ਸੋਲਰ ਪਲਾਂਟ ਲਾਉਣ ''ਤੇ ਘੱਟ ਸਕਦੈ ਬਿਜਲੀ ਦਾ ਬੋਝ
Monday, Aug 13, 2018 - 02:50 PM (IST)

ਚੰਡੀਗੜ੍ਹ (ਵਿਜੇ) : ਆਪਣੇ ਘਰ 'ਚ ਸੋਲਰ ਪਲਾਂਟ ਲਾਉਣ ਦਾ ਹੁਣ ਇਕ ਹੋਰ ਲਾਭ ਮਿਲ ਸਕਦਾ ਹੈ। ਯੂ. ਟੀ. ਦੇ ਬਿਜਲੀ ਵਿਭਾਗ ਵਲੋਂ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਗਿਆ ਸੁਝਾਅ ਜੇਕਰ ਮਨਜ਼ੂਰ ਹੋ ਜਾਵੇ ਤਾਂ ਅਜਿਹਾ ਹੋ ਸਕਦਾ ਹੈ। ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ 'ਚ ਸੋਲਰ ਐਨਰਜੀ ਨੂੰ ਪ੍ਰਮੋਟ ਕਰਨ ਲਈ 500 ਗਜ਼ ਤੋਂ ਜ਼ਿਆਦਾ ਏਰੀਆ ਵਾਲੇ ਘਰਾਂ 'ਚ ਸੋਲਰ ਪਲਾਂਟ ਲਾਉਣਾ ਲਾਜ਼ਮੀ ਕੀਤਾ ਹੈ ਪਰ ਹੁਣ ਵੀ ਸਾਰੇ ਘਰਾਂ ਨੇ ਸੋਲਰ ਪਲਾਂਟ ਲਾਉਣ ਲਈ ਅਪਲਾਈ ਨਹੀਂ ਕੀਤਾ ਹੈ। ਅਜਿਹੇ 'ਚ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋ ਰਹੀ ਹੈ।
ਇਹੀ ਕਾਰਨ ਹੈ ਕਿ ਬਿਜਲੀ ਵਿਭਾਗ ਨੇ ਕਮਿਸ਼ਨ ਨੂੰ ਸੁਝਾਆ ਭੇਜਿਆ ਹੈ ਕਿ ਜੇਕਰ ਕਿਸੇ ਘਰ 'ਚ ਸੋਲਰ ਪਲਾਂਟ ਲੱਗਾ ਹੈ ਤਾਂ ਬਿਜਲੀ ਦੇ ਬਿੱਲ 'ਚ ਜੁੜ ਕੇ ਆਉਣ ਵਾਲੇ ਫਿਕਸਡ ਚਾਰਜ ਨੂੰ ਘੱਟ ਕੀਤਾ ਜਾ ਸਕਦਾ ਹੈ। ਡਿਪਾਰਟਮੈਂਟ ਨੇ ਇਸ ਸੁਝਾਅ 'ਤੇ ਗੰਭੀਰਤਾ ਨਾਲ ਗੌਰ ਕਰਨ ਲਈ ਕਿਹਾ ਹੈ। ਫਿਕਸਡ ਚਾਰਜ ਬਿਜਲੀ ਦੇ ਬਿੱਲ 'ਚ ਵੱਖਰਾ ਜੁੜ ਕੇ ਆਉਂਦਾ ਹੈ, ਜੋ ਖਪਤਕਾਰ ਦੇ ਸੈਂਕਸ਼ਨ/ਕੁਨੈਕਟਿਡ ਲੋਡ 'ਤੇ ਆਧਾਰਿਤ ਹੁੰਦਾ ਹੈ।