ਲੁਧਿਆਣਾ ਦੇ ਇਸ ਸਮਾਜ ਸੇਵੀ ਨੇ ਚੋਣਾਂ ਲੜਨ ਲਈ ਖੋਲ੍ਹਿਆ ਢਾਬਾ, ਪੂਰੇ ਇਲਾਕੇ ''ਚ ਹੋ ਰਹੀ ਚਰਚਾ

Thursday, Jan 13, 2022 - 04:29 PM (IST)

ਲੁਧਿਆਣਾ ਦੇ ਇਸ ਸਮਾਜ ਸੇਵੀ ਨੇ ਚੋਣਾਂ ਲੜਨ ਲਈ ਖੋਲ੍ਹਿਆ ਢਾਬਾ, ਪੂਰੇ ਇਲਾਕੇ ''ਚ ਹੋ ਰਹੀ ਚਰਚਾ

ਲੁਧਿਆਣਾ (ਨਰਿੰਦਰ) : ਪੰਜਾਬ 'ਚ 14 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪੋ-ਆਪਣੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਜਿਹੜੇ ਆਮ ਲੋਕ ਚੋਣਾਂ ਲੜਨ ਦੇ ਚਾਹਵਾਨ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਪਾਰਟੀ ਵੱਲੋਂ ਟਿਕਟ ਨਹੀਂ ਮਿਲਦੀ, ਉਹ ਹੁਣ ਆਪਣੇ ਪੱਧਰ 'ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ। ਇਸੇ ਤਹਿਤ ਲੁਧਿਆਣਾ ਦਾ ਸਮਾਜ ਸੇਵੀ ਕੀਮਤੀ ਰਾਵਲ ਇਨ੍ਹੀਂ ਦਿਨੀਂ ਆਪਣਾ ਢਾਬਾ ਖੋਲ੍ਹ ਕੇ ਚੋਣਾਂ ਲੜਨ ਲਈ ਪੈਸੇ ਇਕੱਠੇ ਕਰ ਰਿਹਾ ਹੈ। ਕੀਮਤੀ ਰਾਵਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਲੋਕਾਂ ਲਈ ਚੋਣਾਂ ਲੜੇਗਾ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੇ ਚੋਣਾਂ ਨੂੰ ਲੈ ਕੇ ਕੀਤੇ ਅਹਿਮ ਵਾਅਦੇ, ਪੰਜਾਬੀਆਂ ਅੱਗੇ ਰੱਖੇ 10 ਏਜੰਡੇ

ਕੀਮਤੀ ਰਾਵਲ ਨੇ ਕਿਹਾ ਹੈ ਕਿ ਉਹ ਬੀਤੇ ਤਿੰਨ ਦਹਾਕਿਆਂ ਤੋਂ ਲਗਾਤਾਰ ਲੋਕ ਭਲਾਈ ਦੇ ਕੰਮਾਂ 'ਚ ਲੱਗਿਆ ਹੋਇਆ ਹੈ ਪਰ ਵੱਖ-ਵੱਖ ਪਾਰਟੀਆਂ ਨਾਲ ਸਬੰਧ ਹੋਣ ਦੇ ਬਾਵਜੂਦ ਉਸ ਨੂੰ ਅੱਜ ਤੱਕ ਕਦੇ ਵੀ ਟਿਕਟ ਨਹੀਂ ਮਿਲੀ। ਕੀਮਤੀ ਰਾਵਲ ਦੇ ਇਸ ਕੰਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਉਸ ਨੇ ਕਿਹਾ ਕਿ ਜਿਸ ਵੀ ਪਾਰਟੀ ਤੋਂ ਉਸ ਨੇ ਟਿਕਟ ਮੰਗੀ, ਪਾਰਟੀ ਨੇ ਉਸ ਕੋਲ ਪੈਸੇ ਨਾ ਹੋਣ ਕਰਕੇ ਟਿਕਟ ਨਹੀਂ ਦਿੱਤੀ ਕਿਉਂਕਿ ਚੋਣਾਂ 'ਚ ਪੈਸੇ ਲਗਦੇ ਹਨ। ਉਸ ਨੇ ਕਿਹਾ ਕਿ ਆਮ ਵਿਅਕਤੀ ਲਈ ਚੋਣਾਂ ਲੜਣਾ ਬਹੁਤ ਔਖਾ ਕੰਮ ਹੈ। ਕੀਮਤੀ ਰਾਵਲ ਨੇ ਦਾਅਵਾ ਕੀਤਾ ਕਿ ਹੁਣ ਉਸ ਨੇ ਆਪਣਾ ਢਾਬਾ ਖੋਲ੍ਹਿਆ ਹੈ ਤਾਂ ਜੋ ਉਹ ਚੋਣਾਂ ਲੜ ਸਕੇ। ਉਸ ਨੇ ਕਿਹਾ ਕਿ ਉਹ ਆਪਣੀ ਹੱਕ-ਹਲਾਲ ਦੀ ਕਮਾਈ ਨਾਲ ਹੀ ਚੋਣਾਂ ਲੜੇਗਾ। ਕੀਮਤੀ ਰਾਵਲ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ, ਜਿਸ ਕਰਕੇ ਉਸ ਨੇ ਪੈਸੇ ਕਮਾਉਣ ਦਾ ਇਹੀ ਢੰਗ ਆਪਣਿਆਂ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਮੁੱਖ ਮੰਤਰੀ 'ਚੰਨੀ' ਨੂੰ ਦੋਆਬਾ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ ਕਾਂਗਰਸ

ਉਸ ਨੇ ਕਿਹਾ ਕਿ ਉਹ ਆਪਣੇ ਢਾਬੇ 'ਤੇ ਔਰਤਾਂ ਨੂੰ 25 ਫ਼ੀਸਦੀ ਛੋਟ, ਜਦੋਂ ਕਿ ਮੀਡੀਆ ਅਤੇ ਸਿਆਸੀ ਆਗੂਆਂ ਨੂੰ 10 ਫ਼ੀਸਦੀ ਛੋਟ ਦਿੰਦਾ ਹੈ। ਉਸ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ ਪਰ ਅੱਜ ਵੀ ਉਸ ਕੋਲ 50 ਗਜ਼ ਦਾ ਘਰ ਹੈ ਅਤੇ ਇਕ ਦੁਕਾਨ ਹੈ, ਜੋ ਕਿਰਾਏ 'ਤੇ ਲਈ ਹੈ। ਕੀਮਤੀ ਰਾਵਲ ਉੱਤਰੀ ਹਲਕੇ ਤੋਂ ਚੋਣਾਂ ਲੜਨ ਦਾ ਚਾਹਵਾਨ ਹੈ। ਉਸ ਨੇ ਕਿਹਾ ਕਿ ਇਲਾਕੇ ਦੀਆਂ ਸਮੱਸਿਆਵਾਂ ਇੰਨੀਆਂ ਹਨ ਕਿ ਉਹ ਬਿਆਨ ਨਹੀਂ ਕਰ ਸਕਦਾ। ਉਸ ਨੇ ਦੱਸਿਆ ਕਿ ਬੁੱਢਾ ਨਾਲਾ ਵੱਡੀ ਸੱਮਸਿਆ ਹੈ, ਜਿਸ 'ਤੇ ਸਾਰੀਆਂ ਪਾਰਟੀਆਂ ਨੇ ਅੱਜ ਤੱਕ ਸਿਆਸਤ ਤਾਂ ਕੀਤੀ ਹੈ ਪਰ ਹੱਲ ਨਹੀਂ ਕੀਤਾ। ਉਸ ਨੇ ਕਿਹਾ ਕਿ ਪਾਰਟੀਆਂ ਰਸੂਖਦਾਰ, ਪੈਸੇ ਵਾਲਿਆਂ ਨੂੰ ਟਿਕਟ ਦਿੰਦੀਆਂ ਹਨ ਪਰ ਗਰੀਬ ਨੂੰ ਕੋਈ ਆਪਣੀ ਪਾਰਟੀ ਤੋਂ ਟਿਕਟ ਨਹੀਂ ਦਿੰਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News