ਅੱਤਵਾਦੀਆਂ ਦੇ ਨਿਸ਼ਾਨੇ ’ਤੇ ਪੰਜਾਬ, ਸੋਢਲ ਮੇਲੇ ’ਤੇ ਜਲੰਧਰ ਦੇ ਸੀ. ਪੀ. ਵੱਲੋਂ ਸੁਰੱਖਿਆ ਵਧਾਉਣ ਦੇ ਨਿਰਦੇਸ਼
Friday, Sep 17, 2021 - 07:11 PM (IST)
ਜਲੰਧਰ (ਸੁਧੀਰ)– ਪੰਜਾਬ ’ਚ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਅਤੇ ਜਲਾਲਾਬਾਦ ਵਿਚ ਹੋਏ ਧਮਾਕੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਫੈਸਟੀਵਲ ਸੀਜ਼ਨ ਨੂੰ ਵੇਖਦਿਆਂ ਹਾਈ ਅਲਰਟ ਐਲਾਨ ਕੇ ਸੂਬੇ ਵਿਚ ਸਾਰੇ ਪੁਲਸ ਅਧਿਕਾਰੀਆਂ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਖ਼ੁਫ਼ੀਆ ਏਜੰਸੀਆਂ ਤੋਂ ਮਿਲੇ ਇਨਪੁਟ ਮੁਤਾਬਕ ਪੂਰੇ ਸੂਬੇ ਵਿਚ ਭੀੜ-ਭਾੜ ਵਾਲੇ ਇਲਾਕਿਆਂ ਵਿਚ ਵਿਸ਼ੇਸ਼ ਰੂਪ ਵਿਚ ਸੁਰੱਖਿਆ ਵਧਾਉਣ ਅਤੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਰੂਪਨਗਰ ਤੋਂ ਵੱਡੀ ਖ਼ਬਰ: ਭੈਣ ਦੀ 'ਲਵ ਮੈਰਿਜ' ਦੇ 2 ਸਾਲ ਬਾਅਦ ਸਾਲੇ ਨੇ ਬੇਰਹਿਮੀ ਨਾਲ ਵੱਢਿਆ ਜੀਜਾ
ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਸਾਰੇ ਐਂਟਰੀ ਪੁਆਇੰਟਾਂ ’ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਅਤੇ ਵਾਹਨ ਚਾਲਕਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼ਹਿਰ ਵਿਚ ਦਾਖ਼ਲੇ ਦੀ ਇਜਾਜ਼ਤ ਦੇ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਖ਼ੁਫ਼ੀਆ ਏਜੰਸੀਆਂ ਵੱਲੋਂ ਦਿੱਤੇ ਗਏ ਇਨਪੁਟ ਸਾਰੇ ਅਧਿਕਾਰੀਆਂ ਨਾਲ ਸ਼ੇਅਰ ਕੀਤੇ ਜਾ ਰਹੇ ਹਨ। ਪੀ. ਸੀ. ਆਰ. ਦਸਤੇ ਇਕ ਵਾਰ ਫਿਰ ਐਕਟਿਵ ਕਰ ਕੇ ਸ਼ਹਿਰ ਵਿਚ 24 ਘੰਟੇ ਹੂਟਰ ਮਾਰ ਕੇ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ।
ਸੀ. ਪੀ. ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਧਾਰਮਿਕ ਅਸਥਾਨਾਂ, ਸਿੱਖਿਆ ਸੰਸਥਾਵਾਂ, ਬਾਜ਼ਾਰਾਂ ਅਤੇ ਭੀੜ-ਭੜੱਕੇ ਵਾਲੇ ਸਾਰੇ ਇਲਾਕਿਆਂ ’ਚ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੋਢਲ ਮੇਲੇ ਦੇ ਨਜ਼ਦੀਕ ਆਉਂਦੇ ਹੀ ਇਕ ਹਜ਼ਾਰ ਮੁਲਾਜ਼ਮਾਂ ਤੋਂ ਇਲਾਵਾ ਹੋਰ ਸੁਰੱਖਿਆ ਵਧਾਈ ਜਾ ਰਹੀ ਹੈ। ਏ. ਆਰ. ਪੀ. ਸਮੇਤ ਹੋਰ ਕਈ ਟੀਮਾਂ ਨੂੰ ਸੁਰੱਖਿਆ ਲਈ ਮੇਲੇ ਵਿਚ ਤਾਇਨਾਤ ਕੀਤਾ ਜਾ ਰਿਹਾ ਹੈ। ਸੋਢਲ ਮੰਦਿਰ ਦੇ ਬਾਹਰ ਬਣ ਰਹੇ ਪੁਲਸ ਕੰਟਰੋਲ ਰੂਮ ਵਿਚ ਹਰ ਮੁਲਾਜ਼ਮ ਨੂੰ ਹੱਥ ਵਿਚ ਵਾਇਰਲੈਸ ਸੈੱਟ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਕਿ ਕੰਟਰੋਲ ਰੂਮ ਤੋਂ ਕਿਸੇ ਵੀ ਤਰ੍ਹਾਂ ਮੈਸੇਜ ਆਉਣ ’ਤੇ ਪੁਲਸ ਫੋਰਸ ਐਕਟਿਵ ਰਹੇ। ਮੇਲਾ ਮਾਰਗ ’ਤੇ ਵੀ ਉਕਤ ਕੈਮਰੇ ਲੁਆਏ ਜਾ ਰਹੇ ਹਨ। ਇਸ ਤੋਂ ਇਲਾਵਾ ਸਿਵਲ ਕੱਪੜਿਆਂ ਵਿਚ ਵੀ ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਰੂਪ ਵਿਚ ਤਾਇਨਾਤ ਕਰ ਕੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: 'ਬਾਬਾ ਸੋਢਲ' ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ
ਡਾ. ਗਿੱਲ ਨੇ ਦੱਸਿਆ ਕਿ ਸ਼ਹਿਰ ਵਿਚ ਨਾਈਟ ਡੋਮੀਨੇਸ਼ਨ ਵਿਚ ਸੁਰੱਖਿਆ ਵਧਾਈ ਜਾ ਰਹੀ ਹੈ। ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਰਾਤ ਵਿਚ ਫੀਲਡ ਵਿਚ ਨਿਕਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਿਹਾ ਗਿਆ ਹੈ। ਵੀਰਵਾਰ ਦੇਰ ਸ਼ਾਮ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਖ਼ੁਦ ਫੀਲਡ ਵਿਚ ਨਿਕਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸ਼ਹਿਰ ਦੇ ਕਈ ਥਾਣਿਆਂ ਦਾ ਦੌਰਾ ਕਰਕੇ ਥਾਣਾ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਰਿਕਾਰਡ ਨੂੰ ਮੇਨਟੇਨ ਰੱਖਣ ਅਤੇ ਥਾਣਾ ਪੱਧਰ ’ਤੇ ਆਉਣ ਵਾਲੀ ਹਰ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਥਾਣਾ ਇੰਚਾਰਜਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਸੰਵੇਦਨਸ਼ੀਲ ਥਾਵਾਂ ’ਤੇ ਨਾਕਾਬੰਦੀ ਦੌਰਾਨ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਲਈ ਕਿਹਾ। ਸੀ. ਪੀ. ਨੇ ਸਾਰੇ ਮੁਲਾਜ਼ਮਾਂ ਨੂੰ ਸਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਡਿਊਟੀ ਵਿਚ ਕੋਈ ਲਾਪਰਵਾਹੀ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: 9ਵੀਂ ਦੇ ਵਿਦਿਆਰਥੀ ਦਾ ਸ਼ਰਮਨਾਕ ਕਾਰਾ, ਸਹਿਪਾਠੀ ਦੀ ਨਕਲੀ ਫੇਸਬੁੱਕ ਆਈ. ਡੀ. ਬਣਾ ਕੇ ਲਿਖ ਦਿੱਤਾ ‘ਮੈਂ ਗੇਅ ਹੂੰ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ