ (250 ਗਜ਼) ਤੋਂ ਜ਼ਿਆਦਾ ਦੇ ਮਕਾਨਾਂ ’ਤੇ ਸੋਲਰ ਪਾਵਰ ਪਲਾਂਟ ਲਾਉਣਾ ਲਾਜ਼ਮੀ ਕਰਨ ਦਾ ਵੀ ਫ਼ੈਸਲਾ ਲਿਆ ਸੀ, ਜਿਸ ਲਈ ਬਿਲਡਿੰਗ ਬਾਈਲਾਜ ਵਿਚ ਸੋਧ ਕੀਤੀ ਜਾਣੀ ਹੈ, ਜਿਸ ਕਾਰਨ ਇਸ ਪ੍ਰਾਜੈਕਟ ਸਬੰਧੀ ਵੀ ਛੇਤੀ ਹੀ ਹੁਕਮ ਜਾਰੀ ਕਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਆਪਣੇ ਘਰਾਂ ’ਤੇ ਪਲਾਂਟ ਲਾਏ ਹਨ, ਉਸ ਨਾਲ ਉਨ੍ਹਾਂ ਨੂੰ ਕਾਫ਼ੀ ਫ਼ਾਇਦਾ ਹੋ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News