ਮ੍ਰਿਤਕਾ ਦੇ ਸੋਸ਼ਲ ਮੀਡੀਆ ਦੋਸਤ ਨੇ ਰਿਸ਼ਤੇਦਾਰ ਨਾਲ ਮਿਲ ਕੇ ਦਿੱਤਾ ਸੀ ਘਿਨੌਣੇ ਅਪਰਾਧ ਨੂੰ ਅੰਜਾਮ, 2 ਕਾਬੂ

Friday, Sep 02, 2022 - 10:39 PM (IST)

ਮ੍ਰਿਤਕਾ ਦੇ ਸੋਸ਼ਲ ਮੀਡੀਆ ਦੋਸਤ ਨੇ ਰਿਸ਼ਤੇਦਾਰ ਨਾਲ ਮਿਲ ਕੇ ਦਿੱਤਾ ਸੀ ਘਿਨੌਣੇ ਅਪਰਾਧ ਨੂੰ ਅੰਜਾਮ, 2 ਕਾਬੂ

ਫਤਿਹਗੜ੍ਹ ਸਾਹਿਬ (ਸੁਰੇਸ਼) : ਜ਼ਿਲ੍ਹਾ ਪੁਲਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ ਇਸ ਘਿਨੌਣੇ ਕਤਲ ਵਿਚ ਸ਼ਾਮਲ 2 ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ 28 ਅਗਸਤ ਨੂੰ ਪਟਿਆਲਾ ਦੀ ਸਿਵਲ ਲਾਈਨ ਭਾਖੜਾ ਨਹਿਰ 'ਚੋਂ ਖਮਾਣੋਂ ਦੇ ਵਾਰਡ ਨੰਬਰ 2 ਦੀ ਵਾਸੀ ਗੁਰਦੀਪ ਕੌਰ ਪਤਨੀ ਨਵਚੇਤਨ ਵੇਗ ਪੰਨੂ ਦੀ ਲਾਸ਼ ਮਿਲੀ ਸੀ, ਜਿਸ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਗੁਰਦੀਪ ਕੌਰ ਵਜੋਂ ਹੋਈ ਸੀ, ਜਿਸ ਦੇ ਵਾਰਿਸਾਂ ਨੇ 28 ਅਗਸਤ ਨੂੰ ਰਾਤ 9 ਵਜੇ ਖਮਾਣੋਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਸੀ। ਇਸ ’ਤੇ ਕਾਰਵਾਈ ਕਰਦਿਆਂ ਖਮਾਣੋਂ ਪੁਲਸ ਨੇ ਮ੍ਰਿਤਕ ਗੁਰਦੀਪ ਕੌਰ ਦੀ ਲਾਸ਼ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਸਿਵਲ ਹਸਪਤਾਲ ਖਮਾਣੋਂ ਦੇ ਮੁਰਦਾਘਰ ਵਿਚ ਰਖਵਾਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਡਾਕਟਰਾਂ ਦਾ ਬੋਰਡ ਗਠਿਤ ਕਰਵਾ ਕੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿਸ ਦੀ ਰਿਪੋਰਟ ਅਨੁਸਾਰ ਮ੍ਰਿਤਕਾ ਦੇ ਸਿਰ ਅਤੇ ਸਰੀਰ ’ਤੇ 20 ਸੱਟਾਂ ਦੇ ਨਿਸ਼ਾਨ ਪਾਏ ਗਏ ਸਨ।

ਇਹ ਵੀ ਪੜ੍ਹੋ : ਖਸਤਾਹਾਲ ਸੜਕ ਤੋਂ ਤੰਗ ਆਏ ਪਿੰਡ ਵਾਸੀਆਂ ਨੇ BKU ਏਕਤਾ ਡਕੌਂਦਾ ਦੀ ਅਗਵਾਈ 'ਚ ਕੀਤਾ ਰੋਸ ਪ੍ਰਦਰਸ਼ਨ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਡਾਕਟਰਾਂ ਦੀ ਰਿਪੋਰਟ ਅਤੇ ਮ੍ਰਿਤਕਾ ਦੀ ਬੇਟੀ ਸੁਮੇਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਐੱਫ.ਆਈ.ਆਰ. ਨੰਬਰ 117/30. 08.2022 ਨੂੰ ਅ/ਧ 302, 34 ਆਈ.ਪੀ.ਸੀ. ਥਾਣਾ ਖਮਾਣੋਂ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਸੁਮੇਲ ਕੌਰ ਵੱਲੋਂ 1 ਸਤੰਬਰ ਨੂੰ ਦਿੱਤੇ ਬਿਆਨ ਦੇ ਆਧਾਰ ’ਤੇ ਵਰਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਪਿੰਡ ਗੰਢੂਆਂ ਥਾਣਾ ਬੱਸੀ ਪਠਾਣਾਂ ਹਾਲ ਆਬਾਦ ਪਿੰਡ ਬਦੇਸ਼ਾਂ ਖੁਰਦ ਥਾਣਾ ਖਮਾਣੋਂ ਨੂੰ ਮੁਕੱਦਮੇ 'ਚ ਆਰੋਪੀ ਨਾਮਜ਼ਦ ਕਰਕੇ ਕਥਿਤ ਦੋਸ਼ੀ ਨੂੰ 1 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਰਿਸ਼ਤੇਦਾਰ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਭਾਮੀਆਂ ਨੇੜੇ ਜੈਨ ਵਿਲਾ ਲੁਧਿਆਣਾ ਨਾਲ ਮਿਲ ਕੇ ਗੁਰਦੀਪ ਕੌਰ, ਜੋ ਕਿ ਉਸ ਦੀ ਚੰਗੀ ਦੋਸਤ ਸੀ ਅਤੇ ਉਸ ਦੇ ਕਹਿਣੇ ਵਿਚ ਸੀ, ਨੂੰ ਵਿਸ਼ਵਾਸ ਵਿਚ ਲੈ ਕੇ 27 ਅਗਸਤ ਨੂੰ ਰਾਣਵਾਂ ਵਿਖੇ ਬੁਲਿਆ ਸੀ, ਜੋ ਆਪਣੀ ਕਾਰ ਨਿਸਾਨ (ਟਰੈਨੋ) ਵਿਚ ਸਵਾਰ ਹੋ ਕੇ ਆਈ ਸੀ। ਕਥਿਤ ਦੋਸ਼ੀ ਆਪਣੀ ਕਾਰ ਨੰਬਰ ਐੱਚ ਪੀ 94-4366 ਪੋਲੋ ਟੀਡੀਆਈ (ਰੰਗ ਕਾਲਾ) ਵਿਚ ਆਪਣੇ ਦੋਸਤ ਗੁਰਵਿੰਦਰ ਸਿੰਘ ਗੁਰੀ ਨਾਲ ਸਵਾਰ ਸੀ, ਜਦੋਂ ਮ੍ਰਿਤਕਾ ਗੁਰਦੀਪ ਕੌਰ ਆਪਣੀ ਕਾਰ 'ਚ ਆਈ ਤਾਂ ਉਹ ਉਸ ਦੀ ਕਾਰ ਵਿਚ ਬੈਠ ਗਿਆ ਅਤੇ ਗੁਰਵਿੰਦਰ ਸਿੰਘ ਨੇ ਪੋਲੋ ਕਾਰ ਉਨ੍ਹਾਂ ਦੇ ਪਿੱਛੇ ਲਾ ਲਈ।

ਇਹ ਵੀ ਪੜ੍ਹੋ : ਐਕਸਿਸ ਬੈਂਕ ਬੇਗੋਵਾਲ 'ਚ 2 ਕਰੋੜ 56 ਲੱਖ ਦਾ ਘਪਲਾ, 2 ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਪਿੰਡ ਰਾਣਵਾਂ ਨੇੜੇ ਬਾਠ ਪੈਲੇਸ ਸੁੰਨਸਾਨ ਰਸਤਾ ਜੋ ਕਿ ਪਿੰਡ ਸੰਘੋਲ ਨੂੰ ਜਾਂਦਾ ਹੈ, ਉਥੇ ਲੈ ਕੇ ਗਏ ਅਤੇ ਕਾਰਾਂ 'ਚੋਂ ਉਤਰ ਕੇ ਜਦੋਂ ਗੁਰਦੀਪ ਕੌਰ ਉਸ ਨੂੰ ਮਿਲਣ ਲੱਗੀ ਤਾਂ ਉਸ ਦੇ ਦੋਸਤ ਗੁਰਵਿੰਦਰ ਸਿੰਘ ਨੇ ਪੋਲੋ ਕਾਰ 'ਚੋਂ ਬੇਸਬਾਲ ਕੱਢ ਕੇ ਗੁਰਦੀਪ ਕੌਰ ਦੇ ਸਿਰ ਵਿਚ ਮਾਰਿਆ ਅਤੇ ਉਹ ਜ਼ਮੀਨ ’ਤੇ ਡਿੱਗ ਪਈ। ਦੋਵੇਂ ਕਥਿਤ ਦੋਸ਼ੀਆਂ ਨੇ ਉਸ ਦੇ ਸਿਰ ਅਤੇ ਸਰੀਰ ’ਤੇ ਬੇਸਬਾਲ ਤੇ ਪਾਨਾ ਨੁਮਾ ਲੋਹੇ ਦੀ ਰਾਡ ਦੇ ਕਈ ਵਾਰ ਕੀਤੇ। ਗੁਰਦੀਪ ਕੌਰ ਦੇ ਸਿਰ 'ਚੋਂ ਖੂਨ ਨਿਕਲਣ ਲੱਗ ਪਿਆ ਅਤੇ ਉਹ ਉਸ ਨੂੰ ਚੁੱਕ ਕੇ ਪੋਲੋ ਕਾਰ ਦੀ ਪਿਛਲੀ ਸੀਟ ’ਤੇ ਪਾ ਕੇ ਲੈ ਗਏ ਅਤੇ ਪਿੰਡ ਥਾਬਲਾਂ ਨਹਿਰ ’ਤੇ ਲਿਜਾ ਕੇ ਗੁਰਦੀਪ ਕੌਰ ਦੇ ਸਿਰ ਵਿਚ ਹੋਰ ਸੱਟਾਂ ਮਾਰ ਕੇ ਉਸ ਦਾ ਕਤਲ ਕਰਕੇ ਉਸ ਦੇ ਗਲ਼ ਵਿਚ ਪਾਈ ਸੋਨੇ ਦੀ ਚੇਨ (ਲਾਕੇਟ ਜਿਸ ’ਤੇ ਲੱਕੀ ਲਿਖਿਆ ਹੋਇਆ ਸੀ) ਲਾਹ ਲਈ ਅਤੇ ਗੁਰਵਿੰਦਰ ਸਿੰਘ ਨੇ ਮ੍ਰਿਤਕ ਗੁਰਦੀਪ ਕੌਰ ਦੇ ਕੰਨਾਂ 'ਚ ਪਾਏ ਸੋਨੇ ਦੇ ਈਅਰ ਰਿੰਗ ਲਾਹ ਲਏ ਤੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ

ਐੱਸ. ਐੱਸ. ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਰੰਜਿਸ਼ ਦੀ ਵਜ੍ਹਾ ਇਹ ਸੀ ਕਿ ਗੁਰਦੀਪ ਕੌਰ ਦੇ ਸੋਨੇ ਅਤੇ ਗੱਡੀ ਦੇ ਲਾਲਚ ਕਰਕੇ ਕਥਿਤ ਦੋਸ਼ੀਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਗੁਰਦੀਪ ਕੌਰ ਦੀ ਟਰੈਨੋ ਕਾਰ ਨੂੰ ਰਾਣਵਾਂ ਤੋਂ ਲਿਜਾ ਕੇ ਪਾਤੜਾਂ ਸਾਈਡ ਸੁੰਨਸਾਨ ਜਗ੍ਹਾ ’ਤੇ ਖੜ੍ਹਾ ਕਰ ਦਿੱਤਾ ਅਤੇ ਕਾਰ ਦੇ ਚਾਰੇ ਟਾਇਰ ਖੋਲ੍ਹ ਲਏ ਸਨ। ਪੁਲਸ ਤਫਤੀਸ਼ ਦੌਰਾਨ ਕਥਿਤ ਦੋਸ਼ੀ ਵਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਵਾਰਦਾਤ ਵਿਚ ਵਰਤੀ ਗਈ ਕਾਲੇ ਰੰਗ ਦੀ ਪੋਲੋ ਕਾਰ ਐੱਚ ਪੀ 94-4366, ਬੇਸਬਾਲ, ਸੋਨੇ ਦੀ ਚੇਨ (ਲਾਕੇਟ) ਬਰਾਮਦ ਕਰਵਾਏ ਜਾ ਚੁੱਕੇ ਹਨ ਅਤੇ ਕਥਿਤ ਆਰੋਪੀ ਗੁਰਵਿੰਦਰ ਸਿੰਘ ਉਰਫ ਗੁਰੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ 'ਚ ਵਰਤਿਆ ਗਿਆ ਲੋਹੇ ਦਾ ਪਾਨਾ ਨੁਮਾ ਰਾਡ ਜਿਸ ਨੂੰ ਖੂਨ ਲੱਗਾ ਹੋਇਆ ਹੈ, ਸੋਨੇ ਦੇ ਈਅਰ ਰਿੰਗ ਅਤੇ ਇਕ ਇਨੋਵਾ ਕਾਰ ਬਰਾਮਦ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਸੋਵੀਅਤ ਸੰਘ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਦਾ 'ਦੁਖਦਾਈ ਦਿਹਾਂਤ'

ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਤੱਥਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਦੇ ਖਿਲਾਫ਼ ਪਹਿਲਾਂ ਹੀ ਥਾਣਾ ਬੱਸੀ ਪਠਾਣਾਂ ਵਿਖੇ ਇਕ ਮਾਮਲਾ ਦਰਜ ਹੈ। ਇਸ ਮੌਕੇ ਐੱਸ.ਪੀ. (ਡੀ.) ਦਿੱਗਵਿਜੇ ਕਪਿਲ ਅਤੇ ਡੀ.ਐੱਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਆਦਿ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News