ਸੋਸ਼ਲ ਮੀਡੀਆ ''ਤੇ ਦੁਨੀਆ ਲਾਈਵ ਦੇਖੇਗੀ ਸਰਕਾਰੀ ਸਕੂਲਾਂ ਦੀ ਬਦਲਦੀ ਦਸ਼ਾ
Saturday, Apr 06, 2019 - 01:44 PM (IST)
 
            
            ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ ਦੀ ਤਸਵੀਰ ਬਦਲਣ ਲਈ ਯਤਨਸ਼ੀਲ ਸਿੱਖਿਆ ਵਿਭਾਗ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਅਧਿਆਪਕਾਂ ਨੂੰ ਸ਼ਾਬਾਸ਼ ਦੇਣ ਲਈ ਸੈਕਟਰੀ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਨੇ ਹੁਣ ਨਵਾਂ ਫਾਰਮੂਲਾ ਤਿਆਰ ਕੀਤਾ ਹੈ, ਜਿਸ ਨਾਲ ਰਾਜ ਭਰ ਦੇ ਸਾਰੇ ਅਧਿਆਪਕਾਂ ਨੂੰ ਮੋਟੀਵੇਸ਼ਨ ਮਿਲੇਗੀ। ਇਸੇ ਲੜੀ ਅਧੀਨ ਹੁਣ ਕ੍ਰਿਸ਼ਨ ਕੁਮਾਰ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਲਈ ਫੇਸਬੁੱਕ 'ਤੇ ਲਾਈਵ ਹੋਣਗੇ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਦੀ ਪਿੱਠ ਥਪਥਪਾਉਣਗੇ। ਵਿਭਾਗ ਦੀ ਇਸ ਸ਼ੁਰੂਆਤ ਨਾਲ ਜਿੱਥੇ ਅਧਿਆਪਕਾਂ ਨੂੰ ਮੋਟੀਵੇਸ਼ਨ ਮਿਲੇਗੀ, ਉਥੇ ਦੁਨੀਆ ਭਰ 'ਚ ਰਹਿਣ ਵਾਲੇ ਲੋਕ ਵੀ ਪੰਜਾਬ 'ਚ ਸਰਕਾਰੀ ਸਕੂਲਾਂ ਦੀ ਬਦਲ ਰਹੀ ਦਸ਼ਾ ਦੇ ਲਾਈਵ ਦ੍ਰਿਸ਼ ਦੇਖ ਸਕਣਗੇ। ਸੈਕਟਰੀ ਨੇ ਇਸ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੀ ਕਰ ਦਿੱਤੀ ਹੈ। ਜਦ ਮੋਹਾਲੀ ਦੇ 3 ਸਰਕਾਰੀ ਸਕੂਲਾਂ 'ਚ ਜਾ ਕੇ ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ 'ਚ ਸ਼ੁਰੂ ਤੋਂ ਹੀ ਵਧੀਆ ਤੇ ਪ੍ਰਭਾਵਸ਼ਾਲੀ ਸ਼ੁਰੂਆਤ ਦੇਣ ਲਈ ਉਤਸ਼ਾਹਤ ਕੀਤਾ। ਵਿਭਾਗ ਦੇ ਫੇਸਬੁੱਕ 'ਤੇ ਬਣਾਏ ਗਏ ਅਧਿਕਾਰਕ ਪੇਜ ਤੋਂ ਲਾਈਵ ਹੁੰਦੇ ਹੋਏ ਸੈਕਟਰੀ ਐਜੂਕੇਸ਼ਨ ਨੇ ਸਕੂਲਾਂ 'ਚ ਜਿਥੇ ਅਧਿਆਪਕਾਂ ਦੇ ਕਾਰਜਾਂ 'ਤੇ ਪ੍ਰਸੰਨਤਾ ਪ੍ਰਗਟ ਕੀਤੀ, ਉਥੇ ਕਲਾਸਾਂ 'ਚ ਜਾ ਕੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਹੁਣ ਆਉਣ ਵਾਲੇ ਦਿਨਾਂ 'ਚ ਰਾਜ ਦੇ ਹੋਰ ਸਕੂਲਾਂ 'ਚ ਵੀ ਸੈਕਟਰੀ ਐਜੂਕੇਸ਼ਨ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਇਸ ਫਾਰਮੂਲੇ ਨੂੰ ਵਰਤ ਕੇ ਅਧਿਆਪਕਾਂ ਨੂੰ ਮੋਟੀਵੇਟ ਕਰਨਗੇ ਤਾਂ ਕਿ ਹੋਰ ਸਕੂਲੀ ਅਧਿਆਪਕਾਂ ਨੂੰ ਵੀ ਵੱਖ-ਵੱਖ ਜ਼ਿਲਿਆਂ ਦੇ ਸਕੂਲਾਂ 'ਚ ਹੋ ਰਹੇ ਪ੍ਰਸ਼ੰਸਾਂ ਕਾਰਜਾਂ ਨੂੰ ਦੇਖ ਕੇ ਪ੍ਰੇਰਣਾ ਮਿਲੇ। ਸਿੱਖਿਆ ਸਕੱਤਰ ਵਲੋਂ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਤ ਕਰਨਾ ਤੇ ਅਧਿਆਪਕਾਂ ਨੂੰ ਸਕੂਲਾਂ 'ਚ ਵਧੀਆ ਕਾਰਜਾਂ ਲਈ ਪ੍ਰੇਰਿਤ ਕਰਨਾ ਪੰਜਾਬ ਭਰ ਦੇ ਅਧਿਆਪਕਾਂ ਨੂੰ ਬਹੁਤ ਵਧੀਆ ਲੱਗਾ। ਸਿੱਖਿਆ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਸਮੂਹ ਜ਼ਿਲਾ ਤੇ ਬਲਾਕ ਸਿੱਖਿਆ ਅਧਿਕਾਰੀ ਸਵੇਰੇ ਸਕੂਲਾਂ 'ਚ ਜਾ ਕੇ ਅਧਿਆਪਕਾਂ ਦੀ ਹੌਸਲਾ ਹਫਜ਼ਾਈ ਕਰਨ।
ਕਮੀਆਂ ਨੂੰ ਦੂਰ ਕਰਨ ਸਕੂਲ ਪ੍ਰਮੁੱਖ
ਸੈਕਟਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਪ੍ਰੈਲ ਮਹੀਨੇ ਦੀ ਪਹਿਲੀ ਹੀ ਤਰੀਕ ਤੋਂ ਸਕੂਲਾਂ 'ਚ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ, ਜਿਨ੍ਹਾਂ ਵੀ ਸਕੂਲਾਂ 'ਚ ਇਸ ਪ੍ਰਤੀ ਅਸਾਵਧਾਨੀ ਹੈ, ਉਹ ਸਕੂਲ ਪ੍ਰਮੁੱਖ ਆਪਣੇ ਪ੍ਰਬੰਧਨ ਨੂੰ ਜਲਦ ਹੀ ਦਰੁਸਤ ਕਰ ਲੈਣ। ਉਨ੍ਹਾਂ ਕਿਹਾ ਕਿ ਰਾਜ ਭਰ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 5ਵੀਂ ਸ਼੍ਰੇਣੀ ਦੇ ਪਾਸ ਆਊਟ ਵਿਦਿਆਰਥੀ ਜੋ ਕਿ ਛੇਵੀਂ ਕਲਾਸ 'ਚ ਆਏ ਹਨ, ਉਹ ਵਧੀਆ ਢੰਗ ਨਾਲ ਆਪਣੀ ਜਾਣ-ਪਛਾਣ ਦੇ ਰਹੇ ਹਨ। ਹੁਣ ਜ਼ਿੰਮੇਵਾਰੀ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀ ਹੈ ਕਿ ਉਹ ਛੇਵੀਂ ਤੋਂ ਇਨ੍ਹਾਂ ਵਿਦਿਆਰਥੀਆਂ ਨੂੰ ਭਾਸ਼ਾ ਕੌਸ਼ਲ 'ਚ ਨਿਪੁੰਨ ਬਣਾਉਣ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            