ਕਰਫਿਊ ਦੌਰਾਨ ਲੋਕ ਘਰਾਂ ‘ਚ ਰਹਿ ਕੇ ਅੱਕੇ ਪਰ ਸੋਸ਼ਲ ਮੀਡੀਆ ਦੀ ਕਰ ਰਹੇ ਹਨ ਸੁਚੱਜੀ ਵਰਤੋਂ

04/01/2020 5:37:50 PM

ਦਮਨਜੀਤ ਕੌਰ

ਇਨ੍ਹੀਂ ਦਿਨੀਂ ਪੂਰੀ ਦੁਨੀਆਂ ਕੋਵਿਡ-19 ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਜੂਝ ਰਹੀ ਹੈ। ਇਹ ਅਜਿਹਾ ਵਾਇਰਸ ਜੋ ਚੀਨ ਚੋਂ ਫੈਲਿਆ ਹੈ ਅਤੇ ਹੁਣ ਇਟਲੀ, ਯੂ.ਐੱਸ, ਭਾਰਤ ਸਮੇਤ ਹੋਰ ਕਈ ਵੱਡੇ ਦੇਸ਼ ਇਸਦੀ ਚਪੇਟ ’ਚ ਆ ਗਏ ਹਨ। ਇਸ ਸਬੰਧ ’ਚ ਭਾਰਤ  ’ਚ ਸਰਕਾਰਾਂ ਵਲੋਂ ਸਖ਼ਤਾਈ ਕਰ ਦਿੱਤੀ ਗਈ ਹੈ। ਨਿਯਮ ਲਾਗੂ ਕੀਤੇ ਗਏ ਹਨ ਕਿ ਕੋਈ ਘਰੋਂ ਬਾਹਰ ਨਾ ਨਿਕਲੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਐਲਾਨ ਕਰ ਦਿੱਤਾ ਸੀ ਕਿ ਅਗਲੇ 21 ਦਿਨਾਂ ਤੱਕ ਭਾਰਤ ਪੂਰਨ ਤੌਰ ‘ਤੇ ਲਾਕਡਾਊਨ ਰਹੇਗਾ। ਇਸ ਦੌਰਾਨ ਕੋਈ ਘਰੋਂ ਬਾਹਰ ਨਾ ਨਿਕਲੇ, ਕਿਉਂਕਿ ਘਰੋਂ ਬਾਹਰ ਨਿਕਲਣ ’ਚ ਖ਼ਤਰਾ ਹੈ ਅਤੇ ਵਾਇਰਸ ਫੈਲਣ ਦਾ ਡਰ ਜ਼ਿਆਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ 22 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕਰਫਿਊ ਲਗਾ ਦਿੱਤਾ ਸੀ, ਕਿਉਂਕਿ ਮਨ੍ਹਾਂ ਕਰਨ ਦੇ ਬਾਵਜੂਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਸਨ ਜੋ ਗਲਤ ਹੈ। ਇਸ ਨਾਲ ਜ਼ਿਆਦਾ ਖ਼ਤਰਾ ਹੈ।

ਇਸ ਸਭ ਵਿਚ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਹਨ। ਸਭ ਤੋਂ ਵਧੀਆ ਗੱਲ, ਜੋ ਮੈਨੂੰ ਲੱਗੀ ਕਿ ਕਈ ਜ਼ਿੰਮੇਵਾਰ ਨਾਗਿਰਕ ਹੋਣ ਦੇ ਨਾਤੇ ਆਨ-ਲਾਈਨ ਸੋਸ਼ਲ ਮੀਡੀਆ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ‘ਤੇ ਲੋਕਾਂ ਨੂੰ ਕੋਰੋਨਾ ਸਬੰਧੀ ਜਾਣਕਾਰੀ ਦੇ ਕੇ ਅਤੇ ਉਸ ਪ੍ਰਤੀ ਵਰਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਕਰ ਰਹੇ ਹਨ। ਇਸ ਵਿਚ ਪੰਜਾਬ ਦੇ ਸਿਆਸਤਦਾਨ ਵੀ ਪਿੱਛੇ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਂ-ਸਮੇਂ ’ਤੇ ਆਪਣੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ‘ਤੇ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਸਾਂਝੀ ਕਰ ਰਹੇ ਹਨ ਅਤੇ ਪੰਜਾਬ ਵਾਸੀਆਂ ਨੂੰ ਹਿਦਾਇਤਾਂ ਦੇ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਕਾਂਗਰਸ ਦੇ ਰਾਜਾ ਵੜਿੰਗ, ਦਲਵੀਰ ਗੋਲਡੀ ਅਤੇ ਹੋਰ ਵੀ ਕਈ ਆਗੂ ਲੋਕਾਂ ਨੂੰ ਸੁਚੇਤ ਕਰ ਰਹੇ ਹਨ, ਜੋ ਸ਼ਲਾਘਾਯੋਗ ਹੈ। ਇਸ ਤੋਂ ਇਲਾਵਾ ਸਾਡੀ ਪੰਜਾਬੀ ਇੰਡਸਟਰੀ ਦੇ ਗਾਇਕ ਅਦਾਕਾਰ ਵੀ ਪਿੱਛੇ ਨਹੀਂ। ਬੀਨੂੰ ਢਿੱਲੋਂ, ਜਲਵਿੰਦਰ ਭੱਲਾ, ਲਖਵਿੰਦਰ ਵਡਾਲੀ, ਰਣਜੀਤ ਬਾਵਾ, ਪਰਮੀਸ਼ ਵਰਮਾ, ਗਿੱਪੀ ਗਰੇਵਾਲ ਸਣੇ ਕਈ ਅਦਾਕਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਖ਼ਤ ਹਾਲਾਤਾਂ ਦੌਰਾਨ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਹਿ ਰਹੇ ਹਨ ਤੇ ਸੁਚੇਤ ਕਰ ਰਹੇ ਹਨ ਕਿ ਫਾਲਤੂ ਦੀਆਂ ਅਫ਼ਵਾਹਾਂ ਤੋਂ ਬਚੋ।

ਪੜ੍ਹੋ ਇਹ ਖਬਰ ਵੀ - ISIS ਦਾ ਸਿੱਖਾਂ 'ਤੇ ਹਮਲਾ ਅਤੇ ਕਾਬੁਲ 'ਚੋਂ ਗੁਆਚਦੀਆਂ ਸਿੱਖੀ ਦੀਆਂ ਪੈੜਾਂ : ਕਿਸ਼ਤ -1  

ਹੁਣ ਇਸ ਸਭ ਵਿਚ ਸਾਰੇ ਆਪਣੇ ਆਪਣੇ ਘਰਾਂ ਦੇ ਅੰਦਰ ਹਨ। ਕਈ ਲੋਕ ਘਰੋਂ ‘ਵਰਕ ਫਰਾੱਮ ਹੋਮ’ ਯਾਨੀ ਘਰੇ ਰਹਿ ਕੇ ਆਪਣਾ ਦਫ਼ਤਰੀ ਕੰਮ ਕਰ ਰਹੇ ਹਨ। ਪਿਛਲੇ 3-4 ਦਿਨਾਂ ਤੋਂ ਜਿਸ ਨਾਲ ਵੀ ਫ਼ੋਨ ‘ਤੇ ਗੱਲ ਹੋਈ ਸਾਰੇ ਅੱਕੇ ਪਏ ਹਨ। ਹਰ ਕੋਈ ਇਹੀ ਕਹਿ ਰਿਹਾ ਕਿ ਇੰਨੇ ਦਿਨ ਘਰ ਅੰਦਰ ਰਹਿਣਾ ਬਹੁਤ ਔਖਾ ਕੰਮ ਹੈ। ਅੱਕ ਗਏ ਹਾਂ ਇੱਕੋ ਜਗ੍ਹਾ ਰਹਿ ਕੇ। ਕਈਆਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਉਹ ਡਿਪਰੈਸਡ ਹੋ ਗਏ ਹਨ। ਅਜਿਹਾ ਕਹਿਣ ਵਾਲਿਆਂ ਵਿਚ ਜ਼ਿਆਦਾਤਰ ਲੋਕ ਉਹ ਹਨ, ਜੋ ਆਪਣੇ ਆਪਣੇ ਘਰਾਂ ਤੋਂ ਬਾਹਰ ਕਿਸੇ ਦੂਜੇ ਸ਼ਹਿਰ ਵਿਚ ਕੰਮ ਕਰਦੇ ਹਨ ਤੇ ਉੱਥੇ ਹੀ ਰਹਿੰਦੇ ਹਨ। ਲਾਕਡਾਊਨ ’ਤੇ ਕਰਫਿਊ ਲੱਗਣ ਕਰਕੇ ਉਹ ਆਪਣੇ ਘਰ ਨਹੀਂ ਜਾ ਸਕੇ ਪਰ ਅਜਿਹੇ ਵਿਚ ਤੁਸੀਂ ਆਪਣੇ ਆਪ ਨੂੰ ਸਕਰਾਤਮਕ ਕਿਵੇਂ ਰੱਖਣਾ ਹੈ, ਇਹ ਵੀ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿਉੰਕਿ ਇਹ ਔਖਾ ਸਮਾਂ ਸਾਨੂੰ ਸਾਰਿਆਂ ਨੂੰ ਰੱਲ ਕੇ ਹੀ ਕੱਢਣਾ ਪਏਗਾ ਤੇ ਇਸ ਵਿੱਚ ਡਿਪਰੈਸਡ ਹੋਣ ਦੀ ਕੋਈ ਲੋੜ ਨਹੀਂ ਹੈ। 

ਪੜ੍ਹੋ ਇਹ ਖਬਰ ਵੀ - ਸ਼੍ਰੋਮਣੀ ਕਮੇਟੀ ਦੇ ਪ੍ਰਬੰਧਣ ’ਚ ਸਿਆਸੀ ਦਖਲ ਦੀ ਪੜਚੋਲ ਕਰਦੀਆਂ ਦੋ ਮਹੱਤਵਪੂਰਨ ਕਿਤਾਬਾਂ

ਬਹੁਤ ਤਰੀਕੇ ਹਨ, ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਰੁੱਝਿਆ ਹੋਇਆ ਰੱਖ ਸਕਦੇ ਹੋ। ਜਿਹੜੇ ਤਾਂ ਘਰੋਂ ਆਪਣਾ ਦਫ਼ਤਰੀ ਕੰਮ ਕਰ ਰਹੇ ਹਨ, ਉਨ੍ਹਾਂ ਲਈ ਤਾਂ ਹੋਰ ਸੌਖਾ ਹੈ ਕਿ ਉਨ੍ਹਾਂ ਦਾ ਕੁਝ ਕੁ ਸਮਾਂ ਤਾਂ ਘਰ ’ਚ ਆਪਣਾ ਦਫ਼ਤਰ ਦਾ ਕੰਮ ਕਰਕੇ ਨਿਕਲ ਜਾਂਦਾ ਹੋਵੇਗਾ ਅਤੇ ਬਾਕੀ ਉਹ ਆਪਣੇ ਘਰ ਦਾ ਕੁਝ ਕੰਮ ਕਰਕੇ ਸਮਾਂ ਬਿਤਾ ਲੈਂਦੇ ਹੋਣਗੇ। ਹੁਣ ਜਿਹੜੇ ਵਿਆਹੇ ਨੇ ਉਨ੍ਹਾਂ ਲਈ ਬਹੁਤ ਤਰੀਕੇ ਹਨ ਕਿ ਜੇ ਤਾਂ ਉਹ ਵੱਡੇ ਪਰਿਵਾਰ ਵਿਚ ਰਹਿੰਦੇ ਹਨ ਤਾਂ ਵਧੀਆ ਗੱਲ ਹੈ। ਤੁਹਾਡੇ ਕੋਲ ਗੱਲ ਕਰਨ ਲਈ, ਸਮਾਂ ਬਿਤਾਉਣ ਲਈ ਕਿੰਨੇ ਹੀ ਲੋਕ ਹਨ, ਹੋਰ ਤਾਂ ਹੋਰ ਤੁਸੀਂ ਬੋਰ ਨਹੀਂ ਹੋ ਸਕਦੇ, ਅਜਿਹੇ ਵਿਚ ਆਪਣੀ ਮਾਂ, ਪਤਨੀ, ਭੈਣ ਦਾ ਰਸੋਈ ਦੇ ਕੰਮਾਂ ਵਿਚ ਹੱਥ ਵਟਾਓ, ਘਰ ਦੀ ਸਾਫ਼-ਸਫ਼ਾਈ, ਬੱਚਿਆਂ ਨਾਲ ਸਮਾਂ ਬਿਤਾਓ। ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ। ਘਰੇ ਬੈਠ ਕੇ ਸਾਰਿਆਂ ਨਾਲ ਅੰਤਾਕਸ਼ਰੀ ਵਗੈਰਾ ਜਾਂ ਕੋਈ ਹੋਰ ਖੇਡ ਖੇਡੋ, ਜੋ ਘਰ ਦੇ ਅੰਦਰ ਬੈਠ ਕੇ ਖੇਡੀ ਜਾ ਸਕੇ ਜਾਂ ਟੀਵੀ ਦੇਖ ਲਓ। 

ਪੜ੍ਹੋ ਇਹ ਖਬਰ ਵੀ - ਕੋਰੋਨਾ ਵਾਇਰਸ : ਮਨੁੱਖ ਜਾਤੀ ਲਈ ਪ੍ਰਕੋਪ ਅਤੇ ਕੁਦਰਤ ਲਈ ਮੁੜ-ਵਸੇਬਾ      

ਪੜ੍ਹੋ ਇਹ ਖਬਰ ਵੀ - ਕਰਫਿਊ ਦੌਰਾਨ ਬਟਾਲਾ ’ਚ ਵੱਡੀ ਵਾਰਦਾਤ : ਡਰੇਨ 'ਚੋਂ ਮਿਲੀ ਨੌਜਵਾਨ ਦੀ ਅੱਧ-ਸੜੀ ਲਾਸ਼ 

ਹੁਣ ਕਈ ਉਹ ਲੋਕ ਵੀ ਹਨ, ਜੋ ਆਪਣੇ ਘਰਾਂ ਤੋਂ ਦੂਰ ਹਨ ਅਤੇ ਪੀਜੀ, ਫਲੈਟਾਂ ਵਿਚ ਰਹਿ ਰਹੇ ਹਨ। ਕਰਫਿਊ ਦੇ ਕਾਰਨ ਉਹ ਘਰ ਨਹੀਂ ਜਾ ਸਕੇ, ਉਨ੍ਹਾਂ ਲਈ ਸਮਾਂ ਕੱਢਣਾ ਥੋੜਾ ਔਖਾ ਹੋ ਸਕਦਾ ਹੈ ਪਰ ਜੇਕਰ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਕੋਈ ਔਖਾ ਕੰਮ ਨਹੀਂ। ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ, ਆਪਣੇ ਦੋਸਤਾਂ ਨਾਲ ਵੀਡੀਓ ਕਾਲਸ ਜਾਂ ਫੋਨ ਕਰਦੇ ਰਹੋ। ਟੀਵੀ ਦੇਖੋ, ਜੇ ਕਿਸੇ ਕੋਲ ਟੀਵੀ ਨਹੀਂ ਹੈ ਤਾਂ ਫੋਨ ‘ਤੇ ਕੁਝ ਵਧੀਆ ਦੇਖ ਲਓ। ਇਸ ਸਮੇਂ ਨੈੱਟਫਲਿਕਸ, ਐਮੇਜ਼ੋਨ ਪ੍ਰਾਈਮ ਵੀਡੀਓ ਵਰਗੀਆਂ ਐਪਸ ਤੁਹਾਡਾ ਸਾਥ ਵਧੀਆ ਦੇ ਸਕਦੀਆਂ ਹਨ। ਇਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਫ਼ਿਲਮਾਂ ਅਤੇ ਸ਼ੋਅਜ਼ ਨੇ, ਜੋ ਤੁਹਾਡਾ ਸਮਾਂ ਲੰਘਾਉਣ ’ਚ ਤੁਹਾਡੀ ਮਦਦ ਕਰ ਸਕਦੇ ਹਨ। ਹੋਰ ਤਾਂ ਹੋਰ ਸੋਸ਼ਲ ਮੀਡੀਆ ’ਤੇ ਤਾਂ ਲੋਕ ਆੱਨਲਾਈਨ ਖੇਡਾਂ ਖੇਡ ਕੇ ਆਪਣਾ ਮਨ ਪਰਚਾਵਾ ਕਰ ਰਹੇ ਹਨ ਤੇ ਇੱਕ ਦੂਜੇ ਨਾਲ ਸਮਾਂ ਬਿਤਾ ਰਹੇ ਹਨ। ਇੰਸਟਾਗ੍ਰਾਮ ‘ਤੇ ਲੋਕ ਆਪਣੀਆਂ ਸਟੋਰੀਜ਼ ਵਿਚ ਇਕ ਦੂਜੇ ਨੂੰ ਅੱਗੇ ਦੇ ਅੱਗੇ ਟੈਗ ਕਰਕੇ ਇਹ ਕਹਿ ਰਹੇ ਹਨ ਕਿ ਆਪਣੀ ਜਾਂ ਉਨ੍ਹਾਂ ਦੀ ਕੋਈ ਵੀ ਫੋਟੋ ਪਾ ਕੇ ਦੋ ਚਾਰ ਲਾਈਨਾਂ ਉਨ੍ਹਾਂ ਬਾਰੇ ਲਿਖੋ ਤੇ ਅੱਗੇ ਹੋਰ ਲੋਕਾਂ ਨੂੰ ਵੀ ਇਹ ਟੈਗ ਕਰਨ ਲਈ ਕਹੋ ਤੇ ਇਸ ਤਰ੍ਹਾਂ ਇਹ ਖੇਡ ਅੱਗੇ ਦੀ ਅੱਗੇ ਤੁਰਦੀ ਹੈ ਤੇ ਸੱਚ ਮੰਨੋ ਇਸ ਵਿੱਚ ਮੈਂ ਵੀ ਹਿੱਸਾ ਲਿਆ, ਕਈ ਤਾਂ ਇੰਸਟਾਗ੍ਰਾਮ ‘ਤੇ ‘ਮੈਨੂੰ ਸਵਾਲ ਪੁੱਛੋ’ ਵਾਲੀ ਖੇਡ ਖੇਡ ਰਹੇ ਹਨ ਤੇ ਫਿਰ ਜੋ ਉਨ੍ਹਾਂ ਨੂੰ ਸਵਾਲ ਪੁੱਛੇ ਜਾਂਦੇ ਹਨ ਉਹ ਫਿਰ ਉਨ੍ਹਾਂ ਦਾ ਜਵਾਬ ਦੇ ਰਹੇ ਹਨ। ਕਈ ਤਾਂ ਆੱਨਲਾਈਨ ਇੱਕ ਦੂਜੇ ਨੂੰ ਟੈਗ ਕਰਕੇ ਅੰਤਾਕਸ਼ਰੀ ਖੇਡ ਰਹੇ ਹਨ ਤੇ ਅੱਗੇ ਦੇ ਅੱਗੇ ਲੋਕਾਂ ਨੂੰ ਟੈਗ ਕਰ ਰਹੇ ਹਨ। ਕਈ ਆਨਲਾਈਨ ਹੋ ਕੇ ਕੁਝ ਨਵਾਂ ਖਾਣ ਦੀਆਂ ਚੀਜ਼ਾਂ ਬਣਾ ਰਹੇ ਹਨ ਤੇ ਲਾਈਵ ਹੋ ਕੇ ਜਾਂ ਪੋਸਟ ਪਾ ਕੇ ਲੋਕਾਂ ਨਾਲ ਆਪਣੀਆਂ ਰੈਸੇਪੀਸ ਸਾਂਝੀਆਂ ਕਰ ਰਹੇ ਹਨ।

ਕਈ ਆਪਣੇ ਆਪਣੇ ਮਨਪਸੰਦੀਦਾ ਗਾਣਿਆਂ ‘ਤੇ ਡਾਂਸ ਦੀ ਵੀਡੀਓ ਪਾ ਕੇ ਇਕ ਦੂਜੇ ਨੂੰ ਟੈਗ ਕਰ ਰਹੇ ਹਨ ਕਿ ਉਹ ਵੀ ਆਪਣੇ ਕਿਸੇ ਮਨਪਸੰਦੀਦਾ ਗਾਣੇ ‘ਤੇ ਡਾਂਸ ਕਰਕੇ ਵੀਡੀਓ ਪਾਵੇ ਅਤੇ ਅੱਗੇ ਦੇ ਅੱਗੇ ਲੋਕਾਂ ਨੂੰ ਟੈਗ ਕਰੇ। ਇਹ ਸਭ ਪਹਿਲਾਂ ਆਨਲਾਈਨ ਹੁੰਦਾ ਸੀ ਪਰ ਅੱਜ ਜਦੋਂਕਿ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਹੈ ਅਤੇ ਲੋਕ ਘਰਾਂ ਅੰਦਰ ਹੀ ਆੱਨਲਾਈਨ ਗਤੀਵਿਧੀਆਂ ਦਾ ਲਾਹਾ ਲੈ ਰਹੇ ਹਨ ਅਤੇ ਟਾਈਮ ਪਾਸ ਕਰ ਰਹੇ ਹਨ। ਇਕ ਗੱਲ ਹੋਰ ਇਨ੍ਹਾਂ ਹਾਲਾਤਾਂ ਵਿਚ ਇਕ ਦੂਜੇ ਦਾ ਸਾਥ ਨਾ ਛੱਡੋ, ਫ਼ੋਨ ਕਰਦੇ ਰਹੋ, ਹਾਲ-ਚਾਲ ਪੁੱਛਦੇ ਰਹੋ ਇੰਨੇ ਕੁ ਨਾਲ ਇਕ ਦੂਜੇ ਨੂੰ ਬੜਾ ਹੌਂਸਲਾ ਮਿਲ ਜਾਂਦਾ ਹੈ। ਬਾਕੀ ਇਹੀ ਅਰਦਾਸ ਹੈ ਕਿ ਇਹ ਹਾਲਾਤ ਜਲਦ ਤੋਂ ਜਲਦ ਠੀਕ ਹੋਣ ਤੇ ਸਭ ਕੁੱਝ ਪਹਿਲਾਂ ਦੀ ਤਰ੍ਹਾਂ ਹੋਵੇ। ਇਹ ਆਰਟਿਕਲ ਲਿਖਣ ਦਾ ਮਕਸਦ ਬਸ ਇੰਨਾ ਕੁ ਸੀ ਕਿ ਸਾਰੇ ਸਕਰਾਤਮਕ ਰਹੋ, ਇਹ ਸਮਾਂ ਔਖਾ ਜ਼ਰੂਰ ਹੈ ਪਰ ਜਲਦੀ ਨਿਕਲ ਜਾਵੇਗਾ। ਸਰਕਾਰ ਤੇ ਸਿਹਤ ਵਭਾਗ ਵਲੋਂ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦੀ ਪਾਲਣਾ ਕਰੋ, ਕਿਉਂਕਿ ਇਹ ਤੁਹਾਡੇ ਭਲੇ ਲਈ ਹਨ। ਘਰੋਂ ਬਾਹਰ ਨਾ ਜਾਓ, ਕਿਉਂਕਿ ਬਾਹਰ ਨਿਕਲਣ ਨਾਲ ਵਾਇਰਸ ਦੇ ਫੈਲਣ ਦਾ ਖ਼ਤਰਾ ਜ਼ਿਆਦਾ ਹੈ। ਜਾਨ ਹੈ ਤਾਂ ਜਹਾਨ ਹੈ। 

ਦਮਨਜੀਤ ਕੌਰ
7307247842

 


rajwinder kaur

Content Editor

Related News